ਪੰਜਾਬ ਰਾਜ ਵਿਚ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਗੱਲ ਕਰੀੲੇ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਵਰਤੋਂ ਵਪਾਰੀ ਵਰਗ ਦੇ ਹੋਰ ਨੌਕਰੀ ਪੇਸ਼ਾ ਬੁੱਧੀਜੀਵੀ ਹੀ ਇਸ ਨੂੰ ਸਕਾਰਾਤਮਕ ਰੂਪ ਨਾਲ ਵਰਤ ਰਹੇ ਹਨ, ਪਰ ਉਥੇ ਹੀ ਸਾਡੇ ਪੰਜਾਬ ਦੇ ਨਿੱਕੜੇ ਬਾਲਕ ਜਿਨ੍ਹਾਂ ਦੀ ਉਮਰ ਹਾਲੇ 16–17 ਸਾਲ ਦੀ ਹੀ ਹੁੰਦੀ ਹੈ, ਵੀ ਆਪਣੇ ਪਾਸ ਮੋਬਾਇਲ ਫੋਨ ਰੱਖਣ ਨੂੰ ਤਰਜੀਹ ਦਿੰਦੇ ਹਨ। ਇਹ ਬਾਲੜੇ ਮੋਬਾਈਲ ਦੇ ਅਜਿਹੇ ਕਾਇਲ ਹਨ ਕਿ ਰਾਤ ਨੂੰ ਸੌਣ ਲੱਗੇ ਵੀ ਦੇਰ ਰਾਤ ਤੱਕ ਆਪਣੇ ਦੋਸਤਾਂ ਨੂੰ ਮੈਸਿਜ ਭੇਜਦੇ ਹਨ ਤੇ ਗੱਲਾਂ ਕਰਦੇ ਰਹਿੰਦੇ ਹਨ ’ਤੇ ਸੌਣ ਲੱਗੇ ਵੀ ਮੋਬਾਈਲ ਆਪਣੇ ਸਿਰਹਾਣੇ ਰੱਖ ਕੇ ਪੈਂਦੇ ਹਨ। ਇੱਕ ਗੱਲ ਹੋਰ ਜੋ ਵੇਖਣ ਵਿਚ ਆਈ ਹੈ ਕਿ ਇਹ ਸ਼ਹਿਰ ਵਿਚ ਪੜ੍ਹਨ ਵਾਲੇ ਦਸਵੀਂ ਅਤੇ ਬਾਰਵੀਂ ਕਲਾਸ ਵਾਲੇ ਪੜ੍ਹਾਕੂ ਸਕੂਲ ਵਿਚ ਮੋਬਾਇਲ ਫੋਨ ਆਪਣੇ ਨਾਲ ਲੈ ਕੇ ਜਾਂਦੇ ਹਨ। ਅਧਿਆਪਕਾਂ ਦੇ ਰੋਕਣ ਦੇ ਬਾਵਜੂਦ ਵੀ ਇਹ ਆਪਣੀਆਂ ਸਕੀਮਾਂ ਲਾ ਕੇ ਮੋਬਾਈਲ ਫ਼ੋਨ ਸਕੂਲਾਂ ਵਿਚ ਲੈ ਹੀ ਜਾਂਦੇ ਹਨ। ਇਨ੍ਹਾਂ ਦੇ ਮਾਪੇ ਵੀ ਇਨ੍ਹਾਂ ਤੋਂ ਬਹੁਤ ਪ੍ਰੇਸ਼ਾਨ ਹਨ, ਪਰ ਕੁਝ ਬੋਲ ਨਹੀਂ ਸਕਦੇ। ਕਿਉਂਕਿ ਇਹ ਉਨ੍ਹਾਂ ਦੁਆਰਾ ਹੀ ਸਿਰ ਚੜ੍ਹਾਈ ਵਿਗੜੀ ਔਲਾਦ ਹੈ। ਇਹ ਮੁੰਡੇ–ਕੁੜੀਆਂ ਇਕ ਦੂਜੇ ਨੂੰ ਬੇਢੰਗੇ ਤੇ ਅਸ਼ਲੀਲ ਮੈਸੇਜ ਭੇਜਦੇ ਹਨ। ਅੱਜ ਪੰਜਾਬ ਵਿਚ ਮੁੰਡੇ–ਕੁੜੀਆਂ ਦਾ ਬਿਨਾਂ ਕਾਰਨ ਮੋਬਾਇਲ ਰੱਖਣਾ ਫ਼ੈਸ਼ਨ ਬਣ ਗਿਆ ਹੈ। ਭਾਵੇਂ ਮੁੰਡਾ ਕੋਰਾ ਵਿਹਲਾ ਕਿਉਂ ਨਾ ਫਿਰਦਾ ਹੋਵੇ, ਉਸ ਕੋਲ ਮੋਬਾਈਲ ਨਾਲ ਹੋਵੇ ਤਾਂ ਉਸ ਦੇ ਯਾਰ ਪੁੱਛਦੇ ਹਨ ਕਿ ਯਾਰ ਆਧੁਨਿਕ ਜ਼ਮਾਨਾ ਹੈ ਤੂੰ ਆਪਣਾ ਨਿੱਜੀ ਮੋਬਾਈਲ ਰੱਖ। ਅੱਜ ਪੰਜਾਬ ਵਿਚ ਸਿੱਖਿਆ ਦਾ ਘਾਣ ਇਨ੍ਹਾਂ ਮੋਬਾਈਲਾਂ ਦਾ ਹੀ ਕੀਤਾ ਹੋਇਆ ਹੈ। ਮੁੰਡੇ–ਕੁੜੀਆਂ ਲੱਖਾਂ ਦੀ ਗਿਣਤੀ ਵਿਚ ਪੜ੍ਹਾਈ ਵਿਚੋਂ ਫੇਲ੍ਹ ਹੋ ਰਹੇ ਹਨ ’ਤੇ ਓਪਨ ਪ੍ਰਣਾਲੀਆਂ ਰਾਹੀਆਂ ਮਾਪਿਆਂ ਦੇ ਵੱਧ ਤੋਂ ਵੱਧ ਪੈਸੇ ਖ਼ਰਚ ਕਰਕੇ ਸੌਖ਼ੇ ਵਿਸ਼ਿਆਂ ਤੇ ਵਿਦਿਆ ਲੈ ਕੇ ਇਹ ਪਤਾ ਨਹੀਂ ਕਿਥੋਂ ਦੀ ਤਰੱਕੀ ਦਾ ਰਾਹ ਫੜ ਰਹੇ ਹਨ। ਚਲੋ ਛੱਡੋ ਅਸੀਂ ਤਾਂ ਹੁਣ ਗੱਲ ਮੋਬਾਇਲ ਫੋਨਾਂ ਦੀ ਕਰ ਰਹੇ ਹਾਂ। ਜੇਕਰ ਮਾਪੇ ਚਾਹੁਣ ਤਾਂ ਆਪਣੇ ਨਾਬਾਲਗ ਮੁੰਡੇ–ਕੁੜੀਆਂ ਦੀ ਲਗਾਮਾਂ ਕੱਸ ਕੇ ਕਿਸੇ ਨੂੰ ਵੀ ਘਰ ਵਿਚ ਨਿੱਜੀ ਮੋਬਾਈਲ ਰੱਖਣ ਤੋਂ ਵਰਜ ਸਕਦੇ ਹਨ। ਕਿਉਂਕਿ ਇਨ੍ਹਾਂ ਨੂੰ ਮੋਬਾਈਲ ਫੋਨਾਂ ਨੇ ਹੀ ਘਰ ਵਾਲਿਆਂ ਤੋਂ ਤੋੜ ਕੇ ਰੱਖ ਦਿੱਤਾ ਹੈ। ਫ਼ਜ਼ੂਲ ਦੇ ਪੈਸੇ ਦੀ ਖ਼ਰਚੀ ਮਾਪਿਆਂ ਤੇ ਭਾਰ ਪਾ ਰਹੀ ਹੈ। ਨਵੀਆਂ–ਨਵੀਆਂ ਕੰਪਨੀਆਂ ਨਵੇਂ–ਨਵੇਂ ਲਾਲਚ ਦੇ ਕੇ ਮੋਬਾਈਲ ਕੁਨੈਕਸ਼ਨ ਜਾਰੀ ਕਰ ਰਹੀਆਂ ਹਨ। ਜਿਨ੍ਹਾਂ ਦੇ ਵਲਾਂਵੇ ਵਿਚ ਆ ਕੇ ਸਾਡੀ ਨੌਜਵਾਨ ਪੀੜ੍ਹੀ ਪਾਣੀ ਵਾਂਗ ਪੈਸਾ ਵਹਾ ਰਹੀ ਹੈ। ਅਸੀਂ ਮੋਬਾਈਲ ਫੋਨਾਂ ਦੇ ਖਿਲਾਫ਼ ਨਹੀਂ ਹਾਂ। ਅਸੀਂ ਤਾਂ ਇਸ ਦੀ ਦੁਰਵਰਤੋਂ ਤੇ ਬੇਸਮਝੇ ਹੱਥਾਂ ਵਿਚ ਜਾਣ ਤੋਂ ਪ੍ਰੇਸ਼ਾਨ ਹਾਂ। ਜਿਸ ਨਾਲ ਸਾਡਾ ਭਵਿੱਖ਼ ਤਰੱਕੀ ਦਾ ਰਾਹ ਭੁੱਲ ਕੇ ਅਜਿਹੇ ਹਨੇਰੇ ਰਸਤੇ ਤੇ ਤੁਰ ਪਿਆ ਹੈ, ਜਿਸ ਤੇ ਖ਼ੁਸ਼ਹਾਲੀ ਬਰਬਾਦੀ ਹੈ। ਸੋ ਅੱਜ ਲੋੜ ਹੈ ਸਾਡੇ ਸੂਝਵਾਨ ਮਾਪਿਆਂ, ਲੀਡਰਾਂ ਤੇ ਬੁੱਧੀਜੀਵੀਆਂ ਨੂੰ ਕਿ ਉਹ ਸਾਡੇ ਨਾਬਾਲਗ ਮੁੰਡੇ–ਕੁੜੀਆਂ ਨੂੰ ਸਹੀ ਰਸਤਾ ਦਿਖਾਉਣ ਤੇ ਮਾਰਗ ਦਰਸ਼ਨ ਕਰਨ ਕੇ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਸਿਰਫ਼ ਸਾਕਾਰਾਤਮਕ ਕੰਮਾਂ ਲਈ ਮੋਬਾਇਲ ਫੋਨਾਂ ਦੀ ਵਰਤੋਂ ਕਰਨ।
ਸੁਖਪਾਲ ਸਿੰਘ ਢਿੱਲੋਂ
(ਰੋਜ਼ਾਨਾ ਅਜੀਤ ਜਲੰਧਰ)
Showing posts with label ਤਕਨਾਲੋਜੀ. Show all posts
Showing posts with label ਤਕਨਾਲੋਜੀ. Show all posts
15 June, 2007
Subscribe to:
Posts (Atom)
