15 June, 2007

ਨੌਜਵਾਨਾਂ ਲਈ ਘਾਤਕ ਸਿੱਧ ਹੋ ਸਕਦੇ ਨੇ ਮੋਬਾਈਲ

ਪੰਜਾਬ ਰਾਜ ਵਿਚ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਗੱਲ ਕਰੀੲੇ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਵਰਤੋਂ ਵਪਾਰੀ ਵਰਗ ਦੇ ਹੋਰ ਨੌਕਰੀ ਪੇਸ਼ਾ ਬੁੱਧੀਜੀਵੀ ਹੀ ਇਸ ਨੂੰ ਸਕਾਰਾਤਮਕ ਰੂਪ ਨਾਲ ਵਰਤ ਰਹੇ ਹਨ, ਪਰ ਉਥੇ ਹੀ ਸਾਡੇ ਪੰਜਾਬ ਦੇ ਨਿੱਕੜੇ ਬਾਲਕ ਜਿਨ੍ਹਾਂ ਦੀ ਉਮਰ ਹਾਲੇ 16–17 ਸਾਲ ਦੀ ਹੀ ਹੁੰਦੀ ਹੈ, ਵੀ ਆਪਣੇ ਪਾਸ ਮੋਬਾਇਲ ਫੋਨ ਰੱਖਣ ਨੂੰ ਤਰਜੀਹ ਦਿੰਦੇ ਹਨ। ਇਹ ਬਾਲੜੇ ਮੋਬਾਈਲ ਦੇ ਅਜਿਹੇ ਕਾਇਲ ਹਨ ਕਿ ਰਾਤ ਨੂੰ ਸੌਣ ਲੱਗੇ ਵੀ ਦੇਰ ਰਾਤ ਤੱਕ ਆਪਣੇ ਦੋਸਤਾਂ ਨੂੰ ਮੈਸਿਜ ਭੇਜਦੇ ਹਨ ਤੇ ਗੱਲਾਂ ਕਰਦੇ ਰਹਿੰਦੇ ਹਨ ’ਤੇ ਸੌਣ ਲੱਗੇ ਵੀ ਮੋਬਾਈਲ ਆਪਣੇ ਸਿਰਹਾਣੇ ਰੱਖ ਕੇ ਪੈਂਦੇ ਹਨ। ਇੱਕ ਗੱਲ ਹੋਰ ਜੋ ਵੇਖਣ ਵਿਚ ਆਈ ਹੈ ਕਿ ਇਹ ਸ਼ਹਿਰ ਵਿਚ ਪੜ੍ਹਨ ਵਾਲੇ ਦਸਵੀਂ ਅਤੇ ਬਾਰਵੀਂ ਕਲਾਸ ਵਾਲੇ ਪੜ੍ਹਾਕੂ ਸਕੂਲ ਵਿਚ ਮੋਬਾਇਲ ਫੋਨ ਆਪਣੇ ਨਾਲ ਲੈ ਕੇ ਜਾਂਦੇ ਹਨ। ਅਧਿਆਪਕਾਂ ਦੇ ਰੋਕਣ ਦੇ ਬਾਵਜੂਦ ਵੀ ਇਹ ਆਪਣੀਆਂ ਸਕੀਮਾਂ ਲਾ ਕੇ ਮੋਬਾਈਲ ਫ਼ੋਨ ਸਕੂਲਾਂ ਵਿਚ ਲੈ ਹੀ ਜਾਂਦੇ ਹਨ। ਇਨ੍ਹਾਂ ਦੇ ਮਾਪੇ ਵੀ ਇਨ੍ਹਾਂ ਤੋਂ ਬਹੁਤ ਪ੍ਰੇਸ਼ਾਨ ਹਨ, ਪਰ ਕੁਝ ਬੋਲ ਨਹੀਂ ਸਕਦੇ। ਕਿਉਂਕਿ ਇਹ ਉਨ੍ਹਾਂ ਦੁਆਰਾ ਹੀ ਸਿਰ ਚੜ੍ਹਾਈ ਵਿਗੜੀ ਔਲਾਦ ਹੈ। ਇਹ ਮੁੰਡੇ–ਕੁੜੀਆਂ ਇਕ ਦੂਜੇ ਨੂੰ ਬੇਢੰਗੇ ਤੇ ਅਸ਼ਲੀਲ ਮੈਸੇਜ ਭੇਜਦੇ ਹਨ। ਅੱਜ ਪੰਜਾਬ ਵਿਚ ਮੁੰਡੇ–ਕੁੜੀਆਂ ਦਾ ਬਿਨਾਂ ਕਾਰਨ ਮੋਬਾਇਲ ਰੱਖਣਾ ਫ਼ੈਸ਼ਨ ਬਣ ਗਿਆ ਹੈ। ਭਾਵੇਂ ਮੁੰਡਾ ਕੋਰਾ ਵਿਹਲਾ ਕਿਉਂ ਨਾ ਫਿਰਦਾ ਹੋਵੇ, ਉਸ ਕੋਲ ਮੋਬਾਈਲ ਨਾਲ ਹੋਵੇ ਤਾਂ ਉਸ ਦੇ ਯਾਰ ਪੁੱਛਦੇ ਹਨ ਕਿ ਯਾਰ ਆਧੁਨਿਕ ਜ਼ਮਾਨਾ ਹੈ ਤੂੰ ਆਪਣਾ ਨਿੱਜੀ ਮੋਬਾਈਲ ਰੱਖ। ਅੱਜ ਪੰਜਾਬ ਵਿਚ ਸਿੱਖਿਆ ਦਾ ਘਾਣ ਇਨ੍ਹਾਂ ਮੋਬਾਈਲਾਂ ਦਾ ਹੀ ਕੀਤਾ ਹੋਇਆ ਹੈ। ਮੁੰਡੇ–ਕੁੜੀਆਂ ਲੱਖਾਂ ਦੀ ਗਿਣਤੀ ਵਿਚ ਪੜ੍ਹਾਈ ਵਿਚੋਂ ਫੇਲ੍ਹ ਹੋ ਰਹੇ ਹਨ ’ਤੇ ਓਪਨ ਪ੍ਰਣਾਲੀਆਂ ਰਾਹੀਆਂ ਮਾਪਿਆਂ ਦੇ ਵੱਧ ਤੋਂ ਵੱਧ ਪੈਸੇ ਖ਼ਰਚ ਕਰਕੇ ਸੌਖ਼ੇ ਵਿਸ਼ਿਆਂ ਤੇ ਵਿਦਿਆ ਲੈ ਕੇ ਇਹ ਪਤਾ ਨਹੀਂ ਕਿਥੋਂ ਦੀ ਤਰੱਕੀ ਦਾ ਰਾਹ ਫੜ ਰਹੇ ਹਨ। ਚਲੋ ਛੱਡੋ ਅਸੀਂ ਤਾਂ ਹੁਣ ਗੱਲ ਮੋਬਾਇਲ ਫੋਨਾਂ ਦੀ ਕਰ ਰਹੇ ਹਾਂ। ਜੇਕਰ ਮਾਪੇ ਚਾਹੁਣ ਤਾਂ ਆਪਣੇ ਨਾਬਾਲਗ ਮੁੰਡੇ–ਕੁੜੀਆਂ ਦੀ ਲਗਾਮਾਂ ਕੱਸ ਕੇ ਕਿਸੇ ਨੂੰ ਵੀ ਘਰ ਵਿਚ ਨਿੱਜੀ ਮੋਬਾਈਲ ਰੱਖਣ ਤੋਂ ਵਰਜ ਸਕਦੇ ਹਨ। ਕਿਉਂਕਿ ਇਨ੍ਹਾਂ ਨੂੰ ਮੋਬਾਈਲ ਫੋਨਾਂ ਨੇ ਹੀ ਘਰ ਵਾਲਿਆਂ ਤੋਂ ਤੋੜ ਕੇ ਰੱਖ ਦਿੱਤਾ ਹੈ। ਫ਼ਜ਼ੂਲ ਦੇ ਪੈਸੇ ਦੀ ਖ਼ਰਚੀ ਮਾਪਿਆਂ ਤੇ ਭਾਰ ਪਾ ਰਹੀ ਹੈ। ਨਵੀਆਂ–ਨਵੀਆਂ ਕੰਪਨੀਆਂ ਨਵੇਂ–ਨਵੇਂ ਲਾਲਚ ਦੇ ਕੇ ਮੋਬਾਈਲ ਕੁਨੈਕਸ਼ਨ ਜਾਰੀ ਕਰ ਰਹੀਆਂ ਹਨ। ਜਿਨ੍ਹਾਂ ਦੇ ਵਲਾਂਵੇ ਵਿਚ ਆ ਕੇ ਸਾਡੀ ਨੌਜਵਾਨ ਪੀੜ੍ਹੀ ਪਾਣੀ ਵਾਂਗ ਪੈਸਾ ਵਹਾ ਰਹੀ ਹੈ। ਅਸੀਂ ਮੋਬਾਈਲ ਫੋਨਾਂ ਦੇ ਖਿਲਾਫ਼ ਨਹੀਂ ਹਾਂ। ਅਸੀਂ ਤਾਂ ਇਸ ਦੀ ਦੁਰਵਰਤੋਂ ਤੇ ਬੇਸਮਝੇ ਹੱਥਾਂ ਵਿਚ ਜਾਣ ਤੋਂ ਪ੍ਰੇਸ਼ਾਨ ਹਾਂ। ਜਿਸ ਨਾਲ ਸਾਡਾ ਭਵਿੱਖ਼ ਤਰੱਕੀ ਦਾ ਰਾਹ ਭੁੱਲ ਕੇ ਅਜਿਹੇ ਹਨੇਰੇ ਰਸਤੇ ਤੇ ਤੁਰ ਪਿਆ ਹੈ, ਜਿਸ ਤੇ ਖ਼ੁਸ਼ਹਾਲੀ ਬਰਬਾਦੀ ਹੈ। ਸੋ ਅੱਜ ਲੋੜ ਹੈ ਸਾਡੇ ਸੂਝਵਾਨ ਮਾਪਿਆਂ, ਲੀਡਰਾਂ ਤੇ ਬੁੱਧੀਜੀਵੀਆਂ ਨੂੰ ਕਿ ਉਹ ਸਾਡੇ ਨਾਬਾਲਗ ਮੁੰਡੇ–ਕੁੜੀਆਂ ਨੂੰ ਸਹੀ ਰਸਤਾ ਦਿਖਾਉਣ ਤੇ ਮਾਰਗ ਦਰਸ਼ਨ ਕਰਨ ਕੇ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਸਿਰਫ਼ ਸਾਕਾਰਾਤਮਕ ਕੰਮਾਂ ਲਈ ਮੋਬਾਇਲ ਫੋਨਾਂ ਦੀ ਵਰਤੋਂ ਕਰਨ।


ਸੁਖਪਾਲ ਸਿੰਘ ਢਿੱਲੋਂ
(ਰੋਜ਼ਾਨਾ ਅਜੀਤ ਜਲੰਧਰ)

ਸਿੱਖ ਪੰਥ ਡੇਰਾਵਾਦ ਦੀ ਚੁਣੌਤੀ ਨਾਲ ਕਿਵੇਂ ਨਿਪਟੇ?

ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ 12 ਮਈ ਨੂੰ ਸਲਾਬਤਪੁਰਾ (ਬਠਿੰਡਾ) ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਸੰਚਾਰ ਦੇ ਇਤਿਹਾਸਕ ਤੇ ਯੁੱਗ-ਪਲਟਾਊ ਕਾਰਜ ਦੀ ਨਕਲ ਕਰਨ ਸਦਕਾ ਸਿੱਖ ਪੰਥ ਅਤੇ ਡੇਰਾ ਸੱਚਾ ਸੌਦੇ ਦੇ ਸ਼ਰਧਾਲੂਆਂ ਵਿਚਕਾਰ ਪੈਦਾ ਹੋੲੇ ਤਿੱਖੇ ਟਕਰਾਅ ਦੀ ਸ਼ਿੱਦਤ ਭਾਵੇਂ ਪਹਿਲਾਂ ਨਾਲੋਂ ਘਟੀ ਹੈ ਪਰ ਅਜੇ ਵੀ ਸਥਿਤੀ ਵਿਸਫੋਟਕ ਬਣੀ ਹੋਈ ਹੈ। ਮਾਲਵੇ ਦੇ ਖੇਤਰ ਵਿਚ ਹਰ ਰੋਜ਼ ਸਿੱਖ ਸੰਗਤਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਨਿੱਕੇ-ਮੋਟੇ ਟਕਰਾਅ ਹੋ ਰਹੇ ਹਨ। 13 ਜੂਨ ਨੂੰ ਚੀਮਾ ਮੰਡੀ ਵਿਚ ਹੋਇਆ ਟਕਰਾਅ ਸਾਡੇ ਸਾਹਮਣੇ ਹੈ। ਸਿੱਖ ਸੰਗਤਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਇਥੇ ਹੋੲੇ ਟਕਰਾਅ ਵਿਚ ਦੁਕਾਨਾਂ, ਰੇਹੜੀਆਂ ਤੇ ਵਾਹਨਾਂ ਨੂੰ ਅੱਗਾਂ ਲਾਉਣ ਤੱਕ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਘਟਨਾਕ੍ਰਮ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਚੀਮਾ ਮੰਡੀ ਪਿੰਡ ਦੇ ਦਿੱਲੀ ਰਹਿੰਦੇ ਇਕ ਵਿਅਕਤੀ ਸ: ਗੁਰਜੰਟ ਸਿੰਘ ਨੇ ਕਿਸੇ ਸਮਾਗਮ ਵਿਚ ਇਹ ਕਿਹਾ ਸੀ ਕਿ ਡੇਰੇ ਨਾਲ ਜੁੜੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਡੇਰਾ ਸੱਚਾ ਸੌਦਾ ਦਾ ਸਾਥ ਛੱਡ ਕੇ ਆਪਣੇ ਪਹਿਲੇ ਧਰਮਾਂ ਵਿਚ ਆ ਜਾਣਾ ਚਾਹੀਦਾ ਹੈ। ਇਸ ਦਾ ਡੇਰਾ ਪ੍ਰੇਮੀਆਂ ਨੇ ਬੁਰਾ ਮਨਾਇਆ ਅਤੇ ਗੁਰਜੰਟ ਸਿੰਘ ’ਤੇ ਚੀਮਾ ਮੰਡੀ ਆਉਣ ’ਤੇ ਹਮਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਿੱਖ ਸੰਗਤਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਟਕਰਾਅ ਵਧ ਗਿਆ ਜਿਸ ਨੂੰ ਪੁਲਿਸ ਨੇ ਸਮੇਂ ਸਿਰ ਦਖ਼ਲ ਦੇ ਕੇ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾ ਲਿਆ।
ਇਸ ਘਟਨਾ ਦੀ ਸੰਵੇਦਨਸ਼ੀਲਤਾ ਦੱਸਦੀ ਹੈ ਕਿ ਕਿਸੇ ਵੀ ਥਾਂ ਅਜਿਹਾ ਕੁਝ ਵਾਪਰ ਸਕਦਾ ਹੈ ਜਿਸ ਨਾਲ ਕਿ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ਦਰਮਿਆਨ ਵੱਡਾ ਟਕਰਾਅ ਆਰੰਭ ਹੋ ਸਕਦਾ ਹੈ।
12 ਮਈ ਤੋਂ ਬਾਅਦ ਹੁਣ ਤੱਕ ਵਾਪਰੇ ਸਮੁੱਚੇ ਘਟਨਾਕ੍ਰਮ ਨੂੰ ਦੇਖੀੲੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਵੇਂ ਡੇਰਾ ਸੱਚਾ ਸੌਦਾ ਦਾ ਮੁਖੀ ਆਪਣੇ ਵੱਲੋਂ ਕੀਤੀ ਗਈ ਵੱਡੀ ਗ਼ਲਤੀ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕੇ ਸਿੱਖ ਪੰਥ ਤੋਂ ਸਪੱਸ਼ਟ ਰੂਪ ਵਿਚ ਖਿਮਾ ਯਾਚਨਾ ਕਰਕੇ ਟਕਰਾਅ ਨੂੰ ਸਥਾਈ ਤੌਰ ’ਤੇ ਟਾਲਣ ਲਈ ਕੋਈ ਉਸਾਰੂ ਰੋਲ ਅਦਾ ਕਰਨ ਵਿਚ ਅਸਫ਼ਲ ਰਿਹਾ ਹੈ ਪਰ ਇਸ ਦੇ ਬਾਵਜੂਦ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੇ ਰਾਜ ਵਿਚ ਅਮਨ ਤੇ ਸਦਭਾਵਨਾ ਬਣਾਈ ਰੱਖਣ ਲਈ ਕਾਫੀ ਹੱਦ ਤੱਕ ਤਹੱਮਲ ਅਤੇ ਦੂਰਦ੍ਰਿਸ਼ਟੀ ਤੋਂ ਕੰਮ ਲਿਆ ਹੈ। ਪੰਜਾਬ ਸਰਕਾਰ ਭਾਵੇਂ ਸ਼ੁਰੂ ਵਿਚ ਕੁਝ ਅਵੇਸਲੀ ਅਤੇ ਗ਼ੈਰ-ਪ੍ਰਭਾਵੀ ਨਜ਼ਰ ਆਉਂਦੀ ਸੀ ਪਰ ਬਾਅਦ ਵਿਚ ਕਾਫੀ ਹੱਦ ਤੱਕ ਚੌਕਸ ਹੋ ਗਈ। ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਸਵਾਮੀ ਅਗਨੀਵੇਸ਼ ਦੀ ਅਗਵਾਈ ਵਿਚ ਹੋਰ ਧਰਮਾਂ ਦੇ ਸੰਤ-ਮਹਾਂਪੁਰਸ਼ਾਂ ਨੇ ਵੀ ਸਥਿਤੀ ਨੂੰ ਸੁਲਝਾਉਣ ਲਈ ਸੁਹਿਰਦਤਾ ਨਾਲ ਯਤਨ ਕੀਤੇ ਹਨ। ਪਾਰਲੀਮੈਂਟ ਮੈਂਬਰ ਸ: ਤ੍ਰਿਲੋਚਨ ਸਿੰਘ ਦਾ ਰੋਲ ਵੀ ਪ੍ਰਸੰਸਾਜਨਕ ਰਿਹਾ ਹੈ। ਪਰ ਇਨ੍ਹਾਂ ਸਾਰੀਆਂ ਧਿਰਾਂ ਲਈ ਅਵੇਸਲੇ ਹੋਣ ਦੀ ਅਜੇ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਕੁਝ ਧਿਰਾਂ ਅਤੇ ਕੁਝ ਲੋਕ ਆਪੋ-ਆਪਣੇ ਸਵਾਰਥਾਂ ਕਰਕੇ ਅਜੇ ਵੀ ਇਸ ਟਕਰਾਅ ਲਈ ਯਤਨਸ਼ੀਲ ਹਨ।
ਇਸ ਸਮੇਂ ਸਿੱਖ ਪੰਥ ਸਾਹਮਣੇ ਦੋ ਬੜੇ ਅਹਿਮ ਕਾਰਜ ਹਨ। ਪਹਿਲਾ ਪੰਜਾਬ ਵਿਚ ਅਮਨ ਤੇ ਸਦਭਾਵਨਾ ਨੂੰ ਕਿਵੇਂ ਬਣਾਈ ਰੱਖਿਆ ਜਾਵੇ ਤੇ ਦੂਜਾ ਡੇਰਾਵਾਦ ਦੀ ਜਿੱਲ੍ਹਣ ਵਿਚੋਂ ਪੰਜਾਬ ਅਤੇ ਦੇਸ਼ ਦੇ ਹੋਰ ਲੋਕਾਂ ਨੂੰ ਕਿਵੇਂ ਕੱਢਿਆ ਜਾਵੇ? ਇਸ ਸਬੰਧੀ ਕਿਸੇ ਕਾਰਜ ਯੋਜਨਾ ਬਾਰੇ ਚਰਚਾ ਕਰਨ ਤੋਂ ਪਹਿਲਾਂ ਪਿਛਲੇ ਦਿਨਾਂ ਵਿਚ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗੲੇ ਆਦੇਸ਼ਾਂ ਦੀ ਭਾਵਨਾ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਸਿੰਘ ਸਾਹਿਬਾਨ ਨੇ ਤਲਵੰਡੀ ਸਾਬੋ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗੲੇ ਵੱਖ-ਵੱਖ ਆਦੇਸ਼ਾਂ ਵਿਚ ਜਿਥੇ ਡੇਰਾ ਸੱਚਾ ਸੌਦਾ ਅਤੇ ਹੋਰ ਇਹੋ ਜਿਹੀ ਵਿਚਾਰਧਾਰਾ ਵੱਲੋਂ ਡੇਰਿਆਂ ਦਾ ਸਿੱਖ ਸੰਗਤਾਂ ਨੂੰ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ ਅਤੇ ਡੇਰੇ ਬੰਦ ਕਰਵਾਉਣ ਲਈ ਵੀ ਆਖਿਆ ਹੈ, ਉਥੇ ਪੰਜਾਬ ਵਿਚ ਅਮਨ ਤੇ ਸਦਭਾਵਨਾ ਹਰ ਹਾਲਤ ਵਿਚ ਬਣਾਈ ਰੱਖਣ, ਤਲਵਾਰਾਂ ਜਾਂ ਹੋਰ ਹਥਿਆਰ ਜਨਤਕ ਤੌਰ ’ਤੇ ਲਹਿਰਾਕੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਨਾ ਪੈਦਾ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਸਿੰਘ ਸਾਹਿਬਾਨ ਨੇ ਡੇਰੇ ਬੰਦ ਕਰਵਾਉਣ ਲਈ ਤਾਂ ਆਖਿਆ ਹੈ ਪਰ ਅਜਿਹਾ ਹਿੰਸਕ ਢੰਗ-ਤਰੀਕਿਆਂ ਨਾਲ ਜਾਂ ਜ਼ਬਰਦਸਤੀ ਕਰਨ ਲਈ ਨਹੀਂ ਆਖਿਆ। ਡੇਰਾਵਾਦੀ ਰੁਝਾਨ ਨੂੰ ਖ਼ਤਮ ਕਰਨ ਲਈ ਸਿੰਘ ਸਾਹਿਬਾਨ ਨੇ ਸਿੱਖ ਪੰਥ ਤੇ ਪੰਥਕ ਸੰਗਠਨਾਂ ਨੂੰ ਸਿਧਾਂਤਕ ਪੱਧਰ ’ਤੇ ਸਿੱਖੀ ਦੇ ਪ੍ਰਚਾਰ ਲਈ ਬਿਨਾਂ ਕਿਸੇ ਕਿਸਮ ਦੀ ਹਿੰਸਾ ਤੇ ਟਕਰਾਓ ਤੋਂ ਪ੍ਰਭਾਵਸ਼ਾਲੀ ਪ੍ਰਚਾਰ ਲਹਿਰ ਸ਼ੁਰੂ ਕਰਨ ਲਈ ਕਿਹਾ ਹੈ।
ਸਿੰਘ ਸਾਹਿਬਾਨ ਦੇ ਇਨ੍ਹਾਂ ਸਪੱਸ਼ਟ ਆਦੇਸ਼ਾਂ ਦੇ ਬਾਵਜੂਦ ਸਿੱਖ ਸਫ਼ਾਂ ਵਿਚ ਕੁਝ ਅਜਿਹੇ ਲੋਕ ਸਰਗਰਮ ਹਨ ਜਿਹੜੇ ਆਪਣੇ ਸੌੜੇ ਸਿਆਸੀ ਸੁਆਰਥਾਂ ਦੀ ਪੂਰਤੀ ਲਈ ਸਿੰਘ ਸਾਹਿਬਾਨ ਦੇ ਆਦੇਸ਼ਾਂ ਦੇ ਆਪਣੇ ਦ੍ਰਿਸ਼ਟੀਕੋਣ ਮੁਤਾਬਿਕ ਅਰਥ ਕੱਢ ਕੇ ਪੰਜਾਬ ਵਿਚ ਅਮਨ ਤੇ ਸਦਭਾਵਨਾ ਨੂੰ ਭੰਗ ਕਰਨ ਲਈ ਵਾਰ-ਵਾਰ ਯਤਨ ਕਰ ਰਹੇ ਹਨ। ਅਜਿਹੇ ਲੋਕਾਂ ਵਿਚ ਉਹ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਧਾਰਮਿਕ ਖੇਤਰ ਵਿਚ ਜਾਂ ਕੁਝ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਹੋਈ ਚੋਣ ਵਿਚ ਸਿੱਖ ਪੰਥ ਨੇ ਬਹੁਤਾ ਸਮਰਥਨ ਨਹੀਂ ਸੀ ਦਿੱਤਾ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਿਲ ਹਨ ਜੋ ਦਿੱਲੀ ਵਿਚ ਤਾਂ ਆਪਣੀਆਂ ਸਾਰੀਆਂ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਕਾਂਗਰਸ ਤੇ ਕਈ ਵਾਰ ਭਾਜਪਾ ਆਦਿ ਪਾਰਟੀਆਂ ਦਾ ਓਟ ਆਸਰਾ ਲੈ ਕੇ ਚਲਾਉਂਦੇ ਹਨ ਪਰ ਪੰਜਾਬ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਪੰਥਕ ਸੰਗਠਨਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਅਗਵਾਈ ਕਰਨ ਲਈ ਯਤਨਸ਼ੀਲ ਹਨ। ਇਨ੍ਹਾਂ ਲੋਕਾਂ ਦਾ ਮੁੱਖ ਮੰਤਵ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਸਿੱਖ ਪੰਥ ਤੇ ਡੇਰਾ ਸੱਚਾ ਸੌਦਾ ਦਰਮਿਆਨ ਪੈਦਾ ਹੋੲੇ ਟਕਰਾਅ ਨੂੰ ਇਹ ਆਪਣੇ-ਆਪ ਨੂੰ ਪ੍ਰਸੰਗਿਕ ਬਣਾਉਣ ਲਈ ਇਕ ਅਹਿਮ ਮੌਕਾ ਸਮਝਦੇ ਹਨ।
ਮੰਤਵ ਬੜਾ ਸਪੱਸ਼ਟ ਹੈ। ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਵਿਗੜੇ ਅਤੇ ਕੇਂਦਰੀ ਸਰਕਾਰ ਰਾਸ਼ਟਰਪਤੀ ਰਾਜ ਲਾਗੂ ਕਰ ਦੇਵੇ। ਪੰਥ ਦੇ ਹਿਤਾਂ ਨੂੰ ਇਸ ਨਾਲ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ? ਪੰਜਾਬ ਤੇ ਸਮੁੱਚੇ ਪੰਜਾਬੀਆਂ ਨੂੰ ਇਸ ਸਮੇਂ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਹਰ ਰੋਜ਼ ਖ਼ੁਦਕੁਸ਼ੀਆਂ ਕਰ ਰਹੇ ਕਿਸਾਨ (ਜਿਹੜੇ ਕਿ ਵਧੇਰੇ ਸਿੱਖ ਹੀ ਹਨ) ਦੀਆਂ ਗੰਭੀਰ ਹੋ ਰਹੀਆਂ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਕੀ ਹੋ ਸਕਦਾ ਹੈ? ਨੌਜਵਾਨ ਪੀੜ੍ਹੀ ਨਸ਼ਿਆਂ ਦੇ ਰੁਝਾਨ ਵੱਲ ਰੁਚਿਤ ਕਿਉਂ ਹੋ ਰਹੀ ਹੈ? ਸਮਾਜ ਵਿਚ ਭਰੂਣ ਹੱਤਿਆ ਕਿਉਂ ਵਧ ਰਹੀ ਹੈ? ਪੰਜਾਬੀ ਜ਼ਬਾਨ ਤੇ ਪੰਜਾਬੀ ਸੱਭਿਆਚਾਰ ਵਾਲੇ ਖਿੱਤੇ ਪੰਜਾਬ ਵਿਚ ਗ਼ੈਰ-ਪੰਜਾਬੀ ਪ੍ਰਭਾਵ ਕਿਉਂ ਵਧ ਰਹੇ ਹਨ? ਸਿੱਖਿਆ ਤੇ ਸਿਹਤ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਕਿਉਂ ਹੋ ਰਹੀਆਂ ਹਨ? ਗੁਰਧਾਮਾਂ ਅਤੇ ਸਿੱਖ ਸੰਸਥਾਵਾਂ ਦੇ ਕੰਮਕਾਰ ਨੂੰ ਪਾਰਦਰਸ਼ੀ ਢੰਗ ਨਾਲ ਅਤੇ ਭ੍ਰਿਸ਼ਟਾਚਾਰ ਤੋਂ ਰਹਿਤ ਰੱਖ ਕੇ ਕਿਵੇਂ ਚਲਾਇਆ ਜਾ ਸਕਦਾ ਹੈ? ਅਨੇਕਾਂ ਸਵਾਲ ਹਨ ਜਿਹੜੇ ਪੰਥ ਤੇ ਪੰਜਾਬ ਸਾਹਮਣੇ ਦਰਪੇਸ਼ ਹਨ। ਪੰਥ ਤੇ ਪੰਜਾਬ ਦਾ ਭਲਾ ਚਾਹੁੰਣ ਵਾਲੀ ਹਰ ਧਿਰ ਨੂੰ ਇਨ੍ਹਾਂ ਮੁੱਦਿਆਂ ’ਤੇ ਆਧਾਰਿਤ ਕੋਈ ਸਪੱਸ਼ਟ ਨੀਤੀ ਤੇ ਕਾਰਜ ਯੋਜਨਾ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਹੋਰ ਪੰਥਕ ਸੰਗਠਨ ਜੇ ਉਹ ਸੱਚੇ ਦਿਲੋਂ ਪੰਥ ਤੇ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਅਜੋਕੇ ਸੰਦਰਭ ਵਿਚ ਉਨ੍ਹਾਂ ਦੀ ਪਹੁੰਚ ਟਕਰਾਅ ਪੈਦਾ ਕਰਕੇ ਸਿਆਸੀ ਲਾਭ ਲੈਣ ਦੀ ਨਹੀਂ ਸਗੋਂ ਗੁਰਮਤਿ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ’ਤੇ ਆਧਾਰਿਤ ਲਹਿਰ ਖੜ੍ਹੀ ਕਰਕੇ ਪੰਜਾਬ ਅਤੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਡੇਰਾਵਾਦ ਅਤੇ ਅੰਧ-ਵਿਸ਼ਵਾਸ ਦੀ ਜਿੱਲ੍ਹਣ ਵਿਚੋਂ ਕੱਢਣ ਦੀ ਹੋਣੀ ਚਾਹੀਦੀ ਹੈ। ਇਸ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਨਿਰੰਤਰ ਕੰਮ ਕਰਨ ਦੀ ਲੋੜ ਹੈ। ਅਜੋਕੇ ਯੁੱਗ ਵਿਚ ਧਰਮ ਦਾ ਹਥਿਆਰ ਪਿਆਰ ਤੇ ਪ੍ਰੇਰਨਾ ਬਣਨਾ ਚਾਹੀਦਾ ਹੈ। ਪਿਆਰ, ਪ੍ਰੇਰਨਾ ਤੇ ਸੇਵਾ ਨਾਲ ਤੁਸੀਂ ਲੋਕਾਂ ਦੇ ਦਿਲ ਜਿੱਤ ਸਕਦੇ ਹੋ। ਦਿਲ ਜਿੱਤ ਕੇ ਉਨ੍ਹਾਂ ਨੂੰ ਡੇਰਾਵਾਦ, ਅੰਧ-ਵਿਸ਼ਵਾਸ ਅਤੇ ਹੋਰ ਬੁਰਾਈਆਂ ਦੀ ਜਿੱਲ੍ਹਣ ’ਚੋਂ ਬਾਹਰ ਕੱਢ ਸਕਦੇ ਹੋ। ਦਬਾਅ ਨਾਲ ਜਾਂ ਜ਼ਬਰਦਸਤੀ ਇਹ ਕੰਮ ਨਹੀਂ ਹੋ ਸਕਦਾ। ਸਿੱਖ ਪੰਥ ਦੇ ਸਿਰਮੌਰ ਆਗੂ ਮਾਸਟਰ ਤਾਰਾ ਸਿੰਘ ਨੇ ਇਕ ਵਾਰ ਕਿਹਾ ਸੀ ਕਿ ਮੈਂ ਹਰ ਰੋਜ਼ ਸਵੈਇੱਛਾ ਨਾਲ ਜਪੁਜੀ ਸਾਹਿਬ ਦਾ ਪਾਠ ਕਰਦਾ ਹਾਂ ਪਰ ਜੇਕਰ ਕੋਈ ਮੈਨੂੰ ਜ਼ਬਰਦਸਤੀ ਅਜਿਹਾ ਕਰਨ ਲਈ ਆਖੇਗਾ ਤਾਂ ਮੈਂ ਨਹੀਂ ਕਰਾਂਗਾ। ਆਮ ਆਦਮੀ ਦੀ ਮਾਨਸਿਕਤਾ ਅਜਿਹੀ ਹੀ ਹੁੰਦੀ ਹੈ।
ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਹੇਠਲੇ ਵਰਗਾਂ ਦੇ ਲੋਕ ਡੇਰਾਵਾਦ ਵੱਲ ਕਿਉਂ ਜਾਂਦੇ ਹਨ? ਇਸ ਦਾ ਜਵਾਬ ਇਹੀ ਮਿਲਦਾ ਹੈ ਕਿ ਗੁਰਮਤਿ ਵਿਚ ਭਾਵੇਂ ਜਾਤ-ਪਾਤ ਨਹੀਂ ਹੈ ਪਰ ਸਿੱਖ ਸੰਗਤਾਂ ਵਿਚ ਅਜੇ ਵੀ ਜਾਤ-ਪਾਤ ਤੇ ਛੂਆ-ਛੂਤ ਆਦਿ ਬੁਰਾਈਆਂ ਕਾਇਮ ਹਨ। ਇਸ ਲਈ ਜੇਕਰ ਅਸੀਂ ਗੁਰਮਤਿ ਦੇ ਸਿਧਾਂਤਾਂ ਦੇ ਮੁਤਾਬਿਕ ਹੇਠਲੇ ਵਰਗਾਂ ਦੇ ਲੋਕਾਂ ਨੂੰ ਪੰਥ ਦੀ ਮੁੱਖ ਧਾਰਾ ਵਿਚ ਲਿਆਉਣਾ ਚਾਹੁੰਦੇ ਹਾਂ ਤਾਂ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਸੰਗਠਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਜੋ ਲਹਿਰ ਚਲਾਈ ਜਾਣੀ ਹੈ, ਉਸ ਦੇ ੲੇਜੰਡੇ ਵਿਚ ਡੇਰਾਵਾਦ ਦੇ ਖ਼ਾਤਮੇ ਦੇ ਨਾਲ ਹੀ ਜਾਤ-ਪਾਤ ਦੇ ਖ਼ਾਤਮੇ ਦਾ ਮੁੱਦਾ ਵੀ ਅਵੱਸ਼ ਹੋਣਾ ਚਾਹੀਦਾ ਹੈ। ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਗੁਰਸਿੱਖ ਪਰਿਵਾਰਾਂ ਵਿਚਕਾਰ ਅੰਤਰਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਿੱਖ ਸਮਾਜ ਵਿਚ ਹੇਠਲੇ ਵਰਗਾਂ ਦਾ ਮਾਣ-ਸਨਮਾਨ ਕਾਇਮ ਕਰਨਾ ਚਾਹੀਦਾ ਹੈ। ਧਾਰਮਿਕ ਤੇ ਰਾਜਨੀਤਕ ਸੰਗਠਨਾਂ ਵਿਚ ਉਨ੍ਹਾਂ ਨੂੰ ਵਾਜਿਬ ਨੁਮਾਇੰਦਗੀ ਦੇਣੀ ਚਾਹੀਦੀ ਹੈ। ਹੇਠਲੇ ਵਰਗਾਂ ਅਤੇ ਗਰੀਬ ਲੋਕਾਂ ਦੇ ਬੱਚਿਆਂ ਲਈ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੇਕਰ ਸਿੱਖ ਪੰਥ ਵੱਲੋਂ ਅਜਿਹੀ ਪਹੁੰਚ ਅਖ਼ਤਿਆਰ ਕੀਤੀ ਜਾਂਦੀ ਹੈ ਤਾਂ ਹੇਠਲੇ ਵਰਗਾਂ ਦੇ ਲੋਕ ਆਪਣੇ-ਆਪ ਪੰਥ ਦੀ ਮੁੱਖ ਧਾਰਾ ਵੱਲ ਆਉਣ ਲੱਗ ਪੈਣਗੇ ਅਤੇ ਨਿਰੰਤਰ ਇਸ ਪਹੁੰਚ ’ਤੇ ਅਮਲ ਨਾਲ ਡੇਰੇ ਆਪਣੇ-ਆਪ ਬੰਦ ਹੋ ਜਾਣਗੇ। ਸਿੱਧੇ ਟਕਰਾਵਾਂ ਦੀ ਥਾਂ ਸਹੀ ਅਰਥਾਂ ਵਿਚ ਪੰਥ ਦਾ ਬੋਲਬਾਲਾ ਚਾਹੁੰਣ ਵਾਲੇ ਸੰਗਠਨਾਂ ਨੂੰ ਇਸੇ ਦਿਸ਼ਾ ਵਿਚ ਕਾਰਜਸ਼ੀਲ ਹੋਣਾ ਚਾਹੀਦਾ ਹੈ। ਇਸੇ ਵਿਚ ਹੀ ਪੰਥ, ਪੰਜਾਬ ਅਤੇ ਦੇਸ਼ ਦਾ ਲਾਭ ਹੈ। ਇਸ ਤਰ੍ਹਾਂ ਦੀ ਲੰਮੇ ਸਮੇਂ ਦੀ ਪਰ ਪ੍ਰਭਾਵੀ ਪਹੁੰਚ ਅਖ਼ਤਿਆਰ ਕਰਨ ਦੀ ਥਾਂ ਜੇਕਰ ਕੋਈ ਧਿਰ ਸਿੱਖ ਪੰਥ ਨੂੰ ਸਿਰਫ਼ ਭੜਕਾਉਣ ਲਈ ਹੀ ਯਤਨਸ਼ੀਲ ਹੈ ਤਾਂ ਪੰਥ ਨੂੰ ਉਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

ਸਤਨਾਮ ਸਿੰਘ ਮਾਣਕ
(ਰੋਜ਼ਾਨਾ ਅਜੀਤ ਜਲੰਧਰ)

14 June, 2007

ਆਰਥਿਕਤਾ ਨੂੰ ਆਧਾਰ ਬਣਾ ਕੇ ਖੁਦਕੁਸ਼ੀ ਕਰਨਾ ਸਹੀ ਨਹੀਂ

ਕੁਦਰਤ ਨੇ ਹਰ ਇਕ ਨੂੰ ਜੀਵਨ ਦੇ ਕੇ ਉਸ ਨੂੰ ਜਿੳੂਣ ਅਤੇ ਜ਼ਿੰਦਗੀ ਨੂੰ ਸਮਝਣ ਲਈ ਇਕ ਮੌਕਾ ਦਿੱਤਾ ਹੈ ਤਾਂ ਜੋ ਇਸ ਜੀਵਨ ਵਿਚ ਆ ਕੇ ਉਹ ਖੁਦ ਆਪਣਾ ਸਵਾਰ ਸਕੇ ਅਤੇ ਦੂਸਰੇ ਦਾ ਭਲਾ ਕਰ ਸਕੇ। ਪਰ ਅਜਿਹਾ ਹਰ ਪਾਸੇ ਮੁਮਕਿਨ ਨਹੀਂ ਹੋ ਰਿਹਾ। ਜੀਵਨ ਨੂੰ ਜਿਊਣ ਦੇ ਰੰਗ ਹਰ ਇਕ ਦੇ ਆਪੋ ਆਪਣੇ ਹਨ ਅਤੇ ਹਰ ਕੋਈ ਕਿਸ ਨਜ਼ਰੀੲੇ ਨਾਲ ਦੇਖਦਾ ਹੈ ਅਤੇ ਕੋਈ ਕਿਸ ਨਾਲ ਅਤੇ ਇਹ ਸਭ ਹਰ ਇਕ ਦੀ ਨਿੱਜੀ ਸੋਚ ਅਤੇ ਮਨ ਦੀ ਸਥਿਤੀ ਅਨੁਸਾਰ ਹੈ। ਕਿਰਤ ਕਰਨ ਵਿਚ ਬਰਕਤ ਹੈ ਅਤੇ ਕਿਰਤ ਕਰਨ ਵਾਲਾ ਹਿੰਮਤੀ ਵਿਅਕਤੀ ਕਦੇ ਵੀ ਡਾਵਾਂ ਡੋਲ ਨਹੀਂ ਹੋ ਸਕਦਾ। ਮਿਹਨਤਕਸ਼ ਵਿਅਕਤੀ ਆਪਣੀ ਮਿਹਨਤ ਤੇ ਲਗਨ ਨਾਲ ਆਪਣੇ ਕੰਮਾਂ ਕਾਰਾਂ ਕਾਰੋਬਾਰਾਂ ਵਿਚ ਤਕੜਾ ਵਾਧਾ ਕਰ ਰਹੇ ਹਨ। ਹੱਕ ਹਲਾਲ ਦੀ ਮਿਹਨਤ ਕਦੇ ਨਾ ਕਦੇ ਆਪਣੇ ਰੰਗ ਵਿਖਾਉਂਦੀ ਹੈ। ਹੱਥੀਂ ਕਿਰਤ ਕਰਨੀ ਕੋਈ ਨਿੱਕੀ ਜਿਹੀ ਗੱਲ ਨਹੀਂ ਪਰ ਇਸ ਤੋਂ ਬਿਨਾਂ ਕੋਈ ਹੀਲਾ ਵੀ ਨਹੀਂ ਹੈ। ਕਈ ਲੋਕ ਅਜਿਹਾ ਢੰਗ ਲੱਭਦੇ ਹਨ ਕਿ ਕਿਹੜੇ ਢੰਗ ਨਾਲ ਜਲਦੀ ਤੋਂ ਜਲਦੀ ਵੱਧ ਪੈਸਾ ਬਣਾਇਆ ਜਾ ਸਕੇ ਅਤੇ ਇਸ ਬਾਰੇ ਹਰ ਕੋਈ ਆਪਣਾ ਦਿਲੋ ਦਿਮਾਗ ਵਰਤ ਰਿਹਾ ਹੈ ਅਤੇ ਸਾਰਾ ਕੰਮ ਉਸੇ ਅਨੁਸਾਰ ਹੀ ਕਰ ਰਹੇ ਹਨ। ਪਹਿਲਾਂ ਮਨੁੱਖ ਧਨ ਮਗਰ ਦੌੜਦਾ ਹੈ ਅਤੇ ਫਿਰ ਅਜਿਹੀ ਦੌੜ ਦੀ ਆਦਤ ਬਰਕਰਾਰ ਰਹਿੰਦੀ ਹੈ। ਸਮਾਜ ਵਿਚ ਮਨੁੱਖੀ ਵਰਗ ਨੂੰ ਗਰੀਬ, ਮੱਧਵਰਗ ਅਤੇ ਅਮੀਰ ਵਰਗ ਵਿਚ ਵੰਡ ਕੇ ਲੋਕਾਂ ਨੂੰ ਤਿੰਨ ਧਿਰਾਂ ਵਿਚ ਵੰਡ ਦਿੱਤਾ ਗਿਆ ਹੈ ਅਤੇ ਲੋਕ ਇਨ੍ਹਾਂ ਵਰਗਾਂ ਵਿਚ ਜੀਵਨ ਨੂੰ ਬਤੀਤ ਕਰ ਰਹੇ ਹਨ। ਸਮਾਜ ਵਿਚ ਅਮੀਰ ਵਰਗ ਨੂੰ ਕੋਈ ਜ਼ਿਆਦਾ ਚਿੰਤਾ ਨਹੀਂ ਹੈ ਜੋ ਮਰਜ਼ੀ ਹੋਈ ਜਾਵੇ। ਉਸ ਕੋਲ ਘਰ-ਘਾਟ ਚਲਾਉਣ ਲਈ ਇੰਨੀ ਮਾਇਆ ਹੈ ਕਿ ਅਗਲੀਆਂ ਪੀੜ੍ਹੀਆਂ ਨੂੰ ਵੀ ਚਿੰਤਾ ਨਹੀਂ। ਭਾਵੇਂ ਉਹ ਕੰਮ ਕਰਨ ਜਾਂ ਨਾ ਕਰਨ ਕੋਈ ਫਰਕ ਨਹੀਂ ਪੈਂਦਾ। ਪਰ ਇਸਦੇ ਉਲਟ ਗਰੀਬ ਵਰਗ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੀ ਚਿੰਤਾ ਹੈ ਕਿ ਰਾਤ ਨੂੰ ਖਾਣਾ ਮਿਲਣਾ ਹੈ ਕਿ ਨਹੀਂ। ਬੱਚੇ ਦੇ ਮੂੰਹ ਵਿਚ ਕੁਝ ਟੁਕੜਾ ਜਾਵੇਗਾ ਕਿ ਨਹੀਂ ਜਾਂ ਭੁੱਖੇ ਹੀ ਸੌਂ ਜਾਣਗੇ। ਹਰ ਪਾਸੇ ਹੱਡ ਭੰਨਵੀਂ ਮਿਹਨਤ ਕਰਕੇ ਪੱਲੇ ਕੁਝ ਨਹੀਂ ਪੈ ਰਿਹਾ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ ਅਤੇ ਇਨ੍ਹਾਂ ਵਿਚ ਪਾੜਾ ਵਧ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਮਿਹਨਤ ਕਰਨ ਵਾਲਾ ਥਾਂ-ਥਾਂ ’ਤੇ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਕਈ ਮਜ਼ਦੂਰ ਵਿਅਕਤੀਆਂ ਦੇ ਉਪਰ ਕੰਮ ਕਰਨ ਵਾਲੇ ਵੀ ਉਨ੍ਹਾਂ ਦੀ ਮਜ਼ਦੂਰੀ ਵਿਚੋਂ ਹੱਕ ਮਾਰ ਜਾਂਦੇ ਹਨ ਅਤੇ ਇਸ ਤਰਾਂ ਦੀ ਮਾਰ ਇਨ੍ਹਾਂ ਨੂੂੰ ਵਾਰ-ਵਾਰ ਪੈਂਦੀ ਹੈ। ਕਈ ਵਾਰ ਤਾਂ ਪੂਰੀ ਉਜਰਤ ਵੀ ਨਹੀਂ ਮਿਲਦੀ। ਪੱਕੇ ਮਜ਼ਦੂਰਾਂ ਨਾਲ ਵੀ ਕਈ ਥਾਵਾਂ ’ਤੇ ਅਜਿਹਾ ਹੋ ਰਿਹਾ ਹੈ। ਅਜਿਹਾ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ ਅਤੇ ਹਰ ਪਾਸੇ ਝਾਤੀ ਮਾਰਨ ’ਤੇ ਸਾਫ ਝਲਕਦਾ ਹੈ। ਬੇਸ਼ੱਕ ਕਿਸੇ ਪਾਸੇ ਵੀ ਨਜ਼ਰ ਮਾਰ ਕੇ ਦੇਖ ਲਿਆ ਜਾਵੇ ਗਰੀਬ ਵਿਅਕਤੀ ਸੰਘਰਸ਼ ਦੀ ਜ਼ਿੰਦਗੀ ਬਿਤਾ ਰਿਹਾ ਹੈ ਅਤੇ ਵਿਹਲੜ ਕਿਸਮ ਦੇ ਲੋਕ ਆਰਥਿਕ ਲੁੱਟ ਕਰ ਰਹੇ ਹਨ। ਹੁਣ ਤਾਂ ਗਰੀਬ ਘਰਾਂ ਵਿਚ ਆਮਦਨ ਘੱਟ ਅਤੇ ਖਰਚਾ ਵੱਧ ਹੈ ਅਤੇ ਕਮਾਉਣ ਵਾਲਾ ਇਕੱਲਾ ਕੀ ਕਰੇ? ਕੀ ਕਮਾਵੇ? ਕੀ ਖਾਵੇ ਤੇ ਕੀ ਖਵਾਵੇ? ਕੀ ਬਚਾਵੇ? ਇਸ ਬਾਰੇ ਤਾਂ ਕੁਦਰਤ ਹੀ ਜਾਣਦੀ ਹੈ। ਅਜਿਹੀ ਗਰੀਬੀ ਨਾਲ ਜੂਝ ਰਹੇ ਵਿਅਕਤੀ ਵੀ ਕਈ ਵਾਰ ਦਿਲ ਢਾਹ ਕੇ ਆਪਣੇ ਆਪ ਨੂੰ ਆਤਮ-ਹੱਤਿਆ ਵੱਲ ਲੈ ਜਾਂਦੇ ਹਨ। ਆਤਮ ਹੱਤਿਆ ਕਰਨ ਤੋਂ ਬਾਅਦ ਕੀ ਉਸ ਦਾ ਪਰਿਵਾਰ ਆਰਥਿਕ ਤੌਰ ’ਤੇ ਤਕੜਾ ਹੋ ਜਾਂਦਾ ਹੈ? ਮੱਧ ਵਰਗ ਆਪਣੇ ਰੋਣੇ ਰੋ ਰਿਹਾ ਹੈ ਨਾ ਉਹ ਉ​‒ੱਤੇ ਹੈ ਤੇ ਨਾ ਉਹ ਹੇਠਲਿਆਂ ਵਿਚ। ਉਸਦਾ ਧਿਆਨ ਹੋਰ ਅਮੀਰ ਹੋਣ ਵੱਲ ਹੈ। ਅਮੀਰ ਹੋਰ ਅਮੀਰ ਹੋਣ ਦਾ ਵਲਵਲਾ ਰੱਖਦਾ ਹੈ ਅਤੇ ਉਸ ਦੀ ਸੰਤੁਸ਼ਟੀ ਵੀ ਨਹੀਂ ਹੋ ਰਹੀ, ਭਾਵੇਂ ਉਸ ਕੋਲ ਕਰੋੜਾਂ ਰੁਪਿਆ ਕਿਉ ਨਾ ਹੋਵੇ। ਪਰ ਮਨ ਫਿਰ ਵੀ ਨਹੀਂ ਭਰਦਾ। ਕਿਸਾਨ ਜ਼ਿਮੀਂਦਾਰ ਵੀ ਆਪਣੀ ਜ਼ਮੀਨ ਪੈਲੀ ਦੇ ਆਸਰੇ ਹੈ ਪਰ ਕੁੱਝ ਮਾੜੀਆਂ ਨੀਤੀਆਂ ਅਤੇ ਬੀਤੇ ਸਮੇਂ ਤੋਂ ਦਾਦਿਆਂ ਪੜਦਾਦਿਆਂ ਦੀ ਵੰਡ ਵਾਰ-ਵਾਰ ਹੋਣ ਕਰਕੇ ਵੀ ਜ਼ਮੀਨ ਦੀ ਘਾਟ ਕਿਸਾਨੀ ਕੋਲ ਰੜਕਦੀ ਆ ਰਹੀ ਹੈ। ਹਰ ਕੋਈ ਜ਼ਮੀਨ ਦੀ ਮਾਰ ਝੱਲ ਰਿਹਾ ਹੈ। ਬਾਕੀ ਰਹਿੰਦੀ ਖੂੰਹਦੀ ਕਸਰ ਖਾਦਾਂ, ਕੀੜੇਮਾਰ ਤੇ ਕੀਟਨਾਸ਼ਕ ਦਵਾਈਆਂ, ਬੈਂਕਾਂ ਦੇ ਕਰਜ਼ਿਆਂ ਨੇ ਕੱਢ ਦਿੱਤੀ। ਅਜਿਹੀਆਂ ਹਾਲਤਾਂ ਵਿਚ ਗਰੀਬ ਕਿਸਾਨ ਦੀ ਹਾਲਤ ਪਤਲੀ ਹੋਈ ਪਈ ਹੈ। ਉਨ੍ਹਾਂ ਕੋਲ ਜ਼ਮੀਨ ਨਾ ਮਾਤਰ ਹੈ ਅਤੇ ਅਜਿਹੇ ਕਿਸਾਨ ਸਹਾਇਕ ਧੰਦੇ ਪਸ਼ੂ ਪਾਲਣ ਆਦਿ ਅਪਣਾ ਰਹੇ ਹਨ ਅਤੇ ਕਈ ਰੋਜ਼ੀ-ਰੋਟੀ ਦਾ ਜੁਗਾੜ ਚਲਾਉਣ ਲਈ ਮਜ਼ਦੂਰੀ\ਦਿਹਾੜੀ ਵੀ ਕਰ ਰਹੇ ਹਨ। ਕਿਸਾਨ ਵਰਗ ਵੀ ਆਪਣੇ ਘਰ ਚਲਾਉਣ ਤੋਂ ਅਸਮਰੱਥ ਹੋਇਆ ਪਿਆ ਹੈ। ਸ਼ਹਿਰ ਆ ਕੇ ਬਹੁਤ ਸਾਰੇ ਵਿਅਕਤੀ ਵੱਖ-ਵੱਖ ਥਾਵਾਂ ’ਤੇ ਕੰਮ ਕਰਦੇ ਹਨ ਅਤੇ ਜੀਵਨ ਨੂੰ ਚਲਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਪਰ ਫਿਰ ਵੀ ਕਿਸੇ ਪਾਸੇ ਵੀ ਦੇਖੀੲੇ ਕੋਈ ਵੀ ਸੰਤੁਸ਼ਟ ਨਹੀਂ ਹੈ। ਇਸ ਕਰਕੇ ਹਰ ਕੋਈ ਆਰਥਿਕ ਬੋਝ ਮਹਿਸੂਸ ਰਿਹਾ ਹੈ। ਜਿਸ ਕਰਕੇ ਪੰਜਾਬ ਵਿਚ ਖੁਦਕੁਸ਼ੀਆਂ ਦਾ ਦੌਰ ਬੀਤੇ ਸਮੇਂ ਤੋਂ ਕੁਝ ਵਧਿਆ ਹੈ। ਆਰਥਿਕਤਾ ਨਾਲ ਜੂਝ ਰਹੇ ਥੱਕੇ ਟੁੱਟੇ ਲੋਕ ਗਲ਼ ਵਿਚ ਪਰਨਾ ਜਾਂ ਰੱਸਾ ਪਾ ਕੇ ਫਾਹਾ ਲੈ ਰਹੇ ਹਨ। ਪਿਛਲੀ ਦਿਨੀਂ ਆਰਥਿਕ ਤੰਗੀ ਕਾਰਨ ਅਤੇ ਕਰਜ਼ੇ ਥੱਲੇ ਦੱਬੇ ਇਕ ਕਿਸਾਨ ਨੇ ਕਰਜ਼ੇ ਦੇ ਬੋਝ ਨਾਲ ਕੀਟਨਾਸ਼ਕ ਦਵਾਈ ਪੀ ਕੇ ਆਪਣੇ ਜੀਵਨ ਦੀ ਲੀਲ੍ਹਾ ਖਤਮ ਕਰ ਲਈ। ਇਹ ਕਿਸਾਨ ਬੀਤੇ ਦੋ ਕੁ ਮਹੀਨਿਆਂ ਤੋਂ ਆਰਥਿਕ ਤੰਗੀ ਵਿਚ ਸੀ। ਇਸ ਨੇ ਕੁਝ ਸਮਾਂ ਪਹਿਲਾਂ ਆਪਣੀ ਜ਼ਮੀਨ ਵੇਚ ਕੇ, ਕੁਝ ਕਰਜ਼ਾ ਉਤਾਰਿਆ ਸੀ। ਪਰ ਫਿਰ ਵੀ ਉਹ ਕਰਜ਼ੇ ਤੋਂ ਮੁਕਤ ਨਹੀਂ ਹੋ ਸਕਿਆ ਅਤੇ ਆਪਣੇ ਪਿੱਛੇ ਦੋ ਪੁੱਤਰ, ਪਤਨੀ ਅਤੇ ਮਾਤਾ ਨੂੰ ਛੱਡ ਗਿਆ। ਜਿਹੜੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ ਉਹ ਪਤਾ ਨਹੀਂ ਕਿਸ ਤਰ੍ਹਾਂ ਆਪਣਾ ਮਨ ਪੱਥਰ ਕਰਕੇ ਅਜਿਹਾ ਖੁਦਕੁਸ਼ੀ ਦਾ ਰਸਤਾ ਅਖਤਿਆਰ ਕਰਦੇ ਹਨ ਅਤੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਅਜਿਹਾ ਕਰਕੇ ਤਾਂ ਉਹ ਆਪਣੇ ਪਰਿਵਾਰ ਨੂੰ ਮੰਝਧਾਰ ਵਿਚ ਛੱਡ ਜਾਂਦੇ ਹਨ। ਮਰਨ ਵਾਲਾ ਤਾਂ ਆਪ ਮਰ ਜਾਂਦਾ ਹੈ ਤੇ ਪਿੱਛੇ ਪਰਿਵਾਰ ਨੂੰ ਕਲਪਣ ਲਈ ਛੱਡ ਜਾਂਦਾ ਹੈ। ਅਜਿਹੀਆਂ ਉਦਾਹਰਣਾਂ ਤਾਂ ਅਕਸਰ ਹੀ ਮਿਲਦੀਆਂ ਰਹਿੰਦੀਆਂ ਹਨ। ਪਰ ਮਿਹਨਤਕਸ਼ ਲੋਕਾਂ ਨੂੰ ਕਿਰਤ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਕਿਰਤੀ ਹੀ ਇਕ ਦਿਨ ਫ਼ਰਸ਼ੋਂ ਅਰਸ਼ ’ਤੇ ਆਉਣਗੇ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਹੋੲੇਗੀ। ਇਸ ਲਈ ਕਿਰਤ ਕਰਨ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ ਅਤੇ ਚੰਗਾ ਭਵਿੱਖ ਬਣਾਉਣ ਲਈ ਤਰੱਕੀ ਦੀਆਂ ਮੰਜ਼ਿਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਹੁਣ ਸਰਕਾਰ ਵੱਲੋਂ ਆਰਥਿਕ ਮੰਦਹਾਲੀੇ ਦੇ ਸ਼ਿਕਾਰ ਕਿਸਾਨਾਂ ਜਿਨ੍ਹਾਂ ਨੇ ਆਤਮ ਹੱ​‒ਤਿਆਵਾਂ ਕੀਤੀਆਂ ਹਨ, ਉਨ੍ਹਾਂ ਦੀ ਅਸਲ ਗਿਣਤੀ ਬਾਰੇ ਸਰਵੇ ਕਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕਰਜ਼ੇ ਦੇ ਬੋਝ ਹੇਠ ਆੲੇ ਕਿਸਾਨਾਂ ਦੀਆਂ ਪਿਛਲੇ ਕਰੀਬ ਪੰਜ ਸਾਲਾਂ ਵਿਚ ਆਤਮ ਹੱਤਿਆਵਾਂ ਵਿਚ ਵਾਧਾ ਹੋਇਆ। ਗਰੀਬੀ ਦੀ ਮਾਰ ਸਹਿਣੀ ਬਹੁਤ ਮੁਸ਼ਕਿਲ ਹੈ ਅਤੇ ਇਸ ਨੂੰ ਸਹਾਰ ਕੇ ਜੀਵਨ ਨੂੰ ਉਸਾਰੂ ਬਣਾਇਆ ਜਾ ਸਕਦਾ ਹੈ। ਕਦੇ ਵੀ ਜੀਵਨ ਵਿਚ ਆਖਰੀ ਪੜਾਅ ਨੂੰ ਮੌਤ ਨਾ ਸਮਝਿਆ ਜਾਵੇ। ਇਸ ਸਬੰਧੀ ਪਰਸਿੱਧ ਵਿਗਿਆਨੀ ਡਾਰਵਨ ਨੇ ਆਪਣੇ ਸਮੇਂ ਕਿਹਾ ਸੀ ਕਿ ਉਹ ਜੀਵ ਹੀ ਜਿਊਂਦੇ ਰਹਿੰਦੇ ਹਨ ਜਿਹੜੇ ਜੀਵਨ ਵਿਚ ਸੰਘਰਸ਼ ਕਰਦੇ ਹਨ ਅਤੇ ਹਾਲਤਾਂ ਦਾ ਮੁਕਾਬਲਾ ਕਰਦੇ ਹਨ ਅਤੇ ਜਿਹੜੇ ਮੁਕਾਬਲਾ ਕਰਦੇ ਹਾਰ ਜਾਂਦੇ ਹਨ ਉਹ ਖ਼ਤਮ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਜੀਵਨ ਅਲੋਪ ਹੋ ਜਾਂਦਾ ਹੈ। ਇਸ ਲਈ ਹਰ ਸਮੇਂ ਚੰਗੇ ਮਾੜੇ ਦਾ ਮੁਕਾਬਲਾ ਕਰਨਾ ਹੀ ਸਹੀ ਜੀਵਨ ਹੈ ਅਤੇ ਅਜਿਹਾ ਕਰਕੇ ਜੀਵਨ ਨੂੰ ਸਹੀ ਰਸਤੇ ’ਤੇ ਲਿਆਉਣਾ ਚਾਹੀਦਾ ਹੈ।


ਜਸਪਾਲ ਸਿੰਘ ਲੋਹਾਮ
(ਰੋਜ਼ਾਨਾ ਅਜੀਤ ਜਲੰਧਰ)

ਪੰਜਾਬ ਦੇ ਵਿਕਾਸ ਲਈ ਲਾਹੇਵੰਦ ਹੋ ਸਕਦਾ ਹੈ ਬਾਦਲ ਸਰਕਾਰ ਦਾ ਕੇਂਦਰ ਨਾਲ ਮੇਲ-ਮਿਲਾਪ

ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਕੇਂਦਰ ਵਿਚਲੀ ਕਾਂਗਰਸ ਸਰਕਾਰ ਅਤੇ ਪੰਜਾਬ ਵਿਚਲੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਵਿਚਕਾਰ ਤਣਾਅ ਜਾਂ ਟਕਰਾਅ ਦੀ ਥਾਂ ਸੁਰ-ਮੇਲ ਦਿਸ ਰਿਹਾ ਹੈ। ਆਪਣੀ ਸਿਆਸਤ ਦਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰ ਵਿਰੋਧੀ ਰਾਜਨੀਤੀ ਨੂੰ ਅਧਾਰ ਬਣਾ ਕੇ ਦਿੱਲੀ ਵਾਲਿਆਂ ’ਤੇ ਪੰਜਾਬ ਵਿਰੋਧੀ ਹੋਣ ਦਾ ਠੱਪਾ ਲਾ ਕੇ ਵਿਚਰਦੇ ਰਹੇ ਸ: ਬਾਦਲ ਇਸ ਵਾਰ ਆਪਣਾ ਇਹ ਪੈਂਤੜਾ ਬਦਲਦੇ ਦਿਖਾਈ ਦਿੰਦੇ ਹਨ। ਆਪਣੀ ਸਰਕਾਰ ਦੇ 100 ਦਿਨ ਪੂਰੇ ਹੋਣ ’ਤੇ ਸ: ਬਾਦਲ ਨੇ ਜਿਹੜੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ ਜਾਂ ਅਗਲੇ ਸਮੇਂ ਵਿਚ ਲਾਗੂ ਕੀਤੀਆਂ ਜਾਣ ਵਾਲੀਆਂ ਜਿਨ੍ਹਾਂ ਭਲਾਈ ਸਕੀਮਾਂ ਅਤੇ ਵਿਕਾਸ ਯੋਜਨਾਵਾਂ ਦਾ ਵੇਰਵਾ ਦਿੱਤਾ ਹੈ, ਇਨ੍ਹਾਂ ਸਭ ਵਿਚ ਕੇਂਦਰੀ ਯੋਗਦਾਨ ਦੀ ਝਲਕ ਮਿਲਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਮੇਤ ਵੱਖ ਵੱਖ ਕੇਂਦਰੀ ਮੰਤਰੀਆਂ ਵੱਲੋਂ ਪੰਜਾਬ ਸਰਕਾਰ ਵੱਲ ਹਾਂ-ਪੱਖੀ ਵਤੀਰਾ ਅਪਣਾਉਣ ਬਦਲੇ ਉਨ੍ਹਾਂ ਦਾ ਵਾਰ-ਵਾਰ ਧੰਨਵਾਦ ਵੀ ਕੀਤਾ ਅਤੇ ਇਹ ਵੀ ਕਿਹਾ ਕਿ ਸੂਬੇ ਦਾ ਵਿਕਾਸ ਕੇਂਦਰ ਅਤੇ ਸੂਬਾ ਸਰਕਾਰ ਵਿਚਲੇ ਤਾਲਮੇਲ ਬਿਨਾਂ ਨਹੀਂ ਹੋ ਸਕਦਾ। ਬੇਸ਼ੱਕ ਬਦਲੇ ਹੋੲੇ ਅਤੇ ਨਵੇਂ ਵਿਸ਼ਵਵਿਆਪੀ ਆਰਥਿਕ ਪ੍ਰਬੰਧ ਦੀਆਂ ਲੋੜਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਪਹੁੰਚ ਲਈ ਜ਼ਿੰਮੇਵਾਰ ਹਨ ਪ੍ਰੰਤੂ ਇੰਜ ਵੀ ਲਗਦਾ ਹੈ ਕਿ ਕੇਂਦਰ ਨਾਲ ਟਕਰਾਅ ਦੇ ਪਿਛਲੇ ਲੰਮੇ ਅਤੇ ਕੌੜੇ ਤਜਰਬੇ ਤੋਂ ਵੀ ਸਬਕ ਲੈ ਕੇ ਦਲ ਨੇ ਇਹ ਨਵੀਂ ਪਹੁੰਚ ਅਪਣਾਈ ਹੈ। ਚੇਤੇ ਰਹੇ ਕਿ ਪਿਛਲੀ ਬਾਦਲ ਸਰਕਾਰ ਸਮੇਂ ਕੇਂਦਰ ਵਿਚ ਜਾਂ ਤਾਂ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਰਹੇ ਜਾਂ ਫਿਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠਲੀ ਐੱਨ. ਡੀ. ੲੇ. ਸਰਕਾਰ ਕੇਂਦਰ ਵਿਚ ਰਹੀ। ਕੇਂਦਰੀ ਮੰਤਰੀਆਂ ਤੇ ਨੇਤਾਵਾਂ ਵਲੋਂ ਸ: ਬਾਦਲ ਪ੍ਰਤੀ ਅਪਣਾਈ ਗਈ ਸਾਰਥਿਕ ਪਹੁੰਚ ਦਾ ਇਕ ਕਾਰਨ ਉਨ੍ਹਾਂ ਦੇ ਬਹੁਤ ਉੱਚੇ ਹੋੲੇ ਸਿਆਸੀ ਕੱਦ ਨੂੰ ਮਾਣ-ਸਤਿਕਾਰ ਦੇਣਾ ਵੀ ਹੈ। ਉਨ੍ਹਾਂ ਦੇ ਕੱਦ-ਬੁੱਤ ਵਾਲੇ ਬਹੁਤ ਥੋੜ੍ਹੇ ਸਿਆਸਤਦਾਨ ਦੇਸ਼ ਵਿਚ ਦਿਖਾਈ ਦਿੰਦੇ ਹਨ, ਖਾਸ ਕਰਕੇ ਪੰਜਾਬ ਅਤੇ ਸਿੱਖ ਸਿਆਸਤ ਵਿਚ ਤਾਂ ਉਨ੍ਹਾਂ ਦੀ ਕੋਈ ਬਰਾਬਰੀ ਹੀ ਨਹੀਂ। ਬਾਦਲ ਸਰਕਾਰ ਦੇ ਕੇਂਦਰ ਨਾਲ ਸੁਰ-ਮੇਲ ਦੀ ਇਸ ਤੋਂ ਉੱਘੜਵੀਂ ਮਿਸਾਲ ਕੀ ਮਿਲ ਸਕਦੀ ਹੈ ਕਿ ਰਾਜ ਸਰਕਾਰ ਆਪਣੇ ਐਕਸਾਈਜ਼ ਅਤੇ ਟੈਕਸੇਸ਼ਨ ਅਫਸਰਾਂ (ਈ. ਟੀ. ਓਜ਼) ਦੀ ਭਰਤੀ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਕਰਵਾਉਣ ਦਾ ਫੈਸਲਾ ਕਰ ਚੁੱਕੀ ਹੈ, ਹਾਲਾਂਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਅਤੇ ਫੈਡਰਲ ਢਾਂਚਾ ਬਣਾਉਣ ਦੀ ਨੀਤੀ ਦੇ ਉਲਟ ਹੈ।
ਚਾਹਲ ਕਿਉਂ ਨਿਸ਼ਾਨਾ ਬਣੇ?
ਇਹ ਗੱਲ ਲਗਭਗ 20 ਸਾਲ ਪੁਰਾਣੀ ਹੈ। ਪਟਿਆਲਾ ਵਿਚ ਰਾਸ਼ਟਰੀ ਖੇਡਾਂ ਦਾ ਆਖ਼ਰੀ ਦਿਨ ਸੀ। ਖੇਡਾਂ ਦੇ ਸਮਾਪਤੀ ਸਮਾਰੋਹ ਮੌਕੇ ਇਨਾਮ ਵੰਡਣ ਦੀ ਰਸਮ ਉਸ ਵੇਲੇ ਦੀ ਕੇਂਦਰੀ ਖੇਡ ਮੰਤਰੀ ਮੈਡਮ ਮਾਰਗ੍ਰੇਟ ਅਲਵਾ ਨੇ ਨਿਭਾਈ ਸੀ। ਅਸੀਂ ਤਿੰਨ-ਚਾਰ ਪੱਤਰਕਾਰ ਚੰਡੀਗੜ੍ਹ ਤੋਂ ਇਨ੍ਹਾਂ ਖੇਡਾਂ ਦੀ ਕਵਰੇਜ ਲਈ ਉੱਥੇ ਗੲੇ ਸਾਂ। ਇਸ ਵੇਲੇ ਮੀਡੀਆ ਦੀਆਂ ਸੁਰਖ਼ੀਆਂ ਬਣੇ ਭਰਤਇੰਦਰ ਸਿੰਘ ਚਾਹਲ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸਨ। ਜਦੋਂ ਇਨਾਮ ਵੰਡ ਸਮਾਗਮ ਖ਼ਤਮ ਹੋਇਆ ਤਾਂ ਇਸ ਦੀ ਇਕ ਵੀਡੀਓ ਕੈਸਟ ਬਣਵਾ ਕੇ ਚਾਹਲ ਨੇ ਆਪਣੇ ਇਕ ਕਰਿੰਦੇ ਹੱਥ ਫੜਾਈ। ਉਸ ਨੂੰ ਹਦਾਇਤ ਕੀਤੀ ਕਿ ਇਹ ਵੀਡੀਓ ਲੈ ਕੇ ਮੈਡਮ ਦੇ ਜ਼ਹਾਜ਼ ਵਿਚ ਜਾ ਕੇ ਦਿੱਲੀ ਦੂਰਦਰਸ਼ਨ ਕੇਂਦਰ ’ਤੇ ਪੁਚਾਉਣੀ ਹੈ। ਪਟਿਆਲਾ ਦੇ ਸਿਵਲ ਹਵਾਈ ਅੱਡੇ ਤੋਂ ਉਡਣ ਵਾਲੇ ਉਸ ਜ਼ਹਾਜ਼ ਵਿਚ ਇਕ ਸੀਟ ਖ਼ਾਲੀ ਸੀ। ਉਦੋਂ ਸਿਰਫ਼ ਦੂਰਦਰਸ਼ਨ ਹੀ ਹੁੰਦਾ ਸੀ ਅਤੇ ਰਾਤੀਂ 9 ਜਾਂ ਸਾਢੇ 9 ਵਜੇ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਟੈਲੀਕਾਸਟ ਹੁੰਦਾ ਸੀ। ਚਾਹਲ ਹੁਰਾਂ ਦਾ ਟੀਚਾ ਖੇਡਾਂ ਦੇ ਇਸ ਸਮਾਗਮ ਦੀ ਖ਼ਬਰ ਇਸ ਬੁਲੇਟਿਨ ਵਿਚ ਸ਼ਾਮਿਲ ਕਰਾਉਣਾ ਸੀ। ਜਦੋਂ ਉਹ ਵੀਡੀਓ ਵਾਲਾ ਸੱਜਣ ਜਹਾਜ਼ ਚੜ੍ਹਨ ਲਈ ਪੁੱਜਾ ਤਾਂ ਉਸ ਤੋਂ ਪਹਿਲਾਂ ਮੈਡਮ ਅਲਵਾ ਨੇ ਖ਼ਾਲੀ ਸੀਟ ’ਤੇ ਕਿਸੇ ਹੋਰ ਨੂੰ ਬਿਠਾ ਲਿਆ। ਵੀਡੀਓ ਉੱਥੇ ਹੀ ਰਹਿ ਗਈ। ਸ਼ਾਮ ਦੇ 6 ਵੱਜ ਚੁੱਕੇ ਸਨ। ਉਸ ਵੇਲੇ ਕਾਰ ’ਤੇ ਵੀ ਦਿੱਲੀ ਇਹ ਕੈਸਟ ਨਹੀਂ ਸੀ ਭੇਜੀ ਜਾ ਸਕਦੀ ਪਰ ਭਰਤਇੰਦਰ ਚਾਹਲ ਨੇ ਕਿਹਾ ਕਿ ਉਹ ਹਰ ਹਾਲ ਇਸ ਨੂੰ ਦਿੱਲੀ ਭੇਜਣਗੇ। ਜ਼ਿਲ੍ਹਾ ਲੋਕ ਸੰਪਰਕ ਦੇ ਦਫ਼ਤਰ ਵਿਚ ਬੈਠ ਕੇ ਅਸੀਂ ਦੇਖਿਆ ਕਿ ਚਾਹਲ ਨੇ ਇਧਰ-ਉਧਰ ਫ਼ੋਨ ਘੁਮਾੲੇ। ਥੋੜ੍ਹੀ ਦੇਰ ਬਾਅਦ ਹੀ ਕਿਸੇ ਤਕੜੇ ਪਰਿਵਾਰ ਦਾ ਇਕ ਨਿੱਜੀ ਜਹਾਜ਼ ਮੰਗ ਕੇ ਲੈ ਲਿਆ। ਜਹਾਜ਼ ਤਾਂ ਮਿਲ ਗਿਆ, ਇਸ ਤੋਂ ਬਾਅਦ ਦਿੱਲੀ ਵਿਚ ਹਵਾਈ ਅੱਡੇ ’ਤੇ ਉਤਰਨ ਦੀ ਆਗਿਆ ਦਾ ਮਸਲਾ ਖੜ੍ਹਾ ਹੋ ਗਿਆ। ਇਧਰ-ਉਧਰ ਦਰਜਨ ਦੇ ਕਰੀਬ ਫ਼ੋਨ ਘੁਮਾ ਕੇ ਆਖਰਕਾਰ ਉਨ੍ਹਾਂ ਉਸ ਜਹਾਜ਼ ਨੂੰ ਉਤਾਰਨ ਦੀ ਪ੍ਰਵਾਨਗੀ ਵੀ ਲੈ ਲਈ। ਉਹ ਬੰਦਾ ਤੇ ਵੀਡੀਓ ਦਿੱਲੀ ਪੁੱਜੇ ਅਤੇ ਦੂਰਦਰਸ਼ਨ ਦੀਆਂ ਖ਼ਬਰਾਂ ਵਿਚ ਮਾਰਗ੍ਰੇਟ ਅਲਵਾ ਦੀ ਖ਼ਬਰ ਬਾਕਾਇਦਾ ਨਸ਼ਰ ਹੋਈ। ਜਿਸ ਅਹੁਦੇ ਜਾਂ ਕੁਰਸੀ ’ਤੇ ਬੰਦਾ ਬੈਠਾ ਹੋਵੇ, ਇਸ ਦੇ ਅਧਿਕਾਰ ਖੇਤਰ ਨਾਲੋਂ ਕਈ ਗੁਣਾ ਵੱਧ ਤਾਕਤ ਵਰਤ ਲੈਣ ਦੇ ਇਸ ਗੁਰ ਕਰਕੇ ਹੀ ਭਰਤਇੰਦਰ ਸਿੰਘ ਚਾਹਲ ਸੱਤਾ ਦੀਆਂ ਪੌੜੀਆਂ ਤੇਜ਼ੀ ਨਾਲ ਚੜ੍ਹਿਆ। ਉਹ ਜਿਥੇ ਵੀ ਰਿਹਾ, ਉਸ ਨੇ ਇਸੇ ਤਰ੍ਹਾਂ ਹੀ ਆਪਣੀ ਇਕਪੁਰਖੀ ਤਾਕਤ ਦੀ ਵਰਤੋਂ ਕੀਤੀ ਅਤੇ ਇਹ ਪ੍ਰਵਾਹ ਨਹੀਂ ਕੀਤੀ ਕਿ ਇਹ ਚੰਗੇ ਕੰਮ ਲਈ ਵਰਤੀ ਜਾ ਰਹੀ ਹੈ ਜਾਂ ਕਿਸੇ ਮਾੜੇ ਲਈ। ਸਾਜ਼ਿਸ਼ਾਂ, ਤਿਕੜਮਬਾਜ਼ੀ ਅਤੇ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਮੀਡੀਆ ਨੂੰ ਹਰ ਢੰਗ ਨਾਲ ਵਰਤਣਾ, ਸਿਆਸੀ ਤੇ ਜ਼ਾਤੀ ਵਿਰੋਧੀਆਂ ਨਾਲ ਬੇਕਿਰਕੀ ਨਾਲ ਨਜਿੱਠਣਾ ਉਸ ਦੀ ਸ਼ਖਸੀਅਤ ਦੇ ਉੱਘੜਵੇ ਲੱਛਣ ਰਹੇ ਹਨ। ਉਂਜ ਤਾਂ ਸਾਬਕਾ ਡੀ.ਜੀ.ਪੀ. ਪੰਜਾਬ ਸ: ਕੇ.ਪੀ.ਐੱਸ. ਗਿੱਲ ਦੇ ਲੋਕ ਸੰਪਰਕ ਅਧਿਕਾਰੀ ਵਜੋਂ ਕੰਮ ਕਰਦਿਆਂ ਵੀ ਉਸ ਨੇ ਇਸ ਪਦ ਦੀ ਮਨਮਾਨੇ ਢੰਗ ਨਾਲ ਉਸੇ ਤਰ੍ਹਾਂ ਵਰਤੋਂ ਕੀਤੀ ਜਿਵੇਂ ਸ: ਗਿੱਲ ਕਰਦੇ ਸਨ ਪਰ 2002 ਵਿਚ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਤਾਂ ਜਿਸ ਤਰ੍ਹਾਂ ਸ: ਚਾਹਲ ਨੇ ਅਸੀਮ ਸ਼ਕਤੀਆਂ ਹਾਸਲ ਕਰਕੇ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਿਸ ਦੇ ਸਿੱਟੇ ਵਜੋਂ ਉਸ ਦੇ ਦੋਸਤ ਘੱਟ ਅਤੇ ਦੁਸ਼ਮਣ ਵਧੇਰੇ ਬਣ ਗੲੇ। ਉਹ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਈ ਇਕੋ ਸਮੇਂ ਧੜੱਲੇਦਾਰ ਸਹਾਇਕ ਵੀ ਸਨ ਪਰ ਉਸੇ ਸਮੇਂ ਉਨ੍ਹਾਂ ਲਈ ਕਈ ਮੌਕਿਆਂ ’ਤੇ ਇਕ ਬੋਝ ਵੀ ਸਾਬਤ ਹੁੰਦੇ ਰਹੇ।
ਦਰਅਸਲ, ਸ: ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪਰਿਵਾਰ ਜਾਂ ਬਾਕੀ ਅਕਾਲੀ ਨੇਤਾਵਾਂ ਦੇ ਖ਼ਿਲਾਫ਼ ਵਿਜੀਲੈਂਸ ਕੇਸਾਂ ਅਤੇ ਮੀਡੀੲੇ ਵਿਚ ਭੰਡੀ-ਪ੍ਰਚਾਰ ਤੋਂ ਲੈ ਕੇ ਬੰਦਿਆਂ ਦੀ ਭੰਨ-ਤੋੜ ਤੱਕ ਦੀਆਂ ਵਿਊਂਤਾਂ ਦੀਆਂ ਕਾਰਵਾਈਆਂ ਵਿਚ ਭਰਤਇੰਦਰ ਸਿੰਘ ਚਾਹਲ ਦੀ ਮੋਹਰੀ ਜਾਂ ਸਰਗਰਮ ਭੂਮਿਕਾ ਹੁੰਦੀ ਸੀ। ਇਸੇ ਲਈ ਹੀ ਉਹ ਬਾਦਲ ਸਰਕਾਰ ਦਾ ਚੋਣਵਾਂ ਨਿਸ਼ਾਨਾ ਬਣਿਆ ਹੈ। ਸ: ਬਾਦਲ ਜਾਂ ਉਨ੍ਹਾਂ ਦੀ ਸਰਕਾਰ ਜੋ ਮਰਜ਼ੀ ਦਾਅਵੇ ਕਰੀ ਜਾਵੇ ਪਰ ਹਰੇਕ ਦੀ ਜ਼ਬਾਨ ’ਤੇ ਇਹੀ ਹੈ ਕਿ ਹੁਣ ਅਕਾਲੀ ਨੇਤਾ ਚਾਹਲ ਕੋਲੋਂ ਬਦਲਾ ਲੈ ਰਹੇ ਹਨ। ਖ਼ੁਦ ਮੁੱਖ ਮੰਤਰੀ ਵੱਲੋਂ ਚਾਹਲ ਦੀ ਗ੍ਰਿਫ਼ਤਾਰੀ ਬਾਰੇ ‘ਜੋ ਕਰੇਗਾ ਸੋ ਭਰੇਗਾ’ ਦੀ ਕੀਤੀ ਟਿੱਪਣੀ ਵੀ ਇਸੇ ਦਿਸ਼ਾ ਵੱਲ ਸੰਕੇਤ ਕਰਦੀ ਹੈ। ਕਾਂਗਰਸ ਪਾਰਟੀ ਦੇ ਅੰਦਰ ਵੀ ਬੀਬੀ ਭੱਠਲ ਅਤੇ ਹੋਰਨਾਂ ਕੈਪਟਨ ਵਿਰੋਧੀਆਂ ਦਾ ਅਕਸ ਮੀਡੀਆ ਵਿਚ ਖ਼ਰਾਬ ਕਰਨ ਅਤੇ ਉਨ੍ਹਾਂ ਨੂੰ ਕੇਸਾਂ ਵਿਚ ਉਲਝਾਉਣ ਪੱਖੋਂ ਚਾਹਲ, ਕੈਪਟਨ ਅਮਰਿੰਦਰ ਸਿੰਘ ਤੋਂ ਇਕ ਕਦਮ ਅੱਗੇ ਸਮਝੇ ਜਾਂਦੇ ਰਹੇ ਸਨ। ਸ਼ਾਇਦ ਇਸੇ ਲਈ ਹੀ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਵੱਡੀ ਗਿਣਤੀ ਸ: ਚਾਹਲ ਲਈ ਕੋਈ ਹਾਅ ਦਾ ਨਾਹਰਾ ਮਰਨ ਲਈ ਵੀ ਤਿਆਰ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਖ਼ੁਦ ਕੈਪਟਨ ਅਮਰਿੰਦਰ ਸਿੰਘ ਵੀ ਚਾਹਲ ਦੀ ਗ੍ਰਿਫ਼ਤਾਰੀ ਬਾਰੇ ਚੁੱਪ ਹਨ। ਲੋਕ ਸੰਪਰਕ ਅਫ਼ਸਰ ਵਜੋਂ ਭਰਤਇੰਦਰ ਸਿੰਘ ਦਾ ਪੜ੍ਹਨ-ਲਿਖਣ ਪਾਸੇ ਤਾਂ ਹੱਥ ਤੰਗ ਹੀ ਰਿਹਾ ਹੈ ਪਰ ਉਸ ਨੂੰ ਅਜਿਹਾ ਕਰਨ ਵਾਲਿਆਂ ਨੂੰ ਆਪਣੇ ਹਿਸਾਬ ਨਾਲ ਵਰਤਣ ਦੀ ਮੁਹਾਰਤ ਜ਼ਰੂਰ ਰਹੀ ਹੈ। ਕਾਰਨ ਭਾਵੇਂ ਕਈ ਹਨ ਪਰ ਅਮਰਿੰਦਰ ਸਰਕਾਰ ਦੇ ਆਖ਼ਰੀ ਦੌਰ ਵਿਚ ਚਾਹਲ ਅਜਿਹਾ ਕਰਨ ਵਿਚ ਵੀ ਅਸਫ਼ਲ ਰਿਹਾ। ਕੁਝ ਚੋਣਵੇਂ ਚੇਹੇਤੇ ਪਾਲ ਕੇ ਬਾਕੀ ਮੀਡੀਆ ਨੂੰ ਪਰ੍ਹਾਂ ਰੱਖਣ ਦੀ ਫ਼ਿਤਰਤ ਅਤੇ ਅਮਲ ਵੀ ਚਾਹਲ ਲਈ ਮਹਿੰਗੇ ਸਾਬਤ ਹੋੲੇ।
ਗੁਰਮੰਤ ਗਰੇਵਾਲ ਦੀ ਰਾਜਨੀਤੀ ’ਚ ਵਾਪਸੀ
ਪ੍ਰਵਾਸੀ ਭਾਰਤੀਆਂ ਵਿਚੋਂ ਸਿਆਸੀ ਮੱਲਾਂ ਮਾਰਨ ਵਾਲੇ ਪ੍ਰਵਾਸੀ ਪੰਜਾਬੀਆਂ ਦੀ ਸੂਚੀ ਵਿਚ ਕੈਨੇਡਾ ਦੇ ਨੌਜਵਾਨ ਨੇਤਾ ਸ: ਗੁਰਮੰਤ ਗਰੇਵਾਲ ਦਾ ਨਾਂਅ ਕੋਈ ਨਵਾਂ ਨਹੀਂ ਹੈ। ਪਿਛਲੇ ਕੁਝ ਸਮੇਂ ਦੌਰਾਨ ਉਹ ਸਮੇਂ ਦੇ ਗੇੜ ਅਤੇ ਆਪਣੀਆਂ ਕੁਝ ਉਕਾਈਆਂ ਕਰਕੇ ਕੈਨੇਡਾ ਦੀ ਸਰਗਰਮ ਸਿਆਸਤ ਤੋਂ ਕੁਝ ਲਾਂਭੇ ਹੋਣ ਲਈ ਮਜਬੂਰ ਹੋੲੇ ਸਨ ਪਰ ਹੁਣ ਫਿਰ ਸ: ਗਰੇਵਾਲ ਦੀ ਰਾਜਨੀਤੀ ਵਿਚ ਵਾਪਸੀ ਦੇ ਅਸਾਰ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਿਆਸੀ ਜੀਵਨ ’ਤੇ ਛਾੲੇ ਕੁਝ ਕਾਲੇ ਬੱਦਲ ਛੱਟਣੇ ਸ਼ੁਰੂ ਹੋ ਗੲੇ ਹਨ। ਸਿੱਟੇ ਵਜੋਂ ਉਹ ਮੁੜ ਆਪਣੇ ਪਹਿਲੇ ਸਿਆਸੀ ਰੌਂਅ ਵਿਚ ਵਿਚਰਨ ਲਈ ਪਰ ਤੋਲ ਰਹੇ ਹਨ। ਇਸੇ ਸਮੇਂ ਕੈਨੇਡਾ ਦੀ ਪਾਰਲੀਮੈਂਟ ਵਿਚ ਲੋਹ-ਪੁਰਸ਼ ਵਜੋਂ ਪ੍ਰਵਾਨਿਤ ਹੋੲੇ ਅਤੇ ਲਗਾਤਾਰ ਤਿੰਨ ਵਾਰ ਇਕੋ ਹਲਕੇ ਤੋਂ ਪਾਰਲੀਮੈਂਟ ਮੈਂਬਰ ਚੁਣੇ ਜਾਂਦੇ ਰਹੇ ਗੁਰਮੰਤ ਗਰੇਵਾਲ ਪਿਛਲੇ ਸਮੇਂ ਵਿਚ ਕਈ ਤਰਾਂ ਦੇ ਵਿਵਾਦਾਂ ਵਿਚ ਘਿਰੇ ਰਹੇ ਸਨ। ਉਨ੍ਹਾਂ ਦੇ ਖਿਲਾਫ਼ ਵੱਖ-ਵੱਖ ਵੰਨਗੀਆਂ ਦੇ ਕਈ ਦੋਸ਼ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਲਾੲੇ ਅਤੇ ਘੜੇ ਗੲੇ। ਉਨ੍ਹਾਂ ਦੇ ਖਿਲਾਫ 8 ਠੋਸ ਦੋਸ਼ ਲਾੲੇ ਗੲੇ ਸਨ। ਇਨ੍ਹਾਂ ਵਿਚੋਂ ਵੱਖ-ਵੱਖ ਤਰ੍ਹਾਂ ਦੀਆਂ ਪੜਤਾਲਾਂ ਅਤੇ ਕਾਨੂੰਨੀ ਕਾਰਵਾਈਆਂ ਤੋਂ ਬਾਅਦ ਉਹ 7 ਦੋਸ਼ਾਂ ਵਿਚੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਹਨ ਅਤੇ ਸਿਰਫ ਇਕ ਮਾਮਲੇ ਦੀ ਪੜਤਾਲ ਮੁਕੰਮਲ ਹੋਣੀ ਬਾਕੀ ਹੈ। ਆਪਣੇ ਆਪ ਨੂੰ ਰਾਜਨੀਤੀ ਵਿਚ ਲੰਮੀ ਦੌੜ ਦੇ ਘੋੜੇ ਵਜੋਂ ਮੰਨ ਕੇ ਚੱਲਣ ਵਾਲੇ ਸ: ਗਰੇਵਾਲ ਨੂੰ ਪੂਰੀ ਉਮੀਦ ਹੈ ਕਿ ਉਹ ਛੇਤੀ ਹੀ ਬਚੇ-ਖੁਚੇ ਸਾਰੇ ਵਿਵਾਦਾਂ ਤੋਂ ਮੁਕਤ ਹੋ ਕੇ ਮੁੜ ਸਰਗਰਮ ਰਾਜਨੀਤੀ ਵਿਚ ਮੋਹਰੀ ਭੂਮਿਕਾ ਅਦਾ ਕਰ ਸਕਣਗੇ। ਖੇਤੀ ’ਵਰਸਿਟੀ ਲੁਧਿਆਣਾ ਦੀ ਪੈਦਾਵਾਰ ਇਸ ਨੌਜਵਾਨ ਨੇ ਬਹੁਤ ਛੋਟੀ ਉਮਰ ਅਤੇ ਥੋੜ੍ਹੇ ਸਮੇਂ ਵਿਚ ਹੀ ਕੈਨੇਡਾ ਦੀ ਰਾਜਨੀਤੀ ਵਿਚ ਇੰਨੀਆਂ ਬੁਲੰਦੀਆਂ ਛੋਹੀਆਂ ਸਨ ਅਤੇ ਇੰਨੀਆਂ ਪ੍ਰਾਪਤੀਆਂ ਕੀਤੀਆਂ ਸਨ ਕਿ ਜਿਨ੍ਹਾਂ ਦੀ ਗਿਣਤੀ ਕਰਨੀ ਵੀ ਕਾਫੀ ਲੰਬੇ ਸਮੇਂ ਦਾ ਕੰਮ ਹੁੰਦੀ ਸੀ। ਇਹ ਆਮ ਧਾਰਨਾ ਹੈ ਕਿ ਜੇਕਰ ਉਹ ਰਾਜਨੀਤੀ ਵਿਚ ਨਾ ਉਖੜਦੇ ਤਾਂ ਇਸ ਵੇਲੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਉਹ ਪ੍ਰਧਾਨ ਮੰਤਰੀ ਤੋਂ ਬਾਅਦ ਦੂਜੇ ਨੰਬਰ ਦੇ ਮੰਤਰੀ ਹੋ ਸਕਦੇ ਸਨ। ਇਹ ਵੀ ਯਾਦ ਰਹੇ ਕਿ ਕੈਨੇਡਾ ਦੇ ਇਤਿਹਾਸ ਵਿਚ ਇਕੋ ਸਮੇਂ ਪਾਰਲੀਮੈਂਟ ਲਈ ਚੁਣੇ ਜਾਣ ਵਾਲੇ ਪਤੀ-ਪਤਨੀ ਦਾ ਰਿਕਾਰਡ ਵੀ ਸ: ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਨੀਨਾ ਗਰੇਵਾਲ ਦਾ ਹੈ। ਸ੍ਰੀਮਤੀ ਗਰੇਵਾਲ ਇਸ ਵੇਲੇ ਵੀ ਕੈਨੇਡੀਅਨ ਪਾਰਲੀਮੈਂਟ ਦੇ ਚੁਣੇ ਹੋੲੇ ਮੈਂਬਰ ਹਨ। ਸ: ਗਰੇਵਾਲ ਉਨ੍ਹਾਂ ਪ੍ਰਵਾਸੀ ਪੰਜਾਬੀਆਂ ਵਿਚੋਂ ਹਨ, ਜਿਹੜੇ ਦੁਨੀਆ ਭਰ ਵਿਚ ਘੁੰਮ-ਘੁਮਾ ਕੇ ਵੀ ਆਪਣੀ ਮਾਤ ਭੂਮੀ ਅਤੇ ਇਸ ਦੇ ਵਾਸੀਆਂ ਦੇ ਹਿਤਾਂ ਦੀ ਪੂਰਤੀ ਲਈ ਯਤਨਸ਼ੀਲ ਰਹਿੰਦੇ ਹਨ। ਇਹ ਉਮੀਦ ਹੈ ਕਿ ਕੈਨੇਡਾ ਦੀਆਂ 2009 ਵਿਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਦੌਰਾਨ ਫਿਰ ਉਹ ਸਿਆਸੀ ਮੈਦਾਨ ਵਿਚ ਹੋਣਗੇ।


ਬਲਜੀਤ ਬੱਲੀ
e-mail : tirchhinazar@yahoo.com
Ph. : 0172-2630025, 93161-34996
(ਰੋਜ਼ਾਨਾ ਅਜੀਤ ਜਲੰਧਰ)

ਨੌਕਰੀ ਮਿਲ ਗਈ ਤਾਂ ਕੀ ਹੋਇਆ ਮੁਕਾਬਲਾ ਖ਼ਤਮ ਨਹੀਂ ਹੋਇਆ

ਇਕ ਜ਼ਮਾਨਾ ਸੀ ਜਦੋਂ ਸਾਰਾ ਤਨਾਅ, ਸਾਰੀ ਮਿਹਨਤ ਕੇਵਲ ਨੌਕਰੀ ਮਿਲਣ ਤੱਕ ਹੀ ਹੁੰਦੀ ਸੀ। ਇਕ ਵਾਰ ਨੌਕਰੀ ਮਿਲ ਗਈ ਤਾਂ ਸਮਝੋ ਜ਼ਿੰਦਗੀ ਵਿਚ ਬੱਸ ਆਰਾਮ ਹੀ ਆਰਾਮ ਸੀ ਪਰ ਹੁਣ ਜ਼ਮਾਨਾ ਬਿਲਕੁਲ ਬਦਲ ਗਿਆ ਹੈ। ਇਸ ਜ਼ਮਾਨੇ ਵਿਚ ਕੇਵਲ ਨੌਕਰੀ ਹਾਸਲ ਕਰਨਾ ਹੀ ਸਭ ਕੁਝ ਨਹੀਂ ਬਲਕਿ ਨੌਕਰੀ ਨੂੰ ਬਣਾਈ ਰੱਖਣ ਲਈ ਵੀ ਖੁਦ ਨੂੰ ਹਰ ਦਿਨ ਸਾਬਤ ਕਰਨਾ ਪੈਂਦਾ ਹੈ। ਇਸ ਲਈ ਅੱਜ ਦੇ ਦੌਰ ਵਿਚ ਨੌਕਰੀ ਮਿਲ ਜਾਣ ਤੋਂ ਬਾਅਦ ਵੀ ਮੁਕਾਬਲਾ ਖਤਮ ਨਹੀਂ ਹੁੰਦਾ। ਜੇਕਰ ਤੁਸੀਂ ਦਫਤਰ ਵਿਚ ਨਵੇਂ ਆੲੇ ਹੋ ਤਾਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ-
• ਦਫਤਰ ਵਿਚ ਤੁਹਾਡੀ ਮੰਗ ਬਣੀ ਰਹੇ, ਇਸ ਦੇ ਲਈ ਤੁਹਾਨੂੰ ਨਵੀਆਂ ਤਕਨੀਕਾਂ ਤੋਂ ਹਮੇਸ਼ਾ ਜਾਣੂ ਰਹਿਣਾ ਪਵੇਗਾ।
• ਨਵੀਆਂ ਤਕਨੀਕਾਂ ਤੋਂ ਜਾਣੂ ਹੋਣਾ ਸਿਰਫ ਕਾਰਜਸ਼ਕਤੀ ਨੂੰ ਹੀ ਨਹੀਂ ਵਧਾਉਂਦਾ ਬਲਕਿ ‘ਜਾਬ ਮਾਰਕੀਟ’ ਵਿਚ ਤੁਹਾਡੀ ਕੀਮਤ ਵੀ ਵਧਾਉਂਦਾ ਹੈ। ਜੇਕਰ ਤੁਸੀਂ ਤਕਨੀਕ ਦੀ ਜਾਣਕਾਰੀ ਤੋਂ ਪਛੜੇ ਤਾਂ ਆਪਣੀ ਕੀਮਤ ਘਟਾ ਬੈਠੋਗੇ।
• ਤੁਹਾਡੀ ਛੋਟੀ ਜਿਹੀ ਲਾਪ੍ਰਵਾਹੀ ਨਾਲ ਜਿੰਨੀ ਮਿਹਨਤ ਤੇ ਪੜ੍ਹਾਈ ਕਰਕੇ ਤੁਸੀਂ ਨੌਕਰੀ ਹਾਸਲ ਕੀਤੀ ਸੀ, ਉਸ ’ਤੇ ਪਾਣੀ ਫਿਰ ਸਕਦਾ ਹੈ।
• ਅੱਜ ਇਕ ਸਫਲ ਕਾਮਾ (ਵਰਕਰ) ਉਹੀ ਮੰਨਿਆ ਜਾਂਦਾ ਹੈ ਜੋ ਤਕਨੀਕੀ ਬਦਲਾਵਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹੇ। ਚਾਹੇ ਉਹ ਕੰਪਿਊਟਰ ਦਾ ਮਾਮਲਾ ਹੋਵੇ, ਮੋਬਾਈਲ ਦਾ ਮਾਮਲਾ ਹੋਵੇ, ਈ-ਮੇਲ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਤਕਨੀਕੀ ਮਾਮਲਾ ਹੋਵੇ। ਤਕਨੀਕੀ ਰੂਪ ਤੋਂ ਸਮੇਂ ਦੇ ਨਾਲ ਚੱਲਣਾ ਨਾ ਸਿਰਫ ਆਧੁਨਿਕ ਹੋਣਾ ਵੀ ਹੈ ਬਲਕਿ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣਾ ਵੀ ਹੈ।
• ਨਵੀਆਂ-ਨਵੀਆਂ ਚੀਜ਼ਾਂ ਨੂੰ ਸਿੱਖਣ ’ਚ ਕਦੀ ਨਾ ਝਿਜਕੋ। ਆਖਰ ਤੁਹਾਡਾ ਭਵਿੱਖ ਇਸ ’ਤੇ ਹੀ ਤਾਂ ਨਿਰਭਰ ਕਰਦਾ ਹੈ।
• ਨਵੀਂ ਤਕਨੀਕ, ਨਵੇਂ ਪ੍ਰਬੰਧਨ ਦੇ ਗੁਰ, ਨਵੇਂ ਉਤਪਾਦ ਜਾਂ ਦਫਤਰ ਨਾਲ ਸੰਬੰਧਿਤ ਜੋ ਕੁਝ ਵੀ ਨਵਾਂ ਆਵੇ, ਕਿਸੇ ਜਾਣਕਾਰ ਨਾਲ ਗੱਲ ਕਰੋ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ।
• ਕੋਈ ਜ਼ਰੂਰੀ ਨਹੀਂ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਸਿੱਖ ਹੀ ਲਓ। ਹਾਂ, ਜਾਣਕਾਰੀ ਜ਼ਰੂਰ ਰੱਖੋ। ਜਿਹੜੀ ਚੀਜ਼ ਤੁਹਾਨੂੰ ਫਾਇਦੇਮੰਦ ਲੱਗੇ ਅਤੇ ਲੱਗੇ ਕਿ ਆਉਣ ਵਾਲੇ ਦਿਨਾਂ ਵਿਚ ਇਸ ਦੀ ਘਾਟ ਕਾਰਨ ਜੇ ਨੁਕਸਾਨ ਹੋ ਸਕਦਾ ਹੈ ਤਾਂ ਉਸ ਨੂੰ ਸਿੱਖਣ ਵਿਚ ਪਿੱਛੇ ਨਾ ਰਹੋ।
• ਨਵੀਆਂ ਚੀਜ਼ਾਂ ਅਤੇ ਨਵੀਆਂ ਤਕਨੀਕਾਂ ਤੋਂ ਜਾਣੂ ਹੋਣ ਦੇ ਕਈ ਮਾਧਿਅਮ ਹਨ। ਅਖਬਾਰਾਂ, ਮੈਗਜ਼ੀਨ ਅਤੇ ਚੈਨਲਾਂ ਦੇ ਜ਼ਰੀੲੇ ਤਕਨੀਕ ਸਬੰਧੀ ਆਪਣੀ ਜਾਣਕਾਰੀ ਨੂੰ ਸਮੇਂ ਦੇ ਹਾਣੀ ਰੱਖੋ।
• ਤੁਹਾਨੂੰ ਛੋਟੀਆਂ-ਛੋਟੀਆਂ ਤਕਨੀਕੀ ਗੱਲਾਂ ਜਿਵੇਂ ਰਿੰਗਟੋਨ ਡਾਊਨਲੋਡ ਕਰਨਾ, ਕੰਪਿਊਟਰ ਵਿਚ ਸੀ. ਡੀ. ਲਗਾ ਕੇ ਦੇਖਣਾ, ਈ-ਮੇਲ ਭੇਜਣਾ ਆਦਿ ਦੀ ਜਾਣਕਾਰੀ ਨਾ ਹੋਵੇ ਤਾਂ ਫਿਰ ‘ਜਾਬ ਮਾਰਕੀਟ’ ’ਚ ਤੁਹਾਡੀ ਸਥਿਤੀ ਨਿਸਚਿਤ ਹੀ ਕਮਜ਼ੋਰ ਹੋਵੇਗੀ।
• ਤੁਹਾਨੂੰ ਇਹ ਜਾਂ ਉਹ ਚੀਜ਼ ਨਹੀਂ ਆਉਂਦੀ, ਇਹ ਸੋਚ ਕੇ ਝਿਜਕੋ ਨਾ ਅਤੇ ਜਿਥੋਂ ਤੱਕ ਸੰਭਵ ਹੋ ਸਕੇ, ਤੁਸੀਂ ਉਸ ਦੇ ਬਾਰੇ ਜਾਨਣ ਦੀ ਕੋਸ਼ਿਸ਼ ਕਰੋ।
• ਤੁਹਾਡੇ ਕੰਮ ਕਰਨ ਦਾ ਖੇਤਰ ਚਾਹੇ ਜੋ ਵੀ ਹੋਵੇ, ਤੁਸੀਂ ਆਪਣੀ ਜਾਣਕਾਰੀ ਉਸ ਖਾਸ ਖੇਤਰ ਵਿਚ ਲਗਾਤਾਰ ਵਧਾਉਂਦੇ ਰਹੋ। ਇਸ ਦੇ ਲਈ ਸੰਬੰਧਿਤ ਲੋਕਾਂ ਨੂੰ ਮਿਲੋ, ਕਿਤਾਬਾਂ ਪੜ੍ਹੋ ਅਤੇ ਆਪਣੇ ਸੀਨੀਅਰ ਤੋਂ ਹਮੇਸ਼ਾ ਤੁਹਾਡੇ ਦਿਮਾਗ ’ਚ ਉੱਠੇ ਸਵਾਲ ਦੇ ਜਵਾਬ ਨੂੰ ਜਾਨਣ ਦੀ ਕੋਸ਼ਿਸ਼ ਕਰੋ।
(ਰੋਜ਼ਾਨਾ ਅਜੀਤ ਜਲੰਧਰ)

ਨਰਸਾਂ ਦੀ ਦੇਸ਼-ਵਿਦੇਸ਼ ਵਿਚ ਵਧਦੀ ਮੰਗ

ਮੈਡੀਕਲ ਖੇਤਰ ’ਚ ਭਾਰਤੀਆਂ ਦੀ ਮੰਗ ਵਿਕਸਿਤ ਦੁਨੀਆ ਵਿਚ ਵਧ ਰਹੀ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਮੰਗ ਨਰਸਾਂ ਦੀ ਹੈ। ਇਸ ਵਧਦੀ ਮੰਗ ਨੇ ਭਾਰਤੀ ਨਰਸਾਂ ਦੇ ਲਈ ਯੂਰਪ ਅਤੇ ਅਮਰੀਕਾ ਵਿਚ ਬਿਹਤਰੀਨ ਕੈਰੀਅਰ ਬਣਾਉਣ ਦਾ ਰਾਹ ਖੋਲ੍ਹ ਦਿੱਤਾ ਹੈ। ਸੇਵਾ ਦੇ ਮਾਮਲੇ ’ਚ ਭਾਰਤ ਦਾ ਕੋਈ ਸਾਨੀ ਨਹੀਂ। ਸ਼ਾਇਦ ਇਸੇ ਸਚਾਈ ਤੋਂ ਪ੍ਰੇਰਿਤ ਹੋ ਕੇ ਵਿਕਸਿਤ ਦੇਸ਼, ਖਾਸ ਕਰਕੇ ਅਮਰੀਕਾ ਵਿਚ ਭਾਰਤੀ ਨਰਸਾਂ ਦੀ ਮੰਗ ਵਧ ਰਹੀ ਹੈ। ਅੱਜ ਹਾਲਾਤ ਇਹ ਹਨ ਕਿ ਭਾਰਤੀ ਨਰਸਾਂ ਨੂੰ ਵਿਦੇਸ਼ਾਂ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਪਸੰਦ ਦਾ ਸਾਰਾ ਲਾਭ ਉਨ੍ਹਾਂ ਔਰਤਾਂ ਨੂੰ ਮਿਲ ਰਿਹਾ ਹੈ ਜੋ ਨਰਸਿੰਗ ਦੇ ਖੇਤਰ ਵਿਚ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਰਹੀਆਂ ਹਨ।
ਅਜਿਹਾ ਨਹੀਂ ਹੈ ਕਿ ਦੇਸ਼ ਵਿਚ ਨਰਸਾਂ ਦੇ ਲਈ ਮੌਕੇ ਨਹੀਂ ਹਨ। ਦੇਸ਼ ਵਿਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੜਕੀਆਂ ਸਿਖਲਾਈ ਲੈ ਕੇ ਆਪਣੇ ਕੰਮ ਵਿਚ ਨਿਪੁੰਨ ਹੁੰਦੀਆਂ ਹਨ। ਸਰਕਾਰੀ ਤੋਂ ਲੈ ਕੇ ਨਿੱਜੀ ਸੰਸਥਾਵਾਂ ਅਤੇ ਆਰਮੀ ਤੋਂ ਲੈ ਕੇ ਉੱਚ-ਘਰਾਣਿਆਂ ਤੱਕ ਨਿੱਜੀ ਦੇਖਭਾਲ ਲਈ ਨਰਸਾਂ ਦੀ ਮੰਗ ਵਿਚ ਭਾਰੀ ਵਾਧਾ ਹੋ ਰਿਹਾ ਹੈ। ਇਨ੍ਹਾਂ ਨਰਸਾਂ ਨੂੰ ਸੇਵਾ ਦੇ ਬਦਲੇ ਚੰਗਾ ਵੇਤਨ ਅਤੇ ਸਹੂਲਤਾਂ ਮਿਲ ਰਹੀਆਂ ਹਨ ਪਰ ਤੁਲਨਾਤਮਿਕ ਰੂਪ ਤੋਂ ਦੇਖਿਆ ਜਾਵੇ ਤਾਂ ਅਮਰੀਕਾ, ਮਿਡਲ ਈਸਟ, ਆਸਟ੍ਰੇਲੀਆ ਅਤੇ ਯੂਰਪ ਵਿਚ ਸ਼ਾਨਦਾਰ ਭਵਿੱਖ ਭਾਰਤੀ ਨਰਸਾਂ ਦੇ ਰਾਹ ’ਚ ਪਲਕਾਂ ਵਿਛਾਈ ਬੈਠਾ ਹੈ। ਅਮਰੀਕੀ ਚਿਕਿਤਸਾ ਵਿਵਸਥਾ ਭਾਰਤੀ ਨਰਸਾਂ ਉੱਤੇ ਕਿਸ ਕਦਰ ਨਿਰਭਰ ਹੋ ਚੁੱਕੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ ਅਮਰੀਕਾ ਵੱਲੋਂ ਚਾਰ ਲੱਖ ਵੀਜ਼ੇ ਭਾਰਤੀ ਨਰਸਾਂ ਨੂੰ ਜਾਰੀ ਕੀਤੇ ਗੲੇ। ਕਿਸੇ ਖੇਤਰ ਦੇ ਲਈ ਇਸ ਤੋਂ ਵੱਡਾ ਮੌਕਾ ਹੋਰ ਕੀ ਹੋ ਸਕਦਾ ਹੈ? ਦੂਜੇ ਦੇਸ਼ ਵੀ ਭਾਰਤੀ ਨਰਸਾਂ ਨੂੰ ਦਿਲ ਖੋਲ੍ਹ ਕੇ ਮੌਕੇ ਦੇ ਰਹੇ ਹਨ। ਇਹ ਹੁਣ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਨ੍ਹਾਂ ਮੌਕਿਆਂ ਦਾ ਲਾਭ ਲੈਣ ਦੇ ਮੂਡ ਵਿਚ ਹੋ ਜਾਂ ਨਹੀਂ?
ਕਿਵੇਂ ਬਣੇ ਕੈਰੀਅਰ-ਨਰਸਿੰਗ ਖੇਤਰ ਵਿਚ ਕੈਰੀਅਰ ਬਣਾਉਣ ਦੇ ਲਈ ਨਰਸਿੰਗ ਨਾਲ ਸੰਬੰਧਿਤ ਪੜ੍ਹਾਈ ਦੇ ਲਈ ਕਈ ਕੋਰਸ ਉਪਲਬਧ ਹਨ। ਜਿਵੇਂ ਤੁਸੀਂ ਤਿੰਨ ਸਾਲਾ ਮਿਡਵਾਇਫਰੀ ਡਿਪਲੋਮਾ ਜਾਂ ਆਕਜ਼ਿਲਰੀ ਨਰਸਿੰਗ ਡਿਪਲੋਮਾ ਕਰ ਸਕਦੇ ਹੋ। ਇਸ ਤੋਂ ਬਾਅਦ ਤਿੰਨ ਸਾਲਾ ਬੀ. ਐਸ. ਸੀ. ਨਰਸਿੰਗ ਵੀ ਕੀਤੀ ਜਾ ਸਕਦੀ ਹੈ। ਜੇਕਰ ਦੋ ਸਾਲਾ ਐਮ. ਐਸ. ਸੀ. ਨਰਸਿੰਗ ਦਾ ਕੋਰਸ ਕਰ ਲਿਆ ਜਾਵੇ ਤਾਂ ਨੌਕਰੀ ਦੇ ਨਾਲ-ਨਾਲ ਵੇਤਨ ਅਤੇ ਸਹੂਲਤਾਂ ਵਿਚ ਵੀ ਕਾਫੀ ਮਦਦ ਮਿਲਦੀ ਹੈ। ਨਰਸਿੰਗ ਵਿਚ ਛੇ ਮਹੀਨਿਆਂ ਦਾ ਸਰਟੀਫਿਕੇਟ ਕੋਰਸ ਵੀ ਉਪਲਬਧ ਹੈ। ਨਰਸਿੰਗ ਡਿਪਲੋਮਾ ਵਿਚ ਦਾਖਲੇ ਲਈ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਦਾਖਲਾ ਪ੍ਰੀਖਿਆ ਲੈਂਦੀਆਂ ਹਨ ਅਤੇ ਕੁਝ 10+2 ਦੇ ਆਧਾਰ ’ਤੇ ਦਾਖਲਾ ਦਿੰਦੀਆਂ ਹਨ। ਉਂਜ ਨਰਸਿੰਗ ਡਿਪਲੋਮਾ ਕੋਰਸ ਵਿਚ ਦਾਖਲੇ ਲਈ ਬਾਰ੍ਹਵੀਂ ਵਿਚ ਭੌਤਿਕ ਵਿਗਿਆਨ ਦੇ ਨਾਲ ਜੀਵ ਵਿਗਿਆਨ ਹੋਣਾ ਜ਼ਰੂਰੀ ਹੈ।
ਇਕ ਨਰਸ ਲਈ ਜ਼ਰੂਰੀ ਹੈ : • ਉਹ ਸੰਵੇਦਨਸ਼ੀਲ ਤੇ ਧੀਰਜ ਵਾਲੀ ਹੋਵੇ।
• ਉਹ ਦਿਆਲੂ ਹੋਵੇ ਪਰ ਕਠੋਰ ਅਨੁਸ਼ਾਸਨ ਵਾਲੀ ਵੀ ਹੋਵੇ।
• ਉਹ ਸੇਵਾ ਅਤੇ ਤਿਆਗ ਭਾਵਨਾ ਦੇ ਨਾਲ-ਨਾਲ ਵਪਾਰਕ ਕੁਸ਼ਲਤਾ ਨਾਲ ਭਰਪੂਰ ਹੋਵੇ।
• ਉਹ ਮਿਠਬੋਲੜੀ ਅਤੇ ਹਸਮੁੱਖ ਹੋਵੇ। ਮਰੀਜ਼ਾਂ ’ਚ ਛੇਤੀ ਘੁਲਮਿਲ ਜਾਣ ਵਾਲੀ ਹੋਵੇ।
• ਉਹ ਦਿਮਾਗ ਦੀ ਤੇਜ਼ ਅਤੇ ਡਾਕਟਰ ਦੀ ਬਾਡੀ ਲੈਂਗੂੲੇਜ਼ ਸਮਝਦੀ ਹੋਵੇ।
• ਉਸ ਵਿਚ ਲੀਡਰਸ਼ਿਪ ਦੇ ਗੁਣ ਹੋਣ। ਓਪਨ ਹਾਰਟ ਸਰਜਰੀ ਸਮੇਂ ਉਹ ਦ੍ਰਿੜ੍ਹ ਅਤੇ ਚੇਤੰਨ ਰਹੇ।
• ਉਹ ਤਿਆਗ ਦੀਆਂ ਭਾਵਨਾਵਾਂ ਭਰਪੂਰ ਹੋਣ ਦੇ ਨਾਲ-ਨਾਲ ਸਰੀਰਕ ਤੌਰ ’ਤੇ ਵੀ ਮਜ਼ਬੂਤ ਹੋਵੇ ਤਾਂ ਕਿ ਐਮਰਜੈਂਸੀ ਵਿਚ 18-20 ਘੰਟੇ ਤੱਕ ਲਗਾਤਾਰ ਕੰਮਕਾਰ ਕਰ ਸਕਦੀ ਹੋਵੇ।
ਕਿਥੋਂ ਲਓ ਸਿਖਲਾਈ-ਦੇਸ਼ ਵਿਚ ਲਗਭਗ ਡੇਢ ਸੌ ਅਜਿਹੀਆਂ ਸੰਸਥਾਵਾਂ ਹਨ, ਜਿਥੋਂ ਨਰਸਿੰਗ ਦਾ ਕੋਰਸ ਕੀਤਾ ਜਾਂਦਾ ਹੈ। ਇਨ੍ਹਾਂ ’ਚੋਂ ਕੁਝ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਇਸ ਤਰ੍ਹਾਂ ਹਨ :
• ਕਾਲਜ ਆਫ ਨਰਸਿੰਗ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਅੰਸਾਰੀ ਨਗਰ, ਨਵੀਂ ਦਿੱਲੀ-110049.
• ਰਾਜਕੁਮਾਰੀ ਅੰਮ੍ਰਿਤ ਕੌਰ ਕਾਲਜ ਆਫ ਨਰਸਿੰਗ, ਐਂਡਰੂਜਗੰਜ (ਲਾਜਪਤ ਨਗਰ), ਨਵੀਂ ਦਿੱਲੀ।
• ਕਾਲਜ ਆਫ ਨਰਸਿੰਗ, ਕਾਨਪੁਰ, ਉੱਤਰ ਪ੍ਰਦੇਸ਼।
• ਕਾਲਜ ਆਫ ਨਰਸਿੰਗ, ਪੋਸਟ ਗ੍ਰੈਜੂੲੇਟ ਇੰਸਟੀਚਿਊਟ, ਚੰਡੀਗੜ੍ਹ।
• ਕਾਲਜ ਆਫ ਨਰਸਿੰਗ, ਐਸ. ਐਮ. ਐਸ. ਮੈਡੀਕਲ ਕਾਲਜ, ਜੈਪੁਰ।

-ਅਮਰਦੀਪ ਕੌਰ
ਜੇ-30, ਪ੍ਰਤਾਪ ਨਗਰ, ਨਕੋਦਰ ਰੋਡ, ਜਲੰਧਰ ਸ਼ਹਿਰ।
(ਰੋਜ਼ਾਨਾ ਅਜੀਤ ਜਲੰਧਰ)

05 June, 2007

ਖ਼ੁਦਕੁਸ਼ੀ ਤੋਂ ਪਹਿਲਾਂ - ਇੱਕ ਸਬਕ

ਜੇ ਇਸ ਗੱਲ ਨੂੰ ਖ਼ੁਦਕੁਸ਼ੀ ਕਰਨ ਲੲੀ ਪ੍ਰੇਰਨਾ ਨਾ ਸਮਝਿਆ ਜਾਵੇ ਤਾਂ ਹਾਲ ਵਿਚ ਲੁਧਿਆਣਾ ਦੇ ਸੁਰਜੀਤ ਸਿੰਘ ਕਾਲਰਾ ਤੇ ਉਸ ਦੀ ਦੂਜੀ ਪਤਨੀ ਸਿਮਰਨਪਾਲ ਕੌਰ ਵੱਲੋਂ ਕੀਤੀ ਗੲੀ ਖ਼ੁਦਕੁਸ਼ੀ ਵਿਚਾਰ ਮੰਗਦੀ ਹੈ। 78 ਸਾਲਾ ਕਾਲਰਾ ਉਦਯੋਗਪਤੀ ਸੀ। ਉਹ ਦੇਸ਼ ਵੰਡ ਸਮੇਂ ਇਥੇ ਆਇਆ ਸੀ ਤੇ ਉਸ ਨੇ ਸਹਿਜੇ-ਸਹਿਜੇ ਤੇ ਸਖ਼ਤ ਮਿਹਨਤ ਨਾਲ ਸਾੲੀਕਲਾਂ ਦੇ ਪੁਰਜ਼ੇ ਬਣਾਉਣ ਵਿਚ ਅਜਿਹੀ ਮੁਹਾਰਤ ਹਾਸਲ ਕੀਤੀ ਕਿ ਉਸ ਨੇ ਆਪਣੇ ਪੁੱਤਰਾਂ ਨੂੰ ਇਸ ਧੰਦੇ ਦੇ ਸਿਰ ਉੱਤੇ ਸਫ਼ਲ ਹੋਣ ਦੀ ਜਾਚ ਦੇ ਦਿੱਤੀ। ਮੀਡੀਆ ਤੋਂ ਪ੍ਰਾਪਤ ਹੋੲੀਆਂ ਖ਼ਬਰਾਂ ਅਨੁਸਾਰ ਪਤੀ-ਪਤਨੀ ਦੇ ਖ਼ੁਦਕੁਸ਼ੀ ਕਰਨ ਦਾ ਕਾਰਨ ਇਨ੍ਹਾਂ ਹੀ ਪੁੱਤਰਾਂ ਦਾ ਵਿਵਹਾਰ ਸਿੱਧ ਹੋਇਆ। ਉਸ ਦੇ ਹੱਥਾਂ ਵਿਚ ਜੰਮੇ, ਪਲੇ ਤੇ ਸਫਲ ਹੋੲੇ ਪੁੱਤਰਾਂ ਨੇ ਆਪਣੇ ਪਿਤਾ ਦੇ ਦੂਜੀ ਸ਼ਾਦੀ ਕਰਨ ਉਪਰੰਤ ਉਸ ਨਾਲ ਅਜਿਹਾ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ ਕਿ ਪੁੱਤਰਾਂ ਤੋਂ ਇਨਸਾਫ਼ ਮੰਗਣ ਲੲੀ ਪਿਤਾ ਨੂੰ ਅਦਾਲਤ ਦੇ ਦਰ ’ਤੇ ਜਾਣਾ ਪਿਆ। ਪੁੱਤਰ ਆਪਣੇ ਪਿਤਾਂ ਨੂੰ ਬਣਦਾ ਹੱਕ ਦੇਣ ਤੋਂ ਇਨਕਾਰੀ ਹੋ ਗੲੇ ਸਨ। ਉਨ੍ਹਾਂ ਨੇ ਪੈਸੇ ਦੇ ਸਿਰ ’ਤੇ ਕਚਹਿਰੀ ਵੀ ਆਪਣੇ ਬੋਝੇ ਵਿਚ ਪਾ ਲੲੀ ਸੀ। ਇਨਸਾਫ਼ ਦੀ ਤੱਕੜੀ ਵਿਚ ਆਇਆ ਪਾਸਕੂ ਬਰਦਾਸ਼ਤ ਕਰਨਾ ਹੋਰ ਵੀ ਔਖਾ ਸੀ। ਉਸ ਨੇ ਤੇ ਉਸ ਦੀ ਪਤਨੀ ਨੇ ਜ਼ਹਿਰ ਖਾ ਕੇ ਆਪਣੇ-ਆਪ ਨੂੰ ਸਦਾ ਦੀ ਨੀਂਦੇ ਸੁਆ ਲਿਆ।
ਇਹ ਤੱਥ ਉਨ੍ਹਾਂ ਵੱਲੋਂ ਛੱਡੇ ਗੲੇ ਖ਼ੁਦਕੁਸ਼ੀ ਦੇ ਨੋਟ ਤੋਂ ਉਜਾਗਰ ਹੁੰਦੇ ਹਨ। ਉਨ੍ਹਾਂ ਨੇ ਮਰਨ ਤੋਂ ਇਕ ਦਿਨ ਪਹਿਲਾਂ ਆਪਣੇ ਕਿਰਿਆਕਰਮ ਵਾਸਤੇ ਲੋੜੀਂਦਾ ਪੈਸਾ ਵੀ ਨੇੜਲੇ ਬਿਰਧ ਆਸ਼ਰਮ ਵਿਚ ਜਮ੍ਹਾ ਕਰਵਾ ਕੇ ਹਦਾਇਤ ਕੀਤੀ ਸੀ ਕਿ ਮੌਤ ਉਪਰੰਤ ਉਸ ਦੇ ਕਿਸੇ ਵੀ ਪੁੱਤਰ ਨੂੰ ਉਨ੍ਹਾਂ ਦੀ ਅਰਥੀ ਦੇ ਨੇੜੇ ਨਾ ਢੁਕਣ ਦਿੱਤਾ ਜਾਵੇ। ਨਿਸ਼ਚੇ ਹੀ ਦੋਵੇਂ ਮ੍ਰਿਤਕ ਜੀਵ ਆਪਣੇ ਪੁੱਤਰਾਂ ਅਤੇ ਕਚਹਿਰੀ ਦੇ ਵਰਤਾਰੇ ਤੋਂ ਅਤਿਅੰਤ ਦੁਖੀ ਸਨ। ਖ਼ੁਦਕੁਸ਼ੀ ਤੋਂ ਪਹਿਲਾਂ ਦਾ ਇਹ ਸੱਚ ਹੋਰ ਵੀ ਉਜਾਗਰ ਹੋ ਜਾਂਦਾ ਹੈ ਜਦੋਂ ਉਨ੍ਹਾਂ ਦੀ ਅੰਤਿਮ ਇੱਛਾ ਵਿਚ ਇਹ ਅਪੀਲ ਮਿਲੀ ਕਿ ਲੋਕਾਂ ਨੂੰ ਧੀਆਂ ਦੇ ਭਰੂਣ ਦੀ ਕੁੱਖ ਵਿਚ ਹੱਤਿਆ ਕਰਨ ਦੀ ਥਾਂ ਪੁੱਤਰਾਂ ਦੇ ਭਰੂਣ ਦੀ ਹੱਤਿਆ ਬਾਰੇ ਸੋਚਣਾ ਚਾਹੀਦਾ ਹੈ। ਮ੍ਰਿਤਕਾਂ ਵੱਲੋਂ ਖ਼ੁਦਕੁਸ਼ੀ ਤੋਂ ਪਹਿਲਾਂ ਲਿਖਿਆ ਇਹ ਨੋਟ ਸਮਾਜ ਦੇ ਉਨ੍ਹਾਂ ਅਨਸਰਾਂ ਲੲੀ ਬਹੁਤ ਵੱਡੀ ਚਿਤਾਵਨੀ ਹੈ ਜਿਹੜੇ ਧੀਆਂ ਦੀ ਹੱਤਿਆ ਦਾ ਦੋਸ਼ ਹੰਢਾਉਂਦੇ ਹਨ।
ਖ਼ੁਦਕੁਸ਼ੀ ਕਰਨ ਦੀ ਨੌਬਤ ਕਿਤੇ ਐਵੇਂ ਹੀ ਨਹੀਂ ਆਉਂਦੀ। ਜਿਹੜੇ ਕਿਸਾਨ ਕਰਜ਼ੇ ਦੀ ਲਪੇਟ ਵਿਚ ਆ ਕੇ ਖ਼ੁਦਕੁਸ਼ੀ ਦੇ ਮਾਰਗ ਪੈਂਦੇ ਹਨ, ਉਨ੍ਹਾਂ ਨੇ ਵੀ ਮਾਨਸਿਕ ਕਸ਼ਟ ਭੋਗਿਆ ਹੁੰਦਾ ਹੈ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਸ ਬੰਦੇ ਨੇ ਕਿੱਥੋਂ ਕਰਜ਼ਾ ਲੈਣ ਲੲੀ ਉਕਸਾਇਆ ਤੇ ਇਸ ਕੰਮ ਲੲੀ ਵਿਚੋਲੇ ਨੇ ਉਨ੍ਹਾਂ ਕੋਲੋਂ ਕਿੰਨੇ ਪੈਸੇ ਬਟੋਰੇ। ਖ਼ੁਦਕੁਸ਼ੀ ਕਰਨ ਨਾਲੋਂ ਵੱਡੀ ਬੁਜ਼ਦਿਲੀ ਕੋੲੀ ਨਹੀਂ। ਪਰ ਜੇ ਨੌਬਤ ਇਥੋਂ ਤੱਕ ਆ ਜਾਂਦੀ ਹੈ ਤਾਂ ਪਿਛੇ ਰਹਿ ਗੲੇ ਭਾੲੀਚਾਰੇ ਤੇ ਸਮਾਜ ਲੲੀ ਇਸ ਅਮਲ ਤੱਕ ਪਹੁੰਚਣ ਵਾਲੇ ਕਾਰਨਾਂ ਦਾ ਗਿਆਨ ਛੱਡਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਲੋਂ ਲਿਖਿਆ ਕਾਰਨ ਖ਼ੁਦਕੁਸ਼ੀ ਨਾਲ ਸੰਬੰਧਿਤ ਗੁਨਾਹਕਾਰਾਂ ਨੂੰ ਓਨੀ ਕੁ ਭਾਜੜ ਤਾਂ ਪਾ ਹੀ ਸਕਦਾ ਹੈ, ਜਿੰਨੀ ਕਾਲਰਾ ਦੇ ਨੋਟ ਨੇ ਪਾੲੀ ਹੈ। ਅਜਿਹਾ ਨੋਟ ਕਰਜ਼ਾ ਚੁੱਕਣ ਵਾਲਿਆਂ ਲੲੀ ਵੀ ਚਿਤਾਵਨੀ ਦਾ ਕੰਮ ਦੇਵੇਗਾ ਤੇ ਵਿਚੋਲਿਆਂ ਲੲੀ ਵੀ ਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਲੲੀ ਵੀ।

-ਗੁਲਜ਼ਾਰ ਸਿੰਘ
(ਰੋਜ਼ਾਨਾ ਅਜੀਤ ਜਲੰਧਰ)