14 June, 2007

ਨੌਕਰੀ ਮਿਲ ਗਈ ਤਾਂ ਕੀ ਹੋਇਆ ਮੁਕਾਬਲਾ ਖ਼ਤਮ ਨਹੀਂ ਹੋਇਆ

ਇਕ ਜ਼ਮਾਨਾ ਸੀ ਜਦੋਂ ਸਾਰਾ ਤਨਾਅ, ਸਾਰੀ ਮਿਹਨਤ ਕੇਵਲ ਨੌਕਰੀ ਮਿਲਣ ਤੱਕ ਹੀ ਹੁੰਦੀ ਸੀ। ਇਕ ਵਾਰ ਨੌਕਰੀ ਮਿਲ ਗਈ ਤਾਂ ਸਮਝੋ ਜ਼ਿੰਦਗੀ ਵਿਚ ਬੱਸ ਆਰਾਮ ਹੀ ਆਰਾਮ ਸੀ ਪਰ ਹੁਣ ਜ਼ਮਾਨਾ ਬਿਲਕੁਲ ਬਦਲ ਗਿਆ ਹੈ। ਇਸ ਜ਼ਮਾਨੇ ਵਿਚ ਕੇਵਲ ਨੌਕਰੀ ਹਾਸਲ ਕਰਨਾ ਹੀ ਸਭ ਕੁਝ ਨਹੀਂ ਬਲਕਿ ਨੌਕਰੀ ਨੂੰ ਬਣਾਈ ਰੱਖਣ ਲਈ ਵੀ ਖੁਦ ਨੂੰ ਹਰ ਦਿਨ ਸਾਬਤ ਕਰਨਾ ਪੈਂਦਾ ਹੈ। ਇਸ ਲਈ ਅੱਜ ਦੇ ਦੌਰ ਵਿਚ ਨੌਕਰੀ ਮਿਲ ਜਾਣ ਤੋਂ ਬਾਅਦ ਵੀ ਮੁਕਾਬਲਾ ਖਤਮ ਨਹੀਂ ਹੁੰਦਾ। ਜੇਕਰ ਤੁਸੀਂ ਦਫਤਰ ਵਿਚ ਨਵੇਂ ਆੲੇ ਹੋ ਤਾਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ-
• ਦਫਤਰ ਵਿਚ ਤੁਹਾਡੀ ਮੰਗ ਬਣੀ ਰਹੇ, ਇਸ ਦੇ ਲਈ ਤੁਹਾਨੂੰ ਨਵੀਆਂ ਤਕਨੀਕਾਂ ਤੋਂ ਹਮੇਸ਼ਾ ਜਾਣੂ ਰਹਿਣਾ ਪਵੇਗਾ।
• ਨਵੀਆਂ ਤਕਨੀਕਾਂ ਤੋਂ ਜਾਣੂ ਹੋਣਾ ਸਿਰਫ ਕਾਰਜਸ਼ਕਤੀ ਨੂੰ ਹੀ ਨਹੀਂ ਵਧਾਉਂਦਾ ਬਲਕਿ ‘ਜਾਬ ਮਾਰਕੀਟ’ ਵਿਚ ਤੁਹਾਡੀ ਕੀਮਤ ਵੀ ਵਧਾਉਂਦਾ ਹੈ। ਜੇਕਰ ਤੁਸੀਂ ਤਕਨੀਕ ਦੀ ਜਾਣਕਾਰੀ ਤੋਂ ਪਛੜੇ ਤਾਂ ਆਪਣੀ ਕੀਮਤ ਘਟਾ ਬੈਠੋਗੇ।
• ਤੁਹਾਡੀ ਛੋਟੀ ਜਿਹੀ ਲਾਪ੍ਰਵਾਹੀ ਨਾਲ ਜਿੰਨੀ ਮਿਹਨਤ ਤੇ ਪੜ੍ਹਾਈ ਕਰਕੇ ਤੁਸੀਂ ਨੌਕਰੀ ਹਾਸਲ ਕੀਤੀ ਸੀ, ਉਸ ’ਤੇ ਪਾਣੀ ਫਿਰ ਸਕਦਾ ਹੈ।
• ਅੱਜ ਇਕ ਸਫਲ ਕਾਮਾ (ਵਰਕਰ) ਉਹੀ ਮੰਨਿਆ ਜਾਂਦਾ ਹੈ ਜੋ ਤਕਨੀਕੀ ਬਦਲਾਵਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹੇ। ਚਾਹੇ ਉਹ ਕੰਪਿਊਟਰ ਦਾ ਮਾਮਲਾ ਹੋਵੇ, ਮੋਬਾਈਲ ਦਾ ਮਾਮਲਾ ਹੋਵੇ, ਈ-ਮੇਲ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਤਕਨੀਕੀ ਮਾਮਲਾ ਹੋਵੇ। ਤਕਨੀਕੀ ਰੂਪ ਤੋਂ ਸਮੇਂ ਦੇ ਨਾਲ ਚੱਲਣਾ ਨਾ ਸਿਰਫ ਆਧੁਨਿਕ ਹੋਣਾ ਵੀ ਹੈ ਬਲਕਿ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣਾ ਵੀ ਹੈ।
• ਨਵੀਆਂ-ਨਵੀਆਂ ਚੀਜ਼ਾਂ ਨੂੰ ਸਿੱਖਣ ’ਚ ਕਦੀ ਨਾ ਝਿਜਕੋ। ਆਖਰ ਤੁਹਾਡਾ ਭਵਿੱਖ ਇਸ ’ਤੇ ਹੀ ਤਾਂ ਨਿਰਭਰ ਕਰਦਾ ਹੈ।
• ਨਵੀਂ ਤਕਨੀਕ, ਨਵੇਂ ਪ੍ਰਬੰਧਨ ਦੇ ਗੁਰ, ਨਵੇਂ ਉਤਪਾਦ ਜਾਂ ਦਫਤਰ ਨਾਲ ਸੰਬੰਧਿਤ ਜੋ ਕੁਝ ਵੀ ਨਵਾਂ ਆਵੇ, ਕਿਸੇ ਜਾਣਕਾਰ ਨਾਲ ਗੱਲ ਕਰੋ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ।
• ਕੋਈ ਜ਼ਰੂਰੀ ਨਹੀਂ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਸਿੱਖ ਹੀ ਲਓ। ਹਾਂ, ਜਾਣਕਾਰੀ ਜ਼ਰੂਰ ਰੱਖੋ। ਜਿਹੜੀ ਚੀਜ਼ ਤੁਹਾਨੂੰ ਫਾਇਦੇਮੰਦ ਲੱਗੇ ਅਤੇ ਲੱਗੇ ਕਿ ਆਉਣ ਵਾਲੇ ਦਿਨਾਂ ਵਿਚ ਇਸ ਦੀ ਘਾਟ ਕਾਰਨ ਜੇ ਨੁਕਸਾਨ ਹੋ ਸਕਦਾ ਹੈ ਤਾਂ ਉਸ ਨੂੰ ਸਿੱਖਣ ਵਿਚ ਪਿੱਛੇ ਨਾ ਰਹੋ।
• ਨਵੀਆਂ ਚੀਜ਼ਾਂ ਅਤੇ ਨਵੀਆਂ ਤਕਨੀਕਾਂ ਤੋਂ ਜਾਣੂ ਹੋਣ ਦੇ ਕਈ ਮਾਧਿਅਮ ਹਨ। ਅਖਬਾਰਾਂ, ਮੈਗਜ਼ੀਨ ਅਤੇ ਚੈਨਲਾਂ ਦੇ ਜ਼ਰੀੲੇ ਤਕਨੀਕ ਸਬੰਧੀ ਆਪਣੀ ਜਾਣਕਾਰੀ ਨੂੰ ਸਮੇਂ ਦੇ ਹਾਣੀ ਰੱਖੋ।
• ਤੁਹਾਨੂੰ ਛੋਟੀਆਂ-ਛੋਟੀਆਂ ਤਕਨੀਕੀ ਗੱਲਾਂ ਜਿਵੇਂ ਰਿੰਗਟੋਨ ਡਾਊਨਲੋਡ ਕਰਨਾ, ਕੰਪਿਊਟਰ ਵਿਚ ਸੀ. ਡੀ. ਲਗਾ ਕੇ ਦੇਖਣਾ, ਈ-ਮੇਲ ਭੇਜਣਾ ਆਦਿ ਦੀ ਜਾਣਕਾਰੀ ਨਾ ਹੋਵੇ ਤਾਂ ਫਿਰ ‘ਜਾਬ ਮਾਰਕੀਟ’ ’ਚ ਤੁਹਾਡੀ ਸਥਿਤੀ ਨਿਸਚਿਤ ਹੀ ਕਮਜ਼ੋਰ ਹੋਵੇਗੀ।
• ਤੁਹਾਨੂੰ ਇਹ ਜਾਂ ਉਹ ਚੀਜ਼ ਨਹੀਂ ਆਉਂਦੀ, ਇਹ ਸੋਚ ਕੇ ਝਿਜਕੋ ਨਾ ਅਤੇ ਜਿਥੋਂ ਤੱਕ ਸੰਭਵ ਹੋ ਸਕੇ, ਤੁਸੀਂ ਉਸ ਦੇ ਬਾਰੇ ਜਾਨਣ ਦੀ ਕੋਸ਼ਿਸ਼ ਕਰੋ।
• ਤੁਹਾਡੇ ਕੰਮ ਕਰਨ ਦਾ ਖੇਤਰ ਚਾਹੇ ਜੋ ਵੀ ਹੋਵੇ, ਤੁਸੀਂ ਆਪਣੀ ਜਾਣਕਾਰੀ ਉਸ ਖਾਸ ਖੇਤਰ ਵਿਚ ਲਗਾਤਾਰ ਵਧਾਉਂਦੇ ਰਹੋ। ਇਸ ਦੇ ਲਈ ਸੰਬੰਧਿਤ ਲੋਕਾਂ ਨੂੰ ਮਿਲੋ, ਕਿਤਾਬਾਂ ਪੜ੍ਹੋ ਅਤੇ ਆਪਣੇ ਸੀਨੀਅਰ ਤੋਂ ਹਮੇਸ਼ਾ ਤੁਹਾਡੇ ਦਿਮਾਗ ’ਚ ਉੱਠੇ ਸਵਾਲ ਦੇ ਜਵਾਬ ਨੂੰ ਜਾਨਣ ਦੀ ਕੋਸ਼ਿਸ਼ ਕਰੋ।
(ਰੋਜ਼ਾਨਾ ਅਜੀਤ ਜਲੰਧਰ)

No comments: