ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਕੇਂਦਰ ਵਿਚਲੀ ਕਾਂਗਰਸ ਸਰਕਾਰ ਅਤੇ ਪੰਜਾਬ ਵਿਚਲੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਵਿਚਕਾਰ ਤਣਾਅ ਜਾਂ ਟਕਰਾਅ ਦੀ ਥਾਂ ਸੁਰ-ਮੇਲ ਦਿਸ ਰਿਹਾ ਹੈ। ਆਪਣੀ ਸਿਆਸਤ ਦਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰ ਵਿਰੋਧੀ ਰਾਜਨੀਤੀ ਨੂੰ ਅਧਾਰ ਬਣਾ ਕੇ ਦਿੱਲੀ ਵਾਲਿਆਂ ’ਤੇ ਪੰਜਾਬ ਵਿਰੋਧੀ ਹੋਣ ਦਾ ਠੱਪਾ ਲਾ ਕੇ ਵਿਚਰਦੇ ਰਹੇ ਸ: ਬਾਦਲ ਇਸ ਵਾਰ ਆਪਣਾ ਇਹ ਪੈਂਤੜਾ ਬਦਲਦੇ ਦਿਖਾਈ ਦਿੰਦੇ ਹਨ। ਆਪਣੀ ਸਰਕਾਰ ਦੇ 100 ਦਿਨ ਪੂਰੇ ਹੋਣ ’ਤੇ ਸ: ਬਾਦਲ ਨੇ ਜਿਹੜੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ ਜਾਂ ਅਗਲੇ ਸਮੇਂ ਵਿਚ ਲਾਗੂ ਕੀਤੀਆਂ ਜਾਣ ਵਾਲੀਆਂ ਜਿਨ੍ਹਾਂ ਭਲਾਈ ਸਕੀਮਾਂ ਅਤੇ ਵਿਕਾਸ ਯੋਜਨਾਵਾਂ ਦਾ ਵੇਰਵਾ ਦਿੱਤਾ ਹੈ, ਇਨ੍ਹਾਂ ਸਭ ਵਿਚ ਕੇਂਦਰੀ ਯੋਗਦਾਨ ਦੀ ਝਲਕ ਮਿਲਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਮੇਤ ਵੱਖ ਵੱਖ ਕੇਂਦਰੀ ਮੰਤਰੀਆਂ ਵੱਲੋਂ ਪੰਜਾਬ ਸਰਕਾਰ ਵੱਲ ਹਾਂ-ਪੱਖੀ ਵਤੀਰਾ ਅਪਣਾਉਣ ਬਦਲੇ ਉਨ੍ਹਾਂ ਦਾ ਵਾਰ-ਵਾਰ ਧੰਨਵਾਦ ਵੀ ਕੀਤਾ ਅਤੇ ਇਹ ਵੀ ਕਿਹਾ ਕਿ ਸੂਬੇ ਦਾ ਵਿਕਾਸ ਕੇਂਦਰ ਅਤੇ ਸੂਬਾ ਸਰਕਾਰ ਵਿਚਲੇ ਤਾਲਮੇਲ ਬਿਨਾਂ ਨਹੀਂ ਹੋ ਸਕਦਾ। ਬੇਸ਼ੱਕ ਬਦਲੇ ਹੋੲੇ ਅਤੇ ਨਵੇਂ ਵਿਸ਼ਵਵਿਆਪੀ ਆਰਥਿਕ ਪ੍ਰਬੰਧ ਦੀਆਂ ਲੋੜਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਪਹੁੰਚ ਲਈ ਜ਼ਿੰਮੇਵਾਰ ਹਨ ਪ੍ਰੰਤੂ ਇੰਜ ਵੀ ਲਗਦਾ ਹੈ ਕਿ ਕੇਂਦਰ ਨਾਲ ਟਕਰਾਅ ਦੇ ਪਿਛਲੇ ਲੰਮੇ ਅਤੇ ਕੌੜੇ ਤਜਰਬੇ ਤੋਂ ਵੀ ਸਬਕ ਲੈ ਕੇ ਦਲ ਨੇ ਇਹ ਨਵੀਂ ਪਹੁੰਚ ਅਪਣਾਈ ਹੈ। ਚੇਤੇ ਰਹੇ ਕਿ ਪਿਛਲੀ ਬਾਦਲ ਸਰਕਾਰ ਸਮੇਂ ਕੇਂਦਰ ਵਿਚ ਜਾਂ ਤਾਂ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਰਹੇ ਜਾਂ ਫਿਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠਲੀ ਐੱਨ. ਡੀ. ੲੇ. ਸਰਕਾਰ ਕੇਂਦਰ ਵਿਚ ਰਹੀ। ਕੇਂਦਰੀ ਮੰਤਰੀਆਂ ਤੇ ਨੇਤਾਵਾਂ ਵਲੋਂ ਸ: ਬਾਦਲ ਪ੍ਰਤੀ ਅਪਣਾਈ ਗਈ ਸਾਰਥਿਕ ਪਹੁੰਚ ਦਾ ਇਕ ਕਾਰਨ ਉਨ੍ਹਾਂ ਦੇ ਬਹੁਤ ਉੱਚੇ ਹੋੲੇ ਸਿਆਸੀ ਕੱਦ ਨੂੰ ਮਾਣ-ਸਤਿਕਾਰ ਦੇਣਾ ਵੀ ਹੈ। ਉਨ੍ਹਾਂ ਦੇ ਕੱਦ-ਬੁੱਤ ਵਾਲੇ ਬਹੁਤ ਥੋੜ੍ਹੇ ਸਿਆਸਤਦਾਨ ਦੇਸ਼ ਵਿਚ ਦਿਖਾਈ ਦਿੰਦੇ ਹਨ, ਖਾਸ ਕਰਕੇ ਪੰਜਾਬ ਅਤੇ ਸਿੱਖ ਸਿਆਸਤ ਵਿਚ ਤਾਂ ਉਨ੍ਹਾਂ ਦੀ ਕੋਈ ਬਰਾਬਰੀ ਹੀ ਨਹੀਂ। ਬਾਦਲ ਸਰਕਾਰ ਦੇ ਕੇਂਦਰ ਨਾਲ ਸੁਰ-ਮੇਲ ਦੀ ਇਸ ਤੋਂ ਉੱਘੜਵੀਂ ਮਿਸਾਲ ਕੀ ਮਿਲ ਸਕਦੀ ਹੈ ਕਿ ਰਾਜ ਸਰਕਾਰ ਆਪਣੇ ਐਕਸਾਈਜ਼ ਅਤੇ ਟੈਕਸੇਸ਼ਨ ਅਫਸਰਾਂ (ਈ. ਟੀ. ਓਜ਼) ਦੀ ਭਰਤੀ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਕਰਵਾਉਣ ਦਾ ਫੈਸਲਾ ਕਰ ਚੁੱਕੀ ਹੈ, ਹਾਲਾਂਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਅਤੇ ਫੈਡਰਲ ਢਾਂਚਾ ਬਣਾਉਣ ਦੀ ਨੀਤੀ ਦੇ ਉਲਟ ਹੈ।
ਚਾਹਲ ਕਿਉਂ ਨਿਸ਼ਾਨਾ ਬਣੇ?
ਇਹ ਗੱਲ ਲਗਭਗ 20 ਸਾਲ ਪੁਰਾਣੀ ਹੈ। ਪਟਿਆਲਾ ਵਿਚ ਰਾਸ਼ਟਰੀ ਖੇਡਾਂ ਦਾ ਆਖ਼ਰੀ ਦਿਨ ਸੀ। ਖੇਡਾਂ ਦੇ ਸਮਾਪਤੀ ਸਮਾਰੋਹ ਮੌਕੇ ਇਨਾਮ ਵੰਡਣ ਦੀ ਰਸਮ ਉਸ ਵੇਲੇ ਦੀ ਕੇਂਦਰੀ ਖੇਡ ਮੰਤਰੀ ਮੈਡਮ ਮਾਰਗ੍ਰੇਟ ਅਲਵਾ ਨੇ ਨਿਭਾਈ ਸੀ। ਅਸੀਂ ਤਿੰਨ-ਚਾਰ ਪੱਤਰਕਾਰ ਚੰਡੀਗੜ੍ਹ ਤੋਂ ਇਨ੍ਹਾਂ ਖੇਡਾਂ ਦੀ ਕਵਰੇਜ ਲਈ ਉੱਥੇ ਗੲੇ ਸਾਂ। ਇਸ ਵੇਲੇ ਮੀਡੀਆ ਦੀਆਂ ਸੁਰਖ਼ੀਆਂ ਬਣੇ ਭਰਤਇੰਦਰ ਸਿੰਘ ਚਾਹਲ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸਨ। ਜਦੋਂ ਇਨਾਮ ਵੰਡ ਸਮਾਗਮ ਖ਼ਤਮ ਹੋਇਆ ਤਾਂ ਇਸ ਦੀ ਇਕ ਵੀਡੀਓ ਕੈਸਟ ਬਣਵਾ ਕੇ ਚਾਹਲ ਨੇ ਆਪਣੇ ਇਕ ਕਰਿੰਦੇ ਹੱਥ ਫੜਾਈ। ਉਸ ਨੂੰ ਹਦਾਇਤ ਕੀਤੀ ਕਿ ਇਹ ਵੀਡੀਓ ਲੈ ਕੇ ਮੈਡਮ ਦੇ ਜ਼ਹਾਜ਼ ਵਿਚ ਜਾ ਕੇ ਦਿੱਲੀ ਦੂਰਦਰਸ਼ਨ ਕੇਂਦਰ ’ਤੇ ਪੁਚਾਉਣੀ ਹੈ। ਪਟਿਆਲਾ ਦੇ ਸਿਵਲ ਹਵਾਈ ਅੱਡੇ ਤੋਂ ਉਡਣ ਵਾਲੇ ਉਸ ਜ਼ਹਾਜ਼ ਵਿਚ ਇਕ ਸੀਟ ਖ਼ਾਲੀ ਸੀ। ਉਦੋਂ ਸਿਰਫ਼ ਦੂਰਦਰਸ਼ਨ ਹੀ ਹੁੰਦਾ ਸੀ ਅਤੇ ਰਾਤੀਂ 9 ਜਾਂ ਸਾਢੇ 9 ਵਜੇ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਟੈਲੀਕਾਸਟ ਹੁੰਦਾ ਸੀ। ਚਾਹਲ ਹੁਰਾਂ ਦਾ ਟੀਚਾ ਖੇਡਾਂ ਦੇ ਇਸ ਸਮਾਗਮ ਦੀ ਖ਼ਬਰ ਇਸ ਬੁਲੇਟਿਨ ਵਿਚ ਸ਼ਾਮਿਲ ਕਰਾਉਣਾ ਸੀ। ਜਦੋਂ ਉਹ ਵੀਡੀਓ ਵਾਲਾ ਸੱਜਣ ਜਹਾਜ਼ ਚੜ੍ਹਨ ਲਈ ਪੁੱਜਾ ਤਾਂ ਉਸ ਤੋਂ ਪਹਿਲਾਂ ਮੈਡਮ ਅਲਵਾ ਨੇ ਖ਼ਾਲੀ ਸੀਟ ’ਤੇ ਕਿਸੇ ਹੋਰ ਨੂੰ ਬਿਠਾ ਲਿਆ। ਵੀਡੀਓ ਉੱਥੇ ਹੀ ਰਹਿ ਗਈ। ਸ਼ਾਮ ਦੇ 6 ਵੱਜ ਚੁੱਕੇ ਸਨ। ਉਸ ਵੇਲੇ ਕਾਰ ’ਤੇ ਵੀ ਦਿੱਲੀ ਇਹ ਕੈਸਟ ਨਹੀਂ ਸੀ ਭੇਜੀ ਜਾ ਸਕਦੀ ਪਰ ਭਰਤਇੰਦਰ ਚਾਹਲ ਨੇ ਕਿਹਾ ਕਿ ਉਹ ਹਰ ਹਾਲ ਇਸ ਨੂੰ ਦਿੱਲੀ ਭੇਜਣਗੇ। ਜ਼ਿਲ੍ਹਾ ਲੋਕ ਸੰਪਰਕ ਦੇ ਦਫ਼ਤਰ ਵਿਚ ਬੈਠ ਕੇ ਅਸੀਂ ਦੇਖਿਆ ਕਿ ਚਾਹਲ ਨੇ ਇਧਰ-ਉਧਰ ਫ਼ੋਨ ਘੁਮਾੲੇ। ਥੋੜ੍ਹੀ ਦੇਰ ਬਾਅਦ ਹੀ ਕਿਸੇ ਤਕੜੇ ਪਰਿਵਾਰ ਦਾ ਇਕ ਨਿੱਜੀ ਜਹਾਜ਼ ਮੰਗ ਕੇ ਲੈ ਲਿਆ। ਜਹਾਜ਼ ਤਾਂ ਮਿਲ ਗਿਆ, ਇਸ ਤੋਂ ਬਾਅਦ ਦਿੱਲੀ ਵਿਚ ਹਵਾਈ ਅੱਡੇ ’ਤੇ ਉਤਰਨ ਦੀ ਆਗਿਆ ਦਾ ਮਸਲਾ ਖੜ੍ਹਾ ਹੋ ਗਿਆ। ਇਧਰ-ਉਧਰ ਦਰਜਨ ਦੇ ਕਰੀਬ ਫ਼ੋਨ ਘੁਮਾ ਕੇ ਆਖਰਕਾਰ ਉਨ੍ਹਾਂ ਉਸ ਜਹਾਜ਼ ਨੂੰ ਉਤਾਰਨ ਦੀ ਪ੍ਰਵਾਨਗੀ ਵੀ ਲੈ ਲਈ। ਉਹ ਬੰਦਾ ਤੇ ਵੀਡੀਓ ਦਿੱਲੀ ਪੁੱਜੇ ਅਤੇ ਦੂਰਦਰਸ਼ਨ ਦੀਆਂ ਖ਼ਬਰਾਂ ਵਿਚ ਮਾਰਗ੍ਰੇਟ ਅਲਵਾ ਦੀ ਖ਼ਬਰ ਬਾਕਾਇਦਾ ਨਸ਼ਰ ਹੋਈ। ਜਿਸ ਅਹੁਦੇ ਜਾਂ ਕੁਰਸੀ ’ਤੇ ਬੰਦਾ ਬੈਠਾ ਹੋਵੇ, ਇਸ ਦੇ ਅਧਿਕਾਰ ਖੇਤਰ ਨਾਲੋਂ ਕਈ ਗੁਣਾ ਵੱਧ ਤਾਕਤ ਵਰਤ ਲੈਣ ਦੇ ਇਸ ਗੁਰ ਕਰਕੇ ਹੀ ਭਰਤਇੰਦਰ ਸਿੰਘ ਚਾਹਲ ਸੱਤਾ ਦੀਆਂ ਪੌੜੀਆਂ ਤੇਜ਼ੀ ਨਾਲ ਚੜ੍ਹਿਆ। ਉਹ ਜਿਥੇ ਵੀ ਰਿਹਾ, ਉਸ ਨੇ ਇਸੇ ਤਰ੍ਹਾਂ ਹੀ ਆਪਣੀ ਇਕਪੁਰਖੀ ਤਾਕਤ ਦੀ ਵਰਤੋਂ ਕੀਤੀ ਅਤੇ ਇਹ ਪ੍ਰਵਾਹ ਨਹੀਂ ਕੀਤੀ ਕਿ ਇਹ ਚੰਗੇ ਕੰਮ ਲਈ ਵਰਤੀ ਜਾ ਰਹੀ ਹੈ ਜਾਂ ਕਿਸੇ ਮਾੜੇ ਲਈ। ਸਾਜ਼ਿਸ਼ਾਂ, ਤਿਕੜਮਬਾਜ਼ੀ ਅਤੇ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਮੀਡੀਆ ਨੂੰ ਹਰ ਢੰਗ ਨਾਲ ਵਰਤਣਾ, ਸਿਆਸੀ ਤੇ ਜ਼ਾਤੀ ਵਿਰੋਧੀਆਂ ਨਾਲ ਬੇਕਿਰਕੀ ਨਾਲ ਨਜਿੱਠਣਾ ਉਸ ਦੀ ਸ਼ਖਸੀਅਤ ਦੇ ਉੱਘੜਵੇ ਲੱਛਣ ਰਹੇ ਹਨ। ਉਂਜ ਤਾਂ ਸਾਬਕਾ ਡੀ.ਜੀ.ਪੀ. ਪੰਜਾਬ ਸ: ਕੇ.ਪੀ.ਐੱਸ. ਗਿੱਲ ਦੇ ਲੋਕ ਸੰਪਰਕ ਅਧਿਕਾਰੀ ਵਜੋਂ ਕੰਮ ਕਰਦਿਆਂ ਵੀ ਉਸ ਨੇ ਇਸ ਪਦ ਦੀ ਮਨਮਾਨੇ ਢੰਗ ਨਾਲ ਉਸੇ ਤਰ੍ਹਾਂ ਵਰਤੋਂ ਕੀਤੀ ਜਿਵੇਂ ਸ: ਗਿੱਲ ਕਰਦੇ ਸਨ ਪਰ 2002 ਵਿਚ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਤਾਂ ਜਿਸ ਤਰ੍ਹਾਂ ਸ: ਚਾਹਲ ਨੇ ਅਸੀਮ ਸ਼ਕਤੀਆਂ ਹਾਸਲ ਕਰਕੇ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਿਸ ਦੇ ਸਿੱਟੇ ਵਜੋਂ ਉਸ ਦੇ ਦੋਸਤ ਘੱਟ ਅਤੇ ਦੁਸ਼ਮਣ ਵਧੇਰੇ ਬਣ ਗੲੇ। ਉਹ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਈ ਇਕੋ ਸਮੇਂ ਧੜੱਲੇਦਾਰ ਸਹਾਇਕ ਵੀ ਸਨ ਪਰ ਉਸੇ ਸਮੇਂ ਉਨ੍ਹਾਂ ਲਈ ਕਈ ਮੌਕਿਆਂ ’ਤੇ ਇਕ ਬੋਝ ਵੀ ਸਾਬਤ ਹੁੰਦੇ ਰਹੇ।
ਦਰਅਸਲ, ਸ: ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪਰਿਵਾਰ ਜਾਂ ਬਾਕੀ ਅਕਾਲੀ ਨੇਤਾਵਾਂ ਦੇ ਖ਼ਿਲਾਫ਼ ਵਿਜੀਲੈਂਸ ਕੇਸਾਂ ਅਤੇ ਮੀਡੀੲੇ ਵਿਚ ਭੰਡੀ-ਪ੍ਰਚਾਰ ਤੋਂ ਲੈ ਕੇ ਬੰਦਿਆਂ ਦੀ ਭੰਨ-ਤੋੜ ਤੱਕ ਦੀਆਂ ਵਿਊਂਤਾਂ ਦੀਆਂ ਕਾਰਵਾਈਆਂ ਵਿਚ ਭਰਤਇੰਦਰ ਸਿੰਘ ਚਾਹਲ ਦੀ ਮੋਹਰੀ ਜਾਂ ਸਰਗਰਮ ਭੂਮਿਕਾ ਹੁੰਦੀ ਸੀ। ਇਸੇ ਲਈ ਹੀ ਉਹ ਬਾਦਲ ਸਰਕਾਰ ਦਾ ਚੋਣਵਾਂ ਨਿਸ਼ਾਨਾ ਬਣਿਆ ਹੈ। ਸ: ਬਾਦਲ ਜਾਂ ਉਨ੍ਹਾਂ ਦੀ ਸਰਕਾਰ ਜੋ ਮਰਜ਼ੀ ਦਾਅਵੇ ਕਰੀ ਜਾਵੇ ਪਰ ਹਰੇਕ ਦੀ ਜ਼ਬਾਨ ’ਤੇ ਇਹੀ ਹੈ ਕਿ ਹੁਣ ਅਕਾਲੀ ਨੇਤਾ ਚਾਹਲ ਕੋਲੋਂ ਬਦਲਾ ਲੈ ਰਹੇ ਹਨ। ਖ਼ੁਦ ਮੁੱਖ ਮੰਤਰੀ ਵੱਲੋਂ ਚਾਹਲ ਦੀ ਗ੍ਰਿਫ਼ਤਾਰੀ ਬਾਰੇ ‘ਜੋ ਕਰੇਗਾ ਸੋ ਭਰੇਗਾ’ ਦੀ ਕੀਤੀ ਟਿੱਪਣੀ ਵੀ ਇਸੇ ਦਿਸ਼ਾ ਵੱਲ ਸੰਕੇਤ ਕਰਦੀ ਹੈ। ਕਾਂਗਰਸ ਪਾਰਟੀ ਦੇ ਅੰਦਰ ਵੀ ਬੀਬੀ ਭੱਠਲ ਅਤੇ ਹੋਰਨਾਂ ਕੈਪਟਨ ਵਿਰੋਧੀਆਂ ਦਾ ਅਕਸ ਮੀਡੀਆ ਵਿਚ ਖ਼ਰਾਬ ਕਰਨ ਅਤੇ ਉਨ੍ਹਾਂ ਨੂੰ ਕੇਸਾਂ ਵਿਚ ਉਲਝਾਉਣ ਪੱਖੋਂ ਚਾਹਲ, ਕੈਪਟਨ ਅਮਰਿੰਦਰ ਸਿੰਘ ਤੋਂ ਇਕ ਕਦਮ ਅੱਗੇ ਸਮਝੇ ਜਾਂਦੇ ਰਹੇ ਸਨ। ਸ਼ਾਇਦ ਇਸੇ ਲਈ ਹੀ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਵੱਡੀ ਗਿਣਤੀ ਸ: ਚਾਹਲ ਲਈ ਕੋਈ ਹਾਅ ਦਾ ਨਾਹਰਾ ਮਰਨ ਲਈ ਵੀ ਤਿਆਰ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਖ਼ੁਦ ਕੈਪਟਨ ਅਮਰਿੰਦਰ ਸਿੰਘ ਵੀ ਚਾਹਲ ਦੀ ਗ੍ਰਿਫ਼ਤਾਰੀ ਬਾਰੇ ਚੁੱਪ ਹਨ। ਲੋਕ ਸੰਪਰਕ ਅਫ਼ਸਰ ਵਜੋਂ ਭਰਤਇੰਦਰ ਸਿੰਘ ਦਾ ਪੜ੍ਹਨ-ਲਿਖਣ ਪਾਸੇ ਤਾਂ ਹੱਥ ਤੰਗ ਹੀ ਰਿਹਾ ਹੈ ਪਰ ਉਸ ਨੂੰ ਅਜਿਹਾ ਕਰਨ ਵਾਲਿਆਂ ਨੂੰ ਆਪਣੇ ਹਿਸਾਬ ਨਾਲ ਵਰਤਣ ਦੀ ਮੁਹਾਰਤ ਜ਼ਰੂਰ ਰਹੀ ਹੈ। ਕਾਰਨ ਭਾਵੇਂ ਕਈ ਹਨ ਪਰ ਅਮਰਿੰਦਰ ਸਰਕਾਰ ਦੇ ਆਖ਼ਰੀ ਦੌਰ ਵਿਚ ਚਾਹਲ ਅਜਿਹਾ ਕਰਨ ਵਿਚ ਵੀ ਅਸਫ਼ਲ ਰਿਹਾ। ਕੁਝ ਚੋਣਵੇਂ ਚੇਹੇਤੇ ਪਾਲ ਕੇ ਬਾਕੀ ਮੀਡੀਆ ਨੂੰ ਪਰ੍ਹਾਂ ਰੱਖਣ ਦੀ ਫ਼ਿਤਰਤ ਅਤੇ ਅਮਲ ਵੀ ਚਾਹਲ ਲਈ ਮਹਿੰਗੇ ਸਾਬਤ ਹੋੲੇ।
ਗੁਰਮੰਤ ਗਰੇਵਾਲ ਦੀ ਰਾਜਨੀਤੀ ’ਚ ਵਾਪਸੀ
ਪ੍ਰਵਾਸੀ ਭਾਰਤੀਆਂ ਵਿਚੋਂ ਸਿਆਸੀ ਮੱਲਾਂ ਮਾਰਨ ਵਾਲੇ ਪ੍ਰਵਾਸੀ ਪੰਜਾਬੀਆਂ ਦੀ ਸੂਚੀ ਵਿਚ ਕੈਨੇਡਾ ਦੇ ਨੌਜਵਾਨ ਨੇਤਾ ਸ: ਗੁਰਮੰਤ ਗਰੇਵਾਲ ਦਾ ਨਾਂਅ ਕੋਈ ਨਵਾਂ ਨਹੀਂ ਹੈ। ਪਿਛਲੇ ਕੁਝ ਸਮੇਂ ਦੌਰਾਨ ਉਹ ਸਮੇਂ ਦੇ ਗੇੜ ਅਤੇ ਆਪਣੀਆਂ ਕੁਝ ਉਕਾਈਆਂ ਕਰਕੇ ਕੈਨੇਡਾ ਦੀ ਸਰਗਰਮ ਸਿਆਸਤ ਤੋਂ ਕੁਝ ਲਾਂਭੇ ਹੋਣ ਲਈ ਮਜਬੂਰ ਹੋੲੇ ਸਨ ਪਰ ਹੁਣ ਫਿਰ ਸ: ਗਰੇਵਾਲ ਦੀ ਰਾਜਨੀਤੀ ਵਿਚ ਵਾਪਸੀ ਦੇ ਅਸਾਰ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਿਆਸੀ ਜੀਵਨ ’ਤੇ ਛਾੲੇ ਕੁਝ ਕਾਲੇ ਬੱਦਲ ਛੱਟਣੇ ਸ਼ੁਰੂ ਹੋ ਗੲੇ ਹਨ। ਸਿੱਟੇ ਵਜੋਂ ਉਹ ਮੁੜ ਆਪਣੇ ਪਹਿਲੇ ਸਿਆਸੀ ਰੌਂਅ ਵਿਚ ਵਿਚਰਨ ਲਈ ਪਰ ਤੋਲ ਰਹੇ ਹਨ। ਇਸੇ ਸਮੇਂ ਕੈਨੇਡਾ ਦੀ ਪਾਰਲੀਮੈਂਟ ਵਿਚ ਲੋਹ-ਪੁਰਸ਼ ਵਜੋਂ ਪ੍ਰਵਾਨਿਤ ਹੋੲੇ ਅਤੇ ਲਗਾਤਾਰ ਤਿੰਨ ਵਾਰ ਇਕੋ ਹਲਕੇ ਤੋਂ ਪਾਰਲੀਮੈਂਟ ਮੈਂਬਰ ਚੁਣੇ ਜਾਂਦੇ ਰਹੇ ਗੁਰਮੰਤ ਗਰੇਵਾਲ ਪਿਛਲੇ ਸਮੇਂ ਵਿਚ ਕਈ ਤਰਾਂ ਦੇ ਵਿਵਾਦਾਂ ਵਿਚ ਘਿਰੇ ਰਹੇ ਸਨ। ਉਨ੍ਹਾਂ ਦੇ ਖਿਲਾਫ਼ ਵੱਖ-ਵੱਖ ਵੰਨਗੀਆਂ ਦੇ ਕਈ ਦੋਸ਼ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਲਾੲੇ ਅਤੇ ਘੜੇ ਗੲੇ। ਉਨ੍ਹਾਂ ਦੇ ਖਿਲਾਫ 8 ਠੋਸ ਦੋਸ਼ ਲਾੲੇ ਗੲੇ ਸਨ। ਇਨ੍ਹਾਂ ਵਿਚੋਂ ਵੱਖ-ਵੱਖ ਤਰ੍ਹਾਂ ਦੀਆਂ ਪੜਤਾਲਾਂ ਅਤੇ ਕਾਨੂੰਨੀ ਕਾਰਵਾਈਆਂ ਤੋਂ ਬਾਅਦ ਉਹ 7 ਦੋਸ਼ਾਂ ਵਿਚੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਹਨ ਅਤੇ ਸਿਰਫ ਇਕ ਮਾਮਲੇ ਦੀ ਪੜਤਾਲ ਮੁਕੰਮਲ ਹੋਣੀ ਬਾਕੀ ਹੈ। ਆਪਣੇ ਆਪ ਨੂੰ ਰਾਜਨੀਤੀ ਵਿਚ ਲੰਮੀ ਦੌੜ ਦੇ ਘੋੜੇ ਵਜੋਂ ਮੰਨ ਕੇ ਚੱਲਣ ਵਾਲੇ ਸ: ਗਰੇਵਾਲ ਨੂੰ ਪੂਰੀ ਉਮੀਦ ਹੈ ਕਿ ਉਹ ਛੇਤੀ ਹੀ ਬਚੇ-ਖੁਚੇ ਸਾਰੇ ਵਿਵਾਦਾਂ ਤੋਂ ਮੁਕਤ ਹੋ ਕੇ ਮੁੜ ਸਰਗਰਮ ਰਾਜਨੀਤੀ ਵਿਚ ਮੋਹਰੀ ਭੂਮਿਕਾ ਅਦਾ ਕਰ ਸਕਣਗੇ। ਖੇਤੀ ’ਵਰਸਿਟੀ ਲੁਧਿਆਣਾ ਦੀ ਪੈਦਾਵਾਰ ਇਸ ਨੌਜਵਾਨ ਨੇ ਬਹੁਤ ਛੋਟੀ ਉਮਰ ਅਤੇ ਥੋੜ੍ਹੇ ਸਮੇਂ ਵਿਚ ਹੀ ਕੈਨੇਡਾ ਦੀ ਰਾਜਨੀਤੀ ਵਿਚ ਇੰਨੀਆਂ ਬੁਲੰਦੀਆਂ ਛੋਹੀਆਂ ਸਨ ਅਤੇ ਇੰਨੀਆਂ ਪ੍ਰਾਪਤੀਆਂ ਕੀਤੀਆਂ ਸਨ ਕਿ ਜਿਨ੍ਹਾਂ ਦੀ ਗਿਣਤੀ ਕਰਨੀ ਵੀ ਕਾਫੀ ਲੰਬੇ ਸਮੇਂ ਦਾ ਕੰਮ ਹੁੰਦੀ ਸੀ। ਇਹ ਆਮ ਧਾਰਨਾ ਹੈ ਕਿ ਜੇਕਰ ਉਹ ਰਾਜਨੀਤੀ ਵਿਚ ਨਾ ਉਖੜਦੇ ਤਾਂ ਇਸ ਵੇਲੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਉਹ ਪ੍ਰਧਾਨ ਮੰਤਰੀ ਤੋਂ ਬਾਅਦ ਦੂਜੇ ਨੰਬਰ ਦੇ ਮੰਤਰੀ ਹੋ ਸਕਦੇ ਸਨ। ਇਹ ਵੀ ਯਾਦ ਰਹੇ ਕਿ ਕੈਨੇਡਾ ਦੇ ਇਤਿਹਾਸ ਵਿਚ ਇਕੋ ਸਮੇਂ ਪਾਰਲੀਮੈਂਟ ਲਈ ਚੁਣੇ ਜਾਣ ਵਾਲੇ ਪਤੀ-ਪਤਨੀ ਦਾ ਰਿਕਾਰਡ ਵੀ ਸ: ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਨੀਨਾ ਗਰੇਵਾਲ ਦਾ ਹੈ। ਸ੍ਰੀਮਤੀ ਗਰੇਵਾਲ ਇਸ ਵੇਲੇ ਵੀ ਕੈਨੇਡੀਅਨ ਪਾਰਲੀਮੈਂਟ ਦੇ ਚੁਣੇ ਹੋੲੇ ਮੈਂਬਰ ਹਨ। ਸ: ਗਰੇਵਾਲ ਉਨ੍ਹਾਂ ਪ੍ਰਵਾਸੀ ਪੰਜਾਬੀਆਂ ਵਿਚੋਂ ਹਨ, ਜਿਹੜੇ ਦੁਨੀਆ ਭਰ ਵਿਚ ਘੁੰਮ-ਘੁਮਾ ਕੇ ਵੀ ਆਪਣੀ ਮਾਤ ਭੂਮੀ ਅਤੇ ਇਸ ਦੇ ਵਾਸੀਆਂ ਦੇ ਹਿਤਾਂ ਦੀ ਪੂਰਤੀ ਲਈ ਯਤਨਸ਼ੀਲ ਰਹਿੰਦੇ ਹਨ। ਇਹ ਉਮੀਦ ਹੈ ਕਿ ਕੈਨੇਡਾ ਦੀਆਂ 2009 ਵਿਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਦੌਰਾਨ ਫਿਰ ਉਹ ਸਿਆਸੀ ਮੈਦਾਨ ਵਿਚ ਹੋਣਗੇ।
ਬਲਜੀਤ ਬੱਲੀ
e-mail : tirchhinazar@yahoo.com
Ph. : 0172-2630025, 93161-34996
(ਰੋਜ਼ਾਨਾ ਅਜੀਤ ਜਲੰਧਰ)
Subscribe to:
Post Comments (Atom)
No comments:
Post a Comment