Showing posts with label ਡੇਰਾ. Show all posts
Showing posts with label ਡੇਰਾ. Show all posts

31 May, 2007

ਗੁਰਮਤੇ ਤੋਂ ਬਾਅਦ ਪੰਜਾਬ ਕਿਸ ਦਿਸ਼ਾ ਵੱਲ ਜਾੲੇਗਾ?

‘ਟਕਰਾਅ ਅਤੇ ਹਿੰਸਾ ਦਾ ਖ਼ਤਰਾ ਟਲਿਆ, ਸਾਵਾਂ ਮਾਹੌਲ ਬਣਾਉਣ ਲਈ ਰਾਹ ਖੁੱਲ੍ਹਿਆ। ਕਸ਼ਮਕਸ਼ ਚਲਦੀ ਰਹੇਗੀ, ਧੂਣੀ ਧੁਖਦੀ ਰਹੇਗੀ। ਕਿਸੇ ਵੇਲੇ ਵੀ ਚੰਗਿਆੜੀ ਲੱਗਣ ਦਾ ਖ਼ਦਸ਼ਾ ਰਹੇਗਾ। ਅਮਨ ਤੇ ਸਦਭਾਵਨਾ ਲਈ ਚੌਕਸੀ ਤੇ ਪਹਿਰੇਦਾਰੀ ਰੱਖਣੀ ਪਵੇਗੀ।’ ਇਹ ਸਤਰਾਂ ਪੰਜਾਬ ਦੀ ਤਾਜ਼ਾ ਸਥਿਤੀ ਦਾ ਨਿਚੋੜ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 29 ਮਈ ਨੂੰ ਜੋ ਗੁਰਮਤਾ ਜਾਰੀ ਹੋਇਆ ਹੈ, ਇਸ ਨਾਲ ਜਿਥੇ ਡੇਰਾ ਸੱਚਾ ਸੌਦਾ ਵਿਵਾਦ ਨਾਲ ਜੁੜੀਆਂ ਬਹੁਤੀਆਂ ਧਿਰਾਂ ਅਤੇ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਰਾਹਤ ਮਿਲੀ ਹੈ, ਉਥੇ ਬਾਦਲ ਸਰਕਾਰ ਨੇ ਵੀ ਸੁਖ ਦਾ ਸਾਹ ਲਿਆ ਹੈ। ਡੇਰਾ ਪ੍ਰਬੰਧਕਾਂ ਵੱਲੋਂ ਜਿਸ ਤਰਾਂ ਦਾ ਮੁਆਫ਼ੀਨਾਮਾ ਜਾਰੀ ਕੀਤਾ ਸੀ, ਇਸ ਤੋਂ ਇਹੀ ਉਮੀਦ ਸੀ ਕਿ ਸਿੱਖ ਧਾਰਮਿਕ ਨੇਤਾਵਾਂ ਦਾ ਪ੍ਰਤੀਕਰਮ ਵੀ ਵਿਚਲੇ ਰਾਹ ਵਾਲਾ ਹੀ ਹੋਵੇਗਾ। ਇਸ ਗੁਰਮਤੇ ਵਿਚ ਜਿਥੇ ਆਪਣੀ ਸਿਧਾਂਤਕ ਅਤੇ ਅਸੂਲੀ ਪੁਜ਼ੀਸ਼ਨ ਬਰਕਰਾਰ ਰੱਖੀ ਗਈ ਹੈ, ਉਥੇ ਡੇਰੇ ਖਾਲੀ ਕਰਾਉਣ ਦੇ ਮੁੱਦੇ ’ਤੇ ਟਕਰਾਅ ਵਾਲੀ ਸਥਿਤੀ ਨੂੰ ਟਾਲਣ ਅਤੇ ਅਮਨ ਤੇ ਸਦਭਾਵਨਾ ਬਣਾਈ ਰੱਖਣ ਦੀ ਸਮੁੱਚੇ ਸਿੱਖ-ਜਗਤ ਦੀ ਭਾਵਨਾ ਨੂੰ ਵੀ ਰੂਪਮਾਨ ਕੀਤਾ ਗਿਆ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਪੰਜਾਬ ਵਿਚ ਜੋ ਕੁਝ ਵਾਪਰਿਆ ਸੀ, ਇਸ ਨਾਲ ਆਮ ਲੋਕਾਂ ਅਤੇ ਖ਼ਾਸ ਕਰਕੇ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿਚ ਅਤੇ ਦੇਸ਼ ਵਿਦੇਸ਼ ਵਿਚ ਬੈਠੇ ਸਿੱਖ ਪਰਿਵਾਰਾਂ ਲਈ ਚਿੰਤਾ ਖੜ੍ਹੀ ਹੋ ਗਈ ਸੀ ਕਿ ਕਿਤੇ ਪੰਜਾਬ ਵਿਚ ਮੁੜ ਉਹੀ ਕਾਲਾ ਦੌਰ ਨਾ ਪਰਤ ਆਵੇ ਜਿਸ ਦਾ ਸੰਤਾਪ ਦੋ ਦਹਾਕੇ ਸਭ ਨੇ ਭੋਗਿਆ ਸੀ। ਇਸੇ ਖ਼ਦਸ਼ੇ ਨੂੰ ਮੁੱਖ ਰਖਦਿਆਂ ਹਰ ਪਾਸਿਓਂ ਸੂਝਵਾਨ ਅਤੇ ਲੋਕਤੰਤਰ ਵਿਚ ਭਰੋਸਾ ਰੱਖਣ ਵਾਲੀਆਂ ਸਾਰੀਆਂ ਸਿਆਸੀ ਤੇ ਗ਼ੈਰ-ਸਿਆਸੀ ਧਿਰਾਂ ਅਤੇ ਹਸਤੀਆਂ ਵੱਲੋਂ ਸਭ ਤੋਂ ਵੱਧ ਅਹਿਮੀਅਤ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਨੂੰ ਦਿੱਤੀ ਜਾ ਰਹੀ ਸੀ। ਉਂਜ ਵੀ ਮੌਜੂਦਾ ਵਿਸ਼ਵ-ਵਿਆਪੀ ਕਰਨ ਦੇ ਦੌਰ ਵਿਚ ਮੂਲਵਾਦ ਅਤੇ ਹਿੰਸਾ ਦਾ ਸੰਸਾਰ ਭਰ ਵਿਚ ਵਿਰੋਧ ਹੋ ਰਿਹਾ ਹੈ ਕਿਉਂਕਿ ਵਿਕਾਸ ਅਤੇ ਖ਼ੁਸ਼ਹਾਲੀ ਨਾਲ ਇਸ ਦਾ ਸਿੱਧਾ ਟਕਰਾਅ ਬਣ ਜਾਂਦਾ ਹੈ। ਇਸ ਗੁਰਮਤੇ ਦੀ ਇਸ ਪੱਖੋਂ ਵੀ ਅਹਿਮੀਅਤ ਹੈ ਕਿ ਇਸ ਨੇ ਧਰਮ-ਨਿਰਪੱਖਤਾ ਅਤੇ ਸਿੱਖ ਧਰਮ ਦੇ ਸਤਿਕਾਰ ਲਈ ਸੰਵਿਧਾਨਕ ਢੰਗ-ਤਰੀਕਿਆਂ ’ਤੇ ਵੀ ਜ਼ੋਰ ਦਿੱਤਾ ਹੈ। ਸ਼ਾਂਤਮਈ ਸਿੱਖ ਸੰਘਰਸ਼ ਜਾਰੀ ਰੱਖਣ ਦੇ ਐਲਾਨ ਦਾ ਸਿੱਧਾ ਅਰਥ ਇਹ ਹੈ ਕਿ ਇਸ ਪਹੁੰਚ ਰਾਹੀਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਮੌਜੂਦਾ ਸਿੱਖ ਭਾਵਨਾਵਾਂ ਅਤੇ ਸੰਘਰਸ਼ ਨੂੰ ਤੱਤੇ, ਕਥਿਤ ਗਰਮ ਖ਼ਿਆਲੀ ਜਾਂ ਸਿੱਖ ਭਾਈਚਾਰੇ ਨੂੰ ਬਲਦੀ ਦੇ ਬੂਥੇ ਦੇਣ ਵਾਲੀ ਕੋਈ ਵੀ ਧਿਰ ਹਾਈਜੈਕ ਨਾ ਕਰ ਸਕੇ। ਜਿਨ੍ਹਾਂ ਵੀ ਧਾਰਮਿਕ, ਸਿਆਸੀ, ਗ਼ੈਰ-ਸਿਆਸੀ ਧਿਰਾਂ ਜਾਂ ਪ੍ਰਮੁੱਖ ਹਸਤੀਆਂ ਨੇ ਸਿੰਘ ਸਾਹਿਬਾਨ ਨੂੰ ਅਜਿਹੀ ਯਥਾਰਥਕ ਪਹੁੰਚ ਅਪਣਾਉਣ ਲਈ ਰਾੲੇ ਦਿੱਤੀ ਜਾਂ ਸਥਿਤੀ ਨੂੰ ਮੋੜਾ ਪਾਉਣ ਵਿਚ ਆਪਣਾ ਯੋਗਦਾਨ ਪਾਇਆ, ਉਨ੍ਹਾਂ ਦੇ ਮਨ ਵਿਚ ਜ਼ਰੂਰ ਹੀ ਅੱਠਵੇਂ ਦਹਾਕੇ ਦੇ ਉਸ ਸਮੇਂ ਯਾਦਾਂ ਹੋਣਗੀਆਂ ਜਦੋਂ ਸਿੱਖ ਅੰਦੋਲਨ ਅਜਿਹੇ ਰਾਹ ਪੈ ਗਿਆ ਸੀ ਜਿਸ ’ਤੇ ਰਵਾਇਤੀ ਧਾਰਮਿਕ ਅਤੇ ਸਿੱਖ ਲੀਡਰਸ਼ਿਪ ਦਾ ਕੋਈ ਕੰਟਰੋਲ ਨਹੀਂ ਸੀ ਰਿਹਾ। ਧਾਰਮਿਕ ਲੀਡਰਸ਼ਿਪ ਵੱਲੋਂ ਆਤਮ-ਚਿੰਤਨ ਕਰਨ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮੁਹਿੰਮ ਚਲਾਉਣ ਦੇ ਫ਼ੈਸਲੇ ’ਤੇ ਤਾਂ ਕੋਈ ਕਿੰਤੂ-ਪ੍ਰੰਤੂ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਗੁਰੂਡੰਮ੍ਹ ਅਤੇ ਡੇਰਾਵਾਦ ਦੇ ਖਿਲਾਫ਼ ਮੁਹਿੰਮ ਲਈ ਜੇਕਰ ਕੋਈ ਵੀ ਸੱਚਮੁੱਚ ਗੰਭੀਰ ਹੈ ਤਾਂ ਉਸ ਨੂੰ ਇਹੀ ਲੋਕਤੰਤਰੀ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਇਸ ਸਾਰੇ ਵਿਵਾਦ ਵਿਚ ਸਰਬਧਰਮ ਕਮੇਟੀ ਅਤੇ ਖ਼ਾਸ ਕਰਕੇ ਆਰੀਆ ਸਮਾਜੀ ਨੇਤਾ ਸਵਾਮੀ ਅਗਨੀਵੇਸ਼ ਨੇ ਦਿਆਨਤਦਾਰੀ ਨਾਲ ਉਲਝੇ ਮਸਲੇ ਨੂੰ ਸੁਲਝਾਉਣ ਲਈ ਜੋ ਯਤਨ ਕੀਤੇ, ਉਹ ਬਾਕੀ ਧਾਰਮਿਕ ਨੇਤਾਵਾਂ ਲਈ ਰਾਹ-ਦਰਸਾਵਾ ਹਨ।
ਅੱਗੋਂ ਕੀ ਹੋੲੇਗਾ?
ਬੇਸ਼ੱਕ ਸਿੱਖਾਂ ਦੇ ਧਾਰਮਿਕ ਮੁਖੀਆਂ ਦੀ ਠਰ੍ਹੰਮੇ ਭਰੀ ਪਹੁੰਚ ਨਾਲ ਇਕ ਵਾਰ ਡੇਰਾ ਸੱਚਾ ਸੌਦਾ ਦੇ ਮੁੱਦੇ ’ਤੇ ਸਿੱਧੇ ਟਕਰਾਅ ਤੇ ਹਿੰਸਾ ਦਾ ਖ਼ਤਰਾ ਟਲ ਗਿਆ ਹੈ ਅਤੇ ਪਹਿਲਾਂ ਨਾਲੋਂ ਤਣਾਅ ਵੀ ਘੱਟ ਹੋਇਆ ਹੈ ਪ੍ਰੰਤੂ ਇਹ ਸਮਝ ਲੈਣਾ ਖ਼ੁਸ਼ਫ਼ਹਿਮੀ ਹੋਵੇਗੀ ਕਿ ਇਹ ਮੁੱਦਾ ਖ਼ਤਮ ਹੋ ਗਿਆ ਹੈ ਜਾਂ ਹਮੇਸ਼ਾ ਠੰਢ ਵਰਤੀ ਰਹੇਗੀ। ਡੇਰਾ ਮੁਖੀ ਵੱਲੋਂ ਦਸਵੇਂ ਗੁਰੂ ਦੀ ਬੇਅਦਬੀ ਸਬੰਧੀ ਛਿੜੇ ਵਿਵਾਦ ਬਾਰੇ ਮੰਗੀ ਮੁਆਫ਼ੀ ਵਿਚ ਵਿੰਗ-ਟੇਢ ਪਾਉਣ ਅਤੇ ਚਲਾਕੀ ਖੇਡਣ ਦਾ ਪ੍ਰਭਾਵ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦੇ ਦਿੱਤੇ ਗੲੇ ਸੱਦੇ ਕਾਰਨ ਸਿੱਖ ਭਾਈਚਾਰੇ ਦੇ ਮਨਾਂ ਵਿਚ ਡੇਰਾ ਮੁਖੀ ਬਾਰੇ ਵਿਰੋਧੀ ਭਾਵਨਾਵਾਂ ਬਰਕਰਾਰ ਰਹਿਣ ਦੇ ਸਿੱਟੇ ਵਜੋਂ ਦੋਵਾਂ ਧਿਰਾਂ ਅੰਦਰ ਵਿਰੋਧ ਦੀ ਧੂਣੀ ਧੁਖਦੀ ਰਹੇਗੀ। ਧਾਰਮਿਕ ਅਤੇ ਸਿਆਸੀ ਹਲਕਿਆਂ ਦਾ ਇਹ ਮੰਨਣਾ ਹੈ ਕਿ ਡੇਰਾ ਮੁਖੀ ਲਈ ਘੱਟੋ-ਘੱਟ ਤਿੰਨ ਮੌਕੇ ਅਜਿਹੇ ਆੲੇ ਸਨ ਜਦੋਂ ਉਹ ਸਪੱਸ਼ਟ ਅਤੇ ਸਿੱਧੀ ਮੁਆਫ਼ੀ ਸਿੱਖ ਸੰਗਤ ਤੋਂ ਮੰਗ ਕੇ ਵਡੱਤਣ ਦਿਖਾ ਸਕਦੇ ਸਨ ਪਰ ਉਹ ਅਜਿਹਾ ਨਹੀਂ ਕਰ ਸਕੇ। ਇਸ ਦੇ ਕਾਰਨ ਭਾਵੇਂ ਕੋਈ ਵੀ ਹੋਣ ਪਰ ਇਸ ਸਥਿਤੀ ਦੇ ਲਮਕਣ ਨਾਲ ਉਨ੍ਹਾਂ ਦਾ ਹੀ ਵਧੇਰੇ ਨੁਕਸਾਨ ਹੋਣ ਦੇ ਆਸਾਰ ਹਨ। ਪਹਿਲੀ ਗੱਲ ਇਹ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਦਰਜ ਕੀਤੇ ਕੇਸ ਦੀ ਤਲਵਾਰ ਵੀ ਲਟਕਦੀ ਰਹੇਗੀ। ਦੂਜਾ ਸਿੱਖ ਭਾਈਚਾਰੇ ਵੱਲੋਂ ਡੇਰਾ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਅਤੇ ਤੀਜਾ ਪ੍ਰੇਮੀਆਂ ਨੂੰ ਵਾਪਸ ਸਿੱਖ ਧਰਮ ਵਿਚ ਲਿਆਉਣ ਦੀ ਮੁਹਿੰਮ ਡੇਰਾ ਮੁਖੀ ਲਈ ਘਾਟੇ ਵਾਲੀ ਹਾਲਤ ਪੈਦਾ ਕਰਦੀ ਰਹੇਗੀ। ਖ਼ਾਸ ਕਰਕੇ ਪੰਜਾਬ ਵਿਚ ਇਸ ਡੇਰੇ ਦੇ ਪੈਰੋਕਾਰਾਂ ਦੀਆਂ ਸਰਗਰਮੀਆਂ ਦਾ ਸੀਮਿਤ ਹੋਣਾ ਸੁਭਾਵਿਕ ਹੈ। ਧਾਰਮਿਕ ਪ੍ਰਚਾਰ ਮੁਹਿੰਮ ਦੌਰਾਨ ਇਹ ਗੱਲ ਯਕੀਨੀ ਬਣਾਈ ਜਾਣੀ ਜ਼ਰੂਰੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਜ਼ਬਰਦਸਤੀ ਜਾਂ ਦਬਾਅ ਹੇਠ ਆਪਣਾ ਮਤ ਛੱਡਣ ਜਾਂ ਬਦਲਣ ਲਈ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਹਰੇਕ ਨਾਗਰਿਕ ਨੂੰ ਕਿਸੇ ਵੀ ਧਰਮ ਜਾਂ ਮਤ ਨੂੰ ਮੰਨਣ ਜਾਂ ਅਪਣਾਉਣ ਦਾ ਬੁਨਿਆਦੀ ਹੱਕ ਹੋਣਾ ਚਾਹੀਦਾ ਹੈ। ਸਿੱਖ ਧਰਮ ਵੀ ਇਸੇ ਧਾਰਨਾ ਦਾ ਮੁਦਈ ਹੈ। ਜਿਥੋਂ ਤੱਕ ਬਾਦਲ ਸਰਕਾਰ ਅਤੇ ਅਮਨ-ਕਾਨੂੰਨ ਦੀ ਸਥਿਤੀ ਦਾ ਸਵਾਲ ਹੈ, ਇਸ ਪੱਖੋਂ ਅਵੇਸਲਾਪਨ ਖ਼ਤਰਨਾਕ ਹੋਵੇਗਾ। ਹਰ ਵੇਲੇ ਚੌਕਸੀ ਰੱਖਣੀ ਪਵੇਗੀ ਕਿਉਂਕਿ ਕਿਸੇ ਵੇਲੇ ਵੀ ਦੋਵਾਂ ਧਿਰਾਂ ਵਿਚਕਾਰ ਮੁੜ ਤਣਾਅ ਅਤੇ ਟਕਰਾਅ ਹੋ ਸਕਦਾ ਹੈ ਜਾਂ ਕੋਈ ਜਜ਼ਬਾਤੀ, ਸ਼ਰਾਰਤੀ ਜਾਂ ਬਾਦਲ ਵਿਰੋਧੀ ਧੜਾ ਜਾਂ ਵਿਅਕਤੀ ਪੈਦਾ ਹੋਈ ਧਮਾਕਾਖੇਜ਼ ਸਥਿਤੀ ਦਾ ਲਾਹਾ ਲੈਣ ਲਈ ਕਿਸੇ ਡੇਰੇ ਜਾਂ ਡੇਰਾ ਪ੍ਰੇਮੀਆਂ ਨੂੰ ਹਮਲੇ ਦਾ ਸ਼ਿਕਾਰ ਬਣਾ ਸਕਦਾ ਹੈ। ਸਿੱਟੇ ਵਜੋਂ ਕਿਸੇ ਵੀ ਥਾਂ ’ਤੇ ਭੜਕਾਹਟ ਪੈਦਾ ਹੋ ਸਕਦੀ ਹੈ। ਇਸ ਦਾ ਸਿਆਸੀ ਕਾਰਨ ਵੀ ਮੌਜੂਦ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮਾਲਵੇ ਵਿਚਲੇ ਨੇਤਾਵਾਂ ਅਤੇ ਵਰਕਰਾਂ ਅੰਦਰ ਸੱਚਾ ਸੌਦਾ ਪ੍ਰੇਮੀਆਂ ਵੱਲੋਂ ਕਾਂਗਰਸ ਨੂੰ ਜਿਤਾਉਣ ਲਈ ਵੋਟਾਂ ਪਾਉਣ ਦੀ ਯਾਦ ਅਜੇ ਤਾਜ਼ਾ ਹੈ। ਭਾਵੇਂ ਬਾਦਲ ਸਰਕਾਰ ਨੇ ਸ਼ੁਰੂ ਵਿਚ ਕੁਝ ਢਿੱਲਮੱਠ ਦਿਖਾਈ ਸੀ ਪਰ ਬਾਅਦ ਵਿਚ ਸਾਰੀ ਸਿਆਸੀ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਹਰਕਤ ਵਿਚ ਲਿਆ ਕੇ ਪੰਜਾਬ ਦੀ ਭੜਕੀ ਹੋਈ ਸਥਿਤੀ ਨੂੰ ਦ੍ਰਿੜ੍ਹ ਇਰਾਦੇ ਪਰ ਲਚਕਦਾਰ ਪਹੁੰਚ ਨਾਲ ਸਰਕਾਰ ਸੁਖਾਵਾਂ ਮੋੜ ਦੇਣ ਵਿਚ ਸਫ਼ਲ ਰਹੀ ਹੈ ਪ੍ਰੰਤੂ ਅਜੇ ਵੀ ਸਰਕਾਰ ਵਾਸਤੇ ਇਹ ਚੁਣੌਤੀ ਖੜ੍ਹੀ ਹੈ ਕਿ ਕਿਸੇ ਵੇਲੇ ਵੀ ਕਿਤੇ ਵੀ ਧੁਖਦੀ ਧੂਣੀ ਚੰਗਿਆੜੀ ਬਣ ਸਕਦੀ ਹੈ।

ਬਲਜੀਤ ਬੱਲੀ
(ਰੋਜ਼ਾਨਾ ਅਜੀਤ ਜਲੰਧਰ)

ਸਿੰਘ ਸਾਹਿਬਾਨ ਦੇ ਫੁਰਮਾਨ ਤੋਂ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ-ਸੁਆਮੀ

‘ਡੇਰਾ ਮੁਖੀ’ ਦੀ ਹੋਸ਼ ਟਿਕਾਣੇ ਆ ਜਾਵੇਗੀ

ਪੰਜਾਬ ਤੋਂ ਖੂਨੀ ਟਕਰਾਅ ਟਲ ਗਿਆ

ਸਰਵ ਧਰਮ ਪ੍ਰਤੀਨਿਧ ਮੰਡਲ ਦੇ ਆਗੂ ਸੁਆਮੀ ਅਗਨੀਵੇਸ਼ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਸਿਰਸਾ ਡੇਰੇ ਦੇ ਵਿਵਾਦ ਨੂੰ ਹੱਲ ਕਰਨ ਲਈ ਕੱਲ੍ਹ ਅੰਮ੍ਰਿਤਸਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਉਨ੍ਹਾਂ ਦੇ ਸਾਥੀ ਸਿੰਘ ਸਾਹਿਬਾਨ ਨੇ ਜੋ ਫੁਰਮਾਨ ਜਾਰੀ ਕੀਤਾ ਹੈ, ਮੈਂ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ, ਕਿਉਂਕਿ ਇਸ ਨਾਲ ‘ਖੂਨੀ ਟਕਰਾਅ’ ਟਲ ਗਿਆ ਹੈ। ਇਹ ਫੁਰਮਾਨ ਉਨ੍ਹਾਂ ਸਾਜ਼ਿਸ਼ੀ ਲੋਕਾਂ ਦੇ ਮੂੰਹ ’ਤੇ ਕਰਾਰਾ ਥੱਪੜ ਹੈ ਜੋ ਇਕ ਵਾਰ ਫਿਰ ਪੰਜਾਬ ਨੂੰ ਕਾਲੇ ਦੌਰ ਵਿਚ ਧੱਕਣਾ ਚਾਹੁੰਦੇ ਸਨ। ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹੋੲੇ ਇਸ ਪ੍ਰਸਿੱਧ ਆਰੀਆ ਸਮਾਜੀ ਆਗੂ ਨੇ ਕਿਹਾ ਕਿ ਇਹ ਫੁਰਮਾਨ ਉਨ੍ਹਾਂ ਲੋਕਾਂ ਦੀ ਜਿੱਤ ਹੈ ਜੋ ਪੰਜਾਬ ਵਿਚ ਅਮਨ-ਚੈਨ ਤੇ ਸੱਤੇ ਖੈਰਾਂ ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਸ ਫੁਰਮਾਨ ’ਤੇ ਲਗਨ ਤੇ ਇਮਾਨਦਾਰੀ ਨਾਲ ਅਮਲ ਕਰਨ ਸਮੇਂ ਉਕਤ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਹੋਸ਼ ਟਿਕਾਣੇ ਆ ਜਾਵੇਗੀ। ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਸਮੇਂ ਮੁਆਫੀ ਮੰਗਣ ਲਈ ਨਿਮਰਤਾ ਨਹੀਂ ਦਿਖਾਈ। ਵਾਹਿਗੁਰੂ ਉਸ ਨੂੰ ਸੁਮੱਤ ਬਖਸ਼ੇ, ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੇ ‘ਗੁਰਮਤਿ ਲਹਿਰ’ ਚਲਾਉਣ ਦਾ ਜੋ ਸੰਦੇਸ਼ ਦਿੱਤਾ ਹੈ, ਉਸ ਨਾਲ ਉਨ੍ਹਾਂ ਲੋਕਾਂ ਲਈ ਆਪੋ-ਆਪਣੇ ਧਰਮ ਵਿਚ ਵਾਪਸ ਆਉਣ ਦਾ ਰਸਤਾ ਖੁੱਲ੍ਹ ਜਾੲੇਗਾ। ਉਨ੍ਹਾਂ ਇਸ ਗੱਲ ’ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਸਿੰਘ ਸਾਹਿਬਾਨ ਨੇ ਭੁਲੱਕੜ ਲੋਕਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਵਾਪਸ ਲਿਆਉਣ ਲਈ ਪ੍ਰੇਰਨਾ ਤੇ ਕਾਨੂੰਨੀ ਰਸਤਾ ਦਿਖਾਇਆ ਹੈ। ਹੁਣ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਹੈ ਕਿ ਉਹ ਉਕਤ ਡੇਰੇ ਦੇ ‘ਪ੍ਰੇਮੀਆਂ’ ਨੂੰ ਗੁਰਮਤ ਲਹਿਰ ਰਾਹੀਂ ਖਾਲਸਾ ਪੰਥ ਵਿਚ ਵਾਪਸ ਲਿਆੲੇ। ਇਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਸੁਆਮੀ ਅਗਨੀਵੇਸ਼ ਦਾ ਕਹਿਣਾ ਸੀ ਕਿ ਸਿੰਘ ਸਾਹਿਬਾਨ ਦੇ ਫੁਰਮਾਨ ਤੋਂ ਦੋਵਾਂ ਫਰੀਕਾਂ ਦੀ ਗੱਲ ਮੰਨ ਲਈ ਗਈ ਹੈ। ਇਸ ਨਾਲ ਕਿਸੇ ਦੀ ਹੇਠੀ ਨਹੀਂ ਹੋਈ। ਇਥੇ ਇਹ ਗੱਲ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ ਕਿ ਸੁਆਮੀ ਅਗਨੀਵੇਸ਼ ਉਨ੍ਹਾਂ ਕੁਝ ਇਕ ਸ਼ਖਸੀਅਤਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਉਕਤ ਡੇਰਾ ਮੁਖੀ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਸੁਆਮੀ ਅਗਨੀਵੇਸ਼ ਦੀ ਰਾੲੇ ਹੈ ਕਿ ਇਸ ਨਾਜ਼ੁਕ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਸਮਝਦਾਰੀ, ਸੰਜਮ ਤੇ ਠਰ੍ਹੰਮੇ ਤੋਂ ਕੰਮ ਲਿਆ, ਉਹ ਵੀ ਪ੍ਰਸੰਸਾਯੋਗ ਹੈ। ਉਨ੍ਹਾਂ ਦੀ ਸਰਕਾਰ ਲਈ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨਿਕਟ ਭਵਿੱਖ ਵਿਚ ਕੀ ਕਰਦਾ ਹੈ, ਕਿਉਂਕਿ ਉਹ ਹੱਤਿਆ ਅਤੇ ਜਬਰ ਜਿਨਾਹ ਦੇ ਕੇਸਾਂ ਵਿਚ ਬੁਰੀ ਤਰ੍ਹਾਂ ਉਲਝਿਆ ਪਿਆ ਹੈ। ਇਸ ਬਾਰੇ ਭਾਰਤ ਸਰਕਾਰ ਨੂੰ ਹਰ ਤਰ੍ਹਾਂ ਦੀ ਪੂਰੀ-ਪੂਰੀ ਜਾਣਕਾਰੀ ਹੈ। ਸੀ. ਬੀ. ਆਈ. ਵਾਲੇ ਵੀ ਇਸ ਡੇਰਾ ਮੁਖੀ ਦੀਆਂ ਸਰਗਰਮੀਆਂ ’ਤੇ ਬਾਰੀਕੀ ਨਾਲ ਨਜ਼ਰ ਲਾਈ ਬੈਠੇ ਹਨ।

29 May, 2007

ਸਿੱਖ ਸੰਸਥਾਵਾਂ ਵੱਲੋਂ ਡੇਰਾ ਮੁਖੀ ਦਾ ਮੁਆਫ਼ੀਨਾਮਾ ਰੱਦ

ਮੁਆਫ਼ੀ ਇਕ ਸ਼ਾਤਰ ਚਾਲ-ਜਥੇ: ਨੰਦਗੜ੍ਹ • ਡੇਰਾ ਮੁਖੀ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੇ–ਸਰਨਾ

ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਸਰਨਾ ਨੇ ਕਿਹਾ ਕਿ ਡੇਰੇ ਦੇ ਮੁਖੀ ਨੇ ਜਿਨ੍ਹਾਂ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ, ਉਨ੍ਹਾਂ ਕੋਲੋਂ ਖੁਦ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੋਪ ਨੇ ਵੀ ਇਸਲਾਮ ਧਰਮ ਵਿਰੁੱਧ ਵਿਚਾਰ ਪ੍ਰਗਟ ਕਰਨ ਲਈ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਤੋਂ ਮੁਆਫੀ ਮੰਗੀ ਸੀ, ਨਾ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ।
ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਦੇ ਇਸ ਬਿਆਨ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੁਆਫੀ ਦਾ ਢੌਂਗ ਰਚ ਕੇ ਸਿੱਖ ਭਾਈਚਾਰੇ ਨਾਲ ਮੁੜ ਠੱਗੀ ਮਾਰੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹਦੇ ਮਨ ਵਿਚ ਪਹਿਲਾਂ ਵਾਂਗ ਹੀ ਕੋਈ ਖੋਟ ਭਰਿਆ ਹੋਇਆ ਹੈ ਤੇ ਉਹ ਕਿਸੇ ਨਾ ਕਿਸੇ ਚਲਾਕੀ ਨਾਲ ਸਮਾਂ ਲੰਘਾੳੁਣਾ ਚਾਹੁੰਦਾ ਹੈ। ਇਸ ਲਈ ਉਹ ਇਧਰ-ਉਧਰ ਦੀਆਂ ਚਲਾਕੀਆਂ ਵਰਤਣ ਦੀ ਬਜਾੲੇ ਸਿੱਖ ਪੰਥ ਤੋਂ ਬਿਨਾਂ ਸ਼ਰਤ ਮੁਆਫੀ ਮੰਗੇ

ਸੁਪਰੀਮ ਕੋਰਟ ਵੱਲੋਂ ਸਿਰਸਾ ਡੇਰੇ ਦੀ ਛੇਤੀ ਸੁਣਵਾਈ ਬਾਰੇ ਅਪੀਲ ਰੱਦ

ਹਾਈ ਕੋਰਟ ਵੱਲੋਂ ਡੇਰੇ ਵਿਰੁੱਧ ਮਾਮਲਿਆਂ ਬਾਰੇ ਸੀ.ਬੀ.ਆਈ. ਨੂੰ 31 ਜੁਲਾਈ ਤੱਕ ਅੰਤਿਮ ਰਿਪੋਰਟ ਦਾਇਰ ਕਰਨ ਦਾ ਆਦੇਸ਼

ਸੁਪਰੀਮ ਕੋਰਟ ਨੇ ਸਿਰਸਾ ਡੇਰੇ ਦੀ ੳੁਹ ਅਪੀਲ ਰੱਦ ਕਰ ਦਿੱਤੀ ਜਿਸ ਵਿਚ ੳੁਸ ਨੇ ਬੇਨਤੀ ਕੀਤੀ ਸੀ ਕਿ ਦੇਸ਼ ਭਰ ਵਿਚ ੳੁਨ੍ਹਾਂ ਦੇ ਡੇਰਿਆਂ ਤੇ ਪੈਰੋਕਾਰਾਂ ਦੀ ਰੱਖਿਆ ਬਾਰੇ ਦਾਇਰ ਪਟੀਸ਼ਨ ’ਤੇ ਤੁਰੰਤ ਸੁਣਵਾਈ ਕੀਤੀ ਜਾਵੇ। ਜਸਟਿਸ ਅਰੀਜੀਤ ਪਸਾਇਤ ਤੇ ਡੀ.ਕੇ. ਜੈਨ ’ਤੇ ਆਧਾਰਤ ਜੱਜਾਂ ਦੇ ਬੈਂਚ ਨੇ ਕਿਹਾ ਕਿ ਪਟੀਸ਼ਨ ਦੀ ਸੁਣਵਾਈ ਪਹਿਲਾਂ ਨਿਸ਼ਚਤ 4 ਜੂਨ ਨੂੰ ਹੀ ਕੀਤੀ ਜਾਵੇਗੀ। ਬੈਂਚ ਨੇ ਕਿਹਾ ਕਿ ਡੇਰੇ ਬੰਦ ਕਰਨ ਬਾਰੇ ਅਕਾਲ ਤਖ਼ਤ ਵਲੋਂ ਨਿਰਧਾਰਤ 27 ਮਈ ਦੀ ਸਮਾਂ ਸੀਮਾ ਬਿਨਾਂ ਅਣਸੁਖਾਵੀਂ ਘਟਨਾ ਦੇ ਲੰਘ ਗਈ ਹੈ ਇਸ ਲਈ ਤੁਰੰਤ ਸੁਣਵਾਈ ਵਾਲੀ ਕੋਈ ਗੱਲ ਨਜ਼ਰ ਨਹੀਂ ਆੳੁਂਦੀ। ਡੇਰੇ ਦੇ ਟਰੱਸਟੀ ਤੇ ੳੁਪ ਪ੍ਰਧਾਨ ਅਭੀਜੀਤ ਭਗਤ ਤੇ ਦੋ ਹੋਰਨਾਂ ਵਲੋਂ ਦਾਇਰ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਨਿਰਧਾਰਤ ਸਮਾਂ ਸੀਮਾ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਇਸ ਲਈ ੳੁਨ੍ਹਾਂ ਨੂੰ ਸੰਵਿਧਾਨ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਮਨੋਨੀਤ ਅਦਾਲਤ ਤਕ ਪਹੁੰਚ ਕਰਨੀ ਪਈ ਹੈ।
ਹਾਈਕੋਰਟ ਵੱਲੋਂ ਆਦੇਸ਼
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਿਰਸਾ ਡੇਰੇ ਵਿਰੁੱਧ ਚਲ ਰਹੇ ਕੇਸਾਂ ’ਚ ਜਾਂਚ ਰਿਪੋਰਟ ਪੇਸ਼ ਨਾ ਕਰ ਸਕਣ ਲਈ ਸੀ.ਬੀ.ਆਈ. ਨੂੰ ਝਾੜ ਪਾਈ ਤੇ ਆਦੇਸ਼ ਦਿੱਤਾ ਕਿ ਸਿਰਸਾ ਡੇਰੇ ਵਿਰੁੱਧ 31 ਜਲਾਈ ਤਕ ਅੰਤਿਮ ਰਿਪੋਰਟ ਦਾਇਰ ਕੀਤੀ ਜਾਵੇ। ਸੀ.ਬੀ.ਆਈ. ਨੇ ਡੇਰੇ ਤੇ ਇਸ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਮਾਮਲਿਆਂ ’ਚ ਅੰਤਿਮ ਰਿਪੋਰਟ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ ਤੇ ਕਿਹਾ ਕਿ ੳੁਸ ਦੀ ਜਾਂਚ ਅੰਤਿਮ ਪੜਾਅ ’ਚ ਹੈ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਅਦਾਲਤ ਵਿਚ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕੀਤੀ।
ਇਥੇ ਵਰਨਣਯੋਗ ਹੈ ਕਿ ਸੀ. ਬੀ. ਆਈ. ਡੇਰੇ ਵਿਰੁੱਧ ਜਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ੳੁਨ੍ਹਾਂ ਵਿਚ ਪੱਤਰਕਾਰ ਰਾਮ ਚੰਦਰ ਛਤਰਪਾਲ ਤੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਸ਼ਾਮਿਲ ਹਨ ਜਦ ਕਿ ਤੀਸਰਾ ਮਾਮਲਾ ਡੇਰੇ ਵਿਚ ਸਾਧਵੀਆਂ ਦੇ ਸਰੀਰਕ ਸ਼ੋਸਣ ਦਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਇਕ ਗੁੰਮਨਾਮ ਸ਼ਿਕਾਇਤ ਮਿਲਣ ਤੋਂ ਬਾਅਦ ਸੀ. ਬੀ. ਆਈ. ਨੂੰ ਡੇਰੇ ਵਿਰੁੱਧ ਮਾਮਲਿਆਂ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਗੁੰਮਨਾਮ ਸ਼ਿਕਾਇਤ ਵਿਚ ਡੇਰੇ ’ਚ ਸਾਧਵੀਆਂ ਦਾ ਵੱਡੀ ਪੱਧਰ ’ਤੇ ਸਰੀਰਕ ਸ਼ੋਸ਼ਣ ਹੋਣ ਦਾ ਦੋਸ਼ ਲਾਇਆ ਗਿਆ ਸੀ। ਸੀ.ਬੀ.ਆਈ. ਅਨੁਸਾਰ ਰਣਜੀਤ ਸਿੰਘ ਜੋ ਡੇਰੇ ਦਾ ਕੰਮਕਾਰ ਵੇਖਣ ਵਾਲੀ 10 ਮੈਂਬਰੀ ਕਮੇਟੀ ਦਾ ਮੈਂਬਰ ਸੀ, ਦਾ 10 ਜੁਲਾਈ 2002 ਨੂੰ ਕਤਲ ਕਰ ਦਿੱਤਾ ਗਿਆ ਸੀ ਕਿੳੁਂਕਿ ੳੁਸ ਦੇ ਸਾਥੀਆਂ ਨੂੰ ਸ਼ੱਕ ਸੀ ਕਿ ਮਈ 2002 ਵਿਚ ਗੁੰਮਨਾਮ ਪੱਤਰ ਵੰਡਣ ਪਿੱਛੇ ੳੁਸ ਦਾ ਹੱਥ ਹੈ। ਸੀ.ਬੀ.ਆਈ. ਨੇ ੳੁਕਤ ਮਾਮਲਿਆਂ ਸਬੰਧੀ ਵਿਸ਼ੇਸ਼ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਕ ਲੱਖ ਰੁਪੲੇ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ।

ਡੇਰੇ ਦਾ ਮੁਆਫ਼ੀਨਾਮਾ ਸਿੱਖ ਜਗਤ ਮੰਨ ਲਵੇ–ਸੁਆਮੀ ਅਗਨੀਵੇਸ਼

ਸਰਵ ਧਰਮ ਪ੍ਰਤੀਨਿਧੀ ਮੰਡਲ ਦੇ ਆਗੂ ਸੁਆਮੀ ਅਗਨੀਵੇਸ਼ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਤੇ ਦੇਸ਼ ਦੇ ਹਿੱਤਾਂ ਤੇ ਅਮਨ–ਸ਼ਾਂਤੀ ਕਾਇਮ ਰੱਖਣ ਲਈ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਗੀ ਗਈ ਮੁਆਫੀ ਨੂੰ ਮਨਜ਼ੂਰ ਕਰ ਲਵੇ। ਸਿੰਘ ਸਾਹਿਬਾਨ ਨੂੰ ਗੰਭੀਰਤਾ ਨਾਲ ਵਿਚਾਰ–ਵਟਾਂਦਰਾ ਕਰਕੇ ਖੁੱਲ੍ਹ–ਦਿਲੀ ਵਿਖਾਉਣੀ ਚਾਹੀਦੀ ਹੈ। ‘ਅਜੀਤ’ ਦੇ ਇਸ ਪੱਤਰਕਾਰ ਨਾਲ ਟੈਲੀਫੋਨ ’ਤੇ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮੈਂ ਤੇ ਮੇਰੇ ਸਾਥੀ ਜੋ ਪਿਛਲੇ ਕਈ ਦਿਨਾਂ ਤੋਂ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਉਕਤ ਡੇਰੇ ਦੇ ਮੁਖੀ ਨਾਲ ਸਿਰਸਾ ਵਿਚ ਮੁਲਾਕਾਤਾਂ ਕਰਦੇ ਰਹੇ ਹਾਂ, ਕੱਲ੍ਹ ਅੰਮ੍ਰਿਤਸਰ ਪੁੱਜ ਰਹੇ ਹਨ ਜਿਥੇ 29 ਮਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਦੂਜੇ ਸਿੰਘ ਸਾਹਿਬਾਨ ਨੂੰ ਮਿਲਾਂਗੇ। ਇਕ ਸਵਾਲ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਕੱਲ੍ਹ ਸਿਰਸਾ ਤੋਂ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰੇ ਵਾਲਿਆਂ ਨੇ ਆਪਣੇ ਲੈਟਰਪੈਡ ’ਤੇ ਬਿਨਾਂ ਦਸਤਖਤਾਂ ਵਾਲਾ ਜੋ ਪ੍ਰੈੱਸ ਨੋਟ ਜਾਰੀ ਕੀਤਾ ਹੈ, ਉਸ ਨੂੰ ਹੀ ਮੁਆਫੀਨਾਮਾ ਸਮਝ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਕਰਨ ’ਤੇ ਡੇਰੇ ਤੋਂ ਦੱਸਿਆ ਗਿਆ ਕਿ ਜੋ ਵੀ ਡੇਰੇ ਵੱਲੋਂ ਪ੍ਰੈੱਸ ਨੋਟ ਜਾਰੀ ਕੀਤੇ ਜਾਂਦੇ ਹਨ, ਉਨ੍ਹਾਂ ’ਤੇ ਕਿਸੇ ਦੇ ਦਸਤਖਤ ਨਹੀਂ ਹੁੰਦੇ। ਸੁਆਮੀ ਅਗਨੀਵੇਸ਼ ਦਾ ਕਹਿਣਾ ਸੀ ਕਿ ਸਿੱਖ ਜਗਤ ਤੇ ਸਿੰਘ ਸਾਹਿਬਾਨ ਨੂੰ ਦੇਸ਼, ਸਿੱਖ ਤੇ ਪੰਜਾਬ ਦੇ ਵਿਸ਼ਾਲ ਹਿੱਤਾਂ ਨੂੰ ਸਾਹਮਣੇ ਰੱਖ ਕੇ ਡੇਰੇ ਵੱਲੋਂ ਮੰਗੀ ਗਈ ਮੁਆਫੀ ਦੀਆਂ ਛੋਟੀਆਂ–ਮੋਟੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰ ਦੇਵੇ। ਚਾਹੀਦਾ ਹੈ ਕਿ ਇਸੇ ਵਿਚ ਹੀ ਸਾਡੇ ਸਾਰਿਆਂ ਦਾ ਭਲਾ ਹੈ। ਸੁਆਮੀ ਅਗਨੀਵੇਸ਼ ਨੇ ਵਿਚਾਰ ਪ੍ਰਗਟ ਕੀਤਾ ਕਿ ਭਾਵੇਂ ਡੇਰੇ ਵਾਲਿਆਂ ਨੇ ਮੁਆਫੀ ਮੰਗਣ ਵਿਚ ਦੇਰ ਕਰ ਦਿੱਤੀ ਹੈ ਪਰ ਫਿਰ ਵੀ ਹਾਲਾਤ ਨੂੰ ਸੁਧਾਰਨ ਲਈ ਇਹ ਇਕ ਸਾਰਥਿਕ ਕਦਮ ਹੈ। ਭਾਵੇਂ ਡੇਰੇ ਦਾ ਮੁਖੀ ਕਈ ਦਿਨ ਤੱਕ ਅੜੀਅਲ ਵਤੀਰਾ ਅਪਣਾਉਂਦਾ ਰਿਹਾ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਗਾਰੰਟੀ ਪੂਰੀ ਤਰ੍ਹਾਂ ਨਿਭਾਈ ਹੈ
(ਰੋਜ਼ਾਨਾ ਅਜੀਤ ਜਲੰਧਰ)

ਡੇਰੇ ਨੇ ਦਸਮ ਪਿਤਾ ਤੋਂ ਮੁਆਫ਼ੀ ਮੰਗੀ

ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ-ਡੇਰਾ ਮੁਖੀ

ਅੱਜ ੳੁਸ ਵੇਲੇ ਸਿਰਸਾ ਡੇਰਾ ਵਿਵਾਦ ਵਿਚ ਇਕ ਨਵਾਂ ਮੋੜ ਆਇਆ ਜਦੋਂ ਡੇਰੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਡੇਰਾ ਮੁਖੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਜਾਂ ਨਕਲ ਦੀ ਕਲਪਨਾ ਵੀ ਨਹੀਂ ਕਰ ਸਕਦਾ। ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਡੇਰਾ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਪਿਛਲੇ ਦਿਨਾਂ ਤੋਂ ਚੱਲਿਆ ਆ ਰਿਹਾ ਘਟਨਾਕ੍ਰਮ ਚਿੰਤਾ ਦਾ ਵਿਸ਼ਾ ਹੈ ਅਤੇ ੳੁਪਜੀਆਂ ਗਲਤ ਫਹਿਮੀਆਂ ਬਹੁਤ ਅਫ਼ਸੋਸਜਨਕ ਹਨ। ਇਸ ਲੲੀ ਪਹਿਲਾਂ ਵੀ ਦੁੱਖ ਪ੍ਰਗਟ ਕੀਤਾ ਜਾ ਚੁੱਕਾ ਹੈ । ਫਿਰ ਵੀ ਅਸੀਂ ਮਾਨਵਤਾ ਦੇ ਹਿੱਤ ਵਿਚ ਰੂਹਾਨੀਅਤ ਦੇ ਸੱਚੇ ਰਹਿਬਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮੁਆਫ਼ੀ ਮੰਗਦੇ ਹਾਂ। ਡੇਰਾ ਮੁਖੀ ਵੱਲੋਂ ਮੁਆਫ਼ੀ ਮੰਗਣ ਦੇ ਬਾਵਜੂਦ ਪੰਜਾਬ ਸਰਕਾਰ ਲਗਾਤਾਰ ਚੌਕਸੀ ਰੱਖ ਰਹੀ ਹੈ। ਕਿਉਂਕਿ ਸ੍ਰੀ ਅਕਾਲ ਤਖ਼ਤ ਨੇ ਮੁਆਫ਼ੀਨਾਮੇ ਨੂੰ ਸਵੀਕਾਰ ਕਰਨ ਬਾਰੇ ਕੋੲੀ ਸੰਕੇਤ ਨਹੀਂ ਦਿੱਤਾ ਹੈ।

26 May, 2007

ਸਰਬ ਧਰਮ ਪ੍ਰਤੀਨਿਧਾਂ ਵੱਲੋਂ ਸਿਰਸਾ ਵਿਵਾਦ ’ਚ ਦਖ਼ਲ ਲਈ ਪ੍ਰਧਾਨ ਮੰਤਰੀ ਨੂੰ ਪੱਤਰ

ਡੇਰਾ ਸਿਰਸਾ ਵੱਲੋਂ ਠੋਸ ਹੁੰਗਾਰਾ ਨਹੀਂ ਮਿਲਿਆ–ਅਗਨੀਵੇਸ਼

ਨਵੀਂ ਦਿੱਲੀ, 25 ਮਈ-ਮਨਧੀਰ ਸਿੰਘ ਦਿਓਲ-ਡੇਰਾ ਸਿਰਸਾ ਦੇ ਮੁਖੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਲਟੀਮੇਟਮ ਨੂੰ ਅਣਦੇਖਾ ਕਰਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਬਦਲੇ ਸਿੱਖ ਪੰਥ ਤੋਂ ਮੁਆਫੀ ਨਾ ਮੰਗਣ ਦੀ ਜ਼ਿੱਦ ਕਾਰਨ ਵਿਵਾਦ ਨੂੰ ਸੁਲਝਾਉਣ ’ਚ ਲੱਗੇ ਸਰਬ ਧਰਮ ਪ੍ਰਤੀਨਿਧਾਂ ਵੱਲੋਂ ਮਾਯੂਸ ਹੋ ਕੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਯੂ. ਪੀ. ੲੇ. ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਤੇ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੂੰ ਇਕ ਪੱਤਰ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਇਸ ਪੱਤਰ ’ਚ ਕੇਂਦਰ ਨੂੰ ਡੇਰਾ ਤੇ ਸਿੱਖ ਸੰਗਤ ਦਰਮਿਆਨ ਪੈਦਾ ਹੋੲੇ ਵਿਵਾਦ ਦੇ ਮੱਦੇਨਜ਼ਰ ਦਖਲ ਦੇਣ ਦੀ ਮੰਗ ਕੀਤੀ ਗਈ ਹੈ। ਪੱਤਰ ’ਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਤੇ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਵੱਲੋਂ ਚਾਰ ਮੈਂਬਰੀ ‘ਸੰਤ ਮੰਡਲ’ ਨੂੰ ਇਸ ਵਿਵਾਦ ਦਾ ਹੱਲ ਕੱਢਣ ਲਈ ਪੂਰਨ ਸਹਿਯੋਗ ਦਿੱਤਾ ਗਿਆ ਹੈ ਪਰ ਡੇਰਾ ਮੁਖੀ ਵੱਲੋਂ ਸੰਤ ਮੰਡਲ ਨੂੰ ਕੋਈ ਹੱਥ–ਪੱਲਾ ਨਹੀਂ ਫੜਾਇਆ ਗਿਆ। ਜਦੋਂ ਕਿ ਡੇਰਾ ਮੁਖੀ ਵੱਲੋਂ ਆਮ ਮੁਆਫੀ ਮੰਗਣ ਨਾਲ ਮਾਮਲਾ ਕਾਫੀ ਹੱਦ ਤੱਕ ਨਿਪਟ ਜਾਣਾ ਸੀ। ਪੱਤਰ ’ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਦੇਸ਼ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਹੋਰ ਕਿਹਾ ਕਿ ਡੇਰੇ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਵੱਲੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਉਠਾਇਆ ਜਾ ਰਿਹਾ, ਜਿਸ ਤੋਂ ਪਤਾ ਚਲਦਾ ਹੈ ਕਿ ਡੇਰਾ ਪ੍ਰਬੰਧਕਾਂ ਦਾ ਰਵੱਈਆਂ ਠੀਕ ਨਹੀਂ। ਉਨ੍ਹਾਂ ਹੋਰ ਕਿਹਾ ਕਿ ਡੇਰਾ ਮੁਖੀ ਅਤੇ ਉਸ ਦੇ ਸ਼ਰਧਾਲੂਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤੇ ਵਿਚ ਦੇਰੀ ਨਾਲ ਹਾਲਾਤ ਹੋਰ ਵੀ ਪੇਚੀਦਾ ਹੋ ਸਕਦੇ ਹਨ। ਸੂਤਰਾਂ ਅਨੁਸਾਰ ਡੇਰਾ ਸਿਰਸਾ ਪ੍ਰਬੰਧਕਾਂ ਵੱਲੋਂ ਸੁਆਮੀ ਅਗਨੀਵੇਸ਼ ਦੀਆਂ ਸਦਭਾਵਨਾ ਬਣਾਉਣ ਦੀਆਂ ਕੋਸ਼ਿਸ਼ਾਂ ਬਾਰੇ ਕੋਈ ਠੋਸ ਹੁੰਗਾਰਾ ਅਜੇ ਨਹੀਂ ਮਿਲਿਆ ਹੈ। ਡੇਰਾ ਸਿਰਸਾ ਵੱਲੋਂ ਕੋਈ ਜਵਾਬ ਨਾ ਮਿਲਣ ਕਰਕੇ ਸੁਆਮੀ ਅਗਨੀਵੇਸ਼, ਮੁਸਲਮਾਨ ਨੇਤਾ ਮੁਹੰਮਦ ਇਲਿਆਸ, ਜੈਨ ਆਗੂ ਮੁਨੀ ਲੁਕੇਸ਼ ਕੁਮਾਰ ਤੇ ਇਸਾਈ ਆਗੂ ਅਲੈਗਜ਼ੈਂਡਰ ਵੱਲੋਂ ਇਹ ਪੱਤਰ ਉਕਤ ਕੌਮੀ ਆਗੂਆਂ ਨੂੰ ਭੇਜਿਆ ਗਿਆ ਹੈ। ਪੰਜਾਬ ਸਰਕਾਰ ਨੂੰ ਡੇਰਾ ਸਿਰਸਾ ਦੇ ਪੰਜਾਬ ’ਚੋਂ ਡੇਰੇ 27 ਮਈ ਤੱਕ ਬੰਦ ਕਰਵਾਉਣ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਲਟੀਮੇਟਮ ਦੇ ਚਲਦੇ ਡੇਰਾ ਨੇ ਅੱਜ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਹੈ ਜਿਸ ’ਤੇ 27 ਮਈ ਨੂੰ ਸੁਣਵਾਈ ਹੋਵੇਗੀ।
ਇਹ ਪਟੀਸ਼ਨ ਡੇਰੇ ਦੇ ਟਰੱਸਟੀ ਅਭਿਜੀਤ ਭਗਤ ਵੱਲੋਂ ਜੱਜ ਅਰਿਜੀਤ ਪਸਾਇਤ ਤੇ ਡੀ. ਕੇ. ਜੈਨ ਦੇ ਬੈਂਚ ਅੱਗੇ ਪਾਈ ਗਈ ਹੈ। ਪਟੀਸ਼ਨ ’ਚ ਸ੍ਰੀ ਅਕਾਲ ਤਖ਼ਤ ਦੇ 27 ਮਈ ਦੇ ਅਲਟੀਮੇਟਮ ਤੇ ਡੇਰਿਆਂ ਦੀਆਂ ਸਾਰੀਆਂ ਸਰਗਰਮੀਆਂ ਰੋਕਣ ਵਿਰੁੱਧ ਡੇਰਿਆਂ ਨੂੰ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ ਹੈ।
ਹੁਣ ਇਹ ਮਾਮਲਾ ਕਾਨੂੰਨੀ ਦਾਅ ਪੇਚਾਂ ’ਚ ਉਲਝ ਗਿਆ ਹੈ। ਧਾਰਮਿਕ ਆਗੂਆਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪੈਣ ਅਤੇ ਡੇਰਾ ਪ੍ਰਬੰਧਕਾਂ ਵੱਲੋਂ ਅੜੀਅਲ ਰੁਖ ਅਖਤਿਆਰ ਕਰਨ ਤੋਂ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਵਾਮੀ ਅਗਨੀਵੇਸ਼ ਤੇ ਸਾਥੀਆਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਧਾਰਮਿਕ ਮੁਖੀਆਂ ਨੇ ਸੁਆਮੀ ਅਗਨੀਵੇਸ਼ ਨਾਲ ਦੇਰ ਸ਼ਾਮ ਬੈਠਕ ਕਰਕੇ ਨੋਟ ਭੇਜਣ ਦਾ ਫੈਸਲਾ ਕੀ

ਡੇਰਾ ਵੱਲੋਂ ਹਾਲੇ ਤੱਕ ਮੁਆਫੀ ਦੇ ਆਸਾਰ ਨਹੀਂ

ਸਿੱਖ ਸੰਗਤ ਅਤੇ ਡੇਰਾ ਸਿਰਸਾ ਦੇ ਵਿਚਕਾਰ ਡੇਰਾ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਅਤੇ ਅੰਮ੍ਰਿਤ ਛਕਾਉਣ ਦੇ ਤਰੀਕੇ ਦੀ ਨਕਲ ਕਰਨ ਨੂੰ ਲੈ ਕੇ ਪੈਦਾ ਹੋੲੇ ਵਿਵਾਦ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਅਤੇ ਇਹ ਮਾਮਲਾ ਹੁਣ ਹੋਰ ਉਲਝਦਾ ਜਾ ਰਿਹਾ ਹੈ ਕਿਉਂਕਿ ਡੇਰੇ ਦੇ ਪ੍ਰਬੰਧਕ ਹੁਣ ਮੁਆਫੀ ਮੰਗਣ ਦੇ ਰੌਂਅ ਵਿਚ ਨਹੀਂ ਹਨ। ਇਸ ਮਾਮਲੇ ਵਿਚ ਸੁਲਾਹ ਕਰਵਾਉਣ ਲਈ ਆੲੇ ਸਰਬ ਧਰਮ ਸਭਾ ਦੇ ਸ਼ਾਂਤੀ ਦੂਤਾਂ ਵੱਲੋਂ ਦਿੱਤੇ ਗੲੇ ਸੁਝਾਅ ਵੀ ਲਗਦਾ ਹੈ ਕਿ ਡੇਰੇ ਦੇ ਪ੍ਰਬੰਧਕਾਂ ਨੂੰ ਰਾਸ ਨਹੀਂ ਆ ਰਹੇ। ਇਹ ਵਜ੍ਹਾ ਹੈ ਕਿ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਸਰਬ ਧਰਮ ਸਭਾ ਵੱਲੋਂ ਮੰਗੇ ਸਮਝੌਤਾ ਪੱਤਰ ਵਿਚ ਆਪਣੀਆਂ ਸ਼ਰਤਾਂ ਰੱਖ ਦਿੱਤੀਆਂ ਜਿਸ ਕਾਰਨ ਇਸ ਸਮਝੌਤਾ ਪੱਤਰ ਨੂੰ ਵਾਪਸ ਡੇਰਾ ਸਿਰਸਾ ਭੇਜ ਦਿੱਤਾ ਅਤੇ ਇਸ ਵਿਚਲੀਆਂ ਸ਼ਰਤਾਂ ਨੂੰ ਹਟਾਉਣ ਲਈ ਕਿਹਾ ਗਿਆ ਅਤੇ ਸਰਬ ਧਰਮ ਸਭਾ ਵੱਲੋਂ ਇਸ ਲਈ ਕੁਝ ਸੁਝਾਅ ਵੀ ਦਿੱਤੇ ਗੲੇ ਹਨ ਪਰ ਡੇਰਾ ਸਿਰਸਾ ਨੇ ਇਸ ਸ਼ਾਂਤੀਵਾਰਤਾ ਅਤੇ ਮੁਆਫੀ ਵਾਲੇ ਮਾਮਲੇ ਵਿਚ ਹੁਣ ਚੁੱਪ ਧਾਰ ਲਈ ਹੈ। ਅੱਜ ਡੇਰਾ ਸਿਰਸਾ ਵੱਲੋਂ ਇਸ ਮਾਮਲੇ ਵਿਚ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਜਿਸ ਕਾਰਨ ਇਕ ਵਾਰ ਲਗਦਾ ਹੈ ਕਿ ਸ਼ਾਂਤੀਵਾਰਤਾ ਵਿਚ ਰੁਕਾਵਟ ਆ ਗਈ ਹੈ।
(ਰੋਜ਼ਾਨਾ ਅਜੀਤ ਜਲੰਧਰ)