14 June, 2007

ਨਰਸਾਂ ਦੀ ਦੇਸ਼-ਵਿਦੇਸ਼ ਵਿਚ ਵਧਦੀ ਮੰਗ

ਮੈਡੀਕਲ ਖੇਤਰ ’ਚ ਭਾਰਤੀਆਂ ਦੀ ਮੰਗ ਵਿਕਸਿਤ ਦੁਨੀਆ ਵਿਚ ਵਧ ਰਹੀ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਮੰਗ ਨਰਸਾਂ ਦੀ ਹੈ। ਇਸ ਵਧਦੀ ਮੰਗ ਨੇ ਭਾਰਤੀ ਨਰਸਾਂ ਦੇ ਲਈ ਯੂਰਪ ਅਤੇ ਅਮਰੀਕਾ ਵਿਚ ਬਿਹਤਰੀਨ ਕੈਰੀਅਰ ਬਣਾਉਣ ਦਾ ਰਾਹ ਖੋਲ੍ਹ ਦਿੱਤਾ ਹੈ। ਸੇਵਾ ਦੇ ਮਾਮਲੇ ’ਚ ਭਾਰਤ ਦਾ ਕੋਈ ਸਾਨੀ ਨਹੀਂ। ਸ਼ਾਇਦ ਇਸੇ ਸਚਾਈ ਤੋਂ ਪ੍ਰੇਰਿਤ ਹੋ ਕੇ ਵਿਕਸਿਤ ਦੇਸ਼, ਖਾਸ ਕਰਕੇ ਅਮਰੀਕਾ ਵਿਚ ਭਾਰਤੀ ਨਰਸਾਂ ਦੀ ਮੰਗ ਵਧ ਰਹੀ ਹੈ। ਅੱਜ ਹਾਲਾਤ ਇਹ ਹਨ ਕਿ ਭਾਰਤੀ ਨਰਸਾਂ ਨੂੰ ਵਿਦੇਸ਼ਾਂ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਪਸੰਦ ਦਾ ਸਾਰਾ ਲਾਭ ਉਨ੍ਹਾਂ ਔਰਤਾਂ ਨੂੰ ਮਿਲ ਰਿਹਾ ਹੈ ਜੋ ਨਰਸਿੰਗ ਦੇ ਖੇਤਰ ਵਿਚ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਰਹੀਆਂ ਹਨ।
ਅਜਿਹਾ ਨਹੀਂ ਹੈ ਕਿ ਦੇਸ਼ ਵਿਚ ਨਰਸਾਂ ਦੇ ਲਈ ਮੌਕੇ ਨਹੀਂ ਹਨ। ਦੇਸ਼ ਵਿਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੜਕੀਆਂ ਸਿਖਲਾਈ ਲੈ ਕੇ ਆਪਣੇ ਕੰਮ ਵਿਚ ਨਿਪੁੰਨ ਹੁੰਦੀਆਂ ਹਨ। ਸਰਕਾਰੀ ਤੋਂ ਲੈ ਕੇ ਨਿੱਜੀ ਸੰਸਥਾਵਾਂ ਅਤੇ ਆਰਮੀ ਤੋਂ ਲੈ ਕੇ ਉੱਚ-ਘਰਾਣਿਆਂ ਤੱਕ ਨਿੱਜੀ ਦੇਖਭਾਲ ਲਈ ਨਰਸਾਂ ਦੀ ਮੰਗ ਵਿਚ ਭਾਰੀ ਵਾਧਾ ਹੋ ਰਿਹਾ ਹੈ। ਇਨ੍ਹਾਂ ਨਰਸਾਂ ਨੂੰ ਸੇਵਾ ਦੇ ਬਦਲੇ ਚੰਗਾ ਵੇਤਨ ਅਤੇ ਸਹੂਲਤਾਂ ਮਿਲ ਰਹੀਆਂ ਹਨ ਪਰ ਤੁਲਨਾਤਮਿਕ ਰੂਪ ਤੋਂ ਦੇਖਿਆ ਜਾਵੇ ਤਾਂ ਅਮਰੀਕਾ, ਮਿਡਲ ਈਸਟ, ਆਸਟ੍ਰੇਲੀਆ ਅਤੇ ਯੂਰਪ ਵਿਚ ਸ਼ਾਨਦਾਰ ਭਵਿੱਖ ਭਾਰਤੀ ਨਰਸਾਂ ਦੇ ਰਾਹ ’ਚ ਪਲਕਾਂ ਵਿਛਾਈ ਬੈਠਾ ਹੈ। ਅਮਰੀਕੀ ਚਿਕਿਤਸਾ ਵਿਵਸਥਾ ਭਾਰਤੀ ਨਰਸਾਂ ਉੱਤੇ ਕਿਸ ਕਦਰ ਨਿਰਭਰ ਹੋ ਚੁੱਕੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ ਅਮਰੀਕਾ ਵੱਲੋਂ ਚਾਰ ਲੱਖ ਵੀਜ਼ੇ ਭਾਰਤੀ ਨਰਸਾਂ ਨੂੰ ਜਾਰੀ ਕੀਤੇ ਗੲੇ। ਕਿਸੇ ਖੇਤਰ ਦੇ ਲਈ ਇਸ ਤੋਂ ਵੱਡਾ ਮੌਕਾ ਹੋਰ ਕੀ ਹੋ ਸਕਦਾ ਹੈ? ਦੂਜੇ ਦੇਸ਼ ਵੀ ਭਾਰਤੀ ਨਰਸਾਂ ਨੂੰ ਦਿਲ ਖੋਲ੍ਹ ਕੇ ਮੌਕੇ ਦੇ ਰਹੇ ਹਨ। ਇਹ ਹੁਣ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਨ੍ਹਾਂ ਮੌਕਿਆਂ ਦਾ ਲਾਭ ਲੈਣ ਦੇ ਮੂਡ ਵਿਚ ਹੋ ਜਾਂ ਨਹੀਂ?
ਕਿਵੇਂ ਬਣੇ ਕੈਰੀਅਰ-ਨਰਸਿੰਗ ਖੇਤਰ ਵਿਚ ਕੈਰੀਅਰ ਬਣਾਉਣ ਦੇ ਲਈ ਨਰਸਿੰਗ ਨਾਲ ਸੰਬੰਧਿਤ ਪੜ੍ਹਾਈ ਦੇ ਲਈ ਕਈ ਕੋਰਸ ਉਪਲਬਧ ਹਨ। ਜਿਵੇਂ ਤੁਸੀਂ ਤਿੰਨ ਸਾਲਾ ਮਿਡਵਾਇਫਰੀ ਡਿਪਲੋਮਾ ਜਾਂ ਆਕਜ਼ਿਲਰੀ ਨਰਸਿੰਗ ਡਿਪਲੋਮਾ ਕਰ ਸਕਦੇ ਹੋ। ਇਸ ਤੋਂ ਬਾਅਦ ਤਿੰਨ ਸਾਲਾ ਬੀ. ਐਸ. ਸੀ. ਨਰਸਿੰਗ ਵੀ ਕੀਤੀ ਜਾ ਸਕਦੀ ਹੈ। ਜੇਕਰ ਦੋ ਸਾਲਾ ਐਮ. ਐਸ. ਸੀ. ਨਰਸਿੰਗ ਦਾ ਕੋਰਸ ਕਰ ਲਿਆ ਜਾਵੇ ਤਾਂ ਨੌਕਰੀ ਦੇ ਨਾਲ-ਨਾਲ ਵੇਤਨ ਅਤੇ ਸਹੂਲਤਾਂ ਵਿਚ ਵੀ ਕਾਫੀ ਮਦਦ ਮਿਲਦੀ ਹੈ। ਨਰਸਿੰਗ ਵਿਚ ਛੇ ਮਹੀਨਿਆਂ ਦਾ ਸਰਟੀਫਿਕੇਟ ਕੋਰਸ ਵੀ ਉਪਲਬਧ ਹੈ। ਨਰਸਿੰਗ ਡਿਪਲੋਮਾ ਵਿਚ ਦਾਖਲੇ ਲਈ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਦਾਖਲਾ ਪ੍ਰੀਖਿਆ ਲੈਂਦੀਆਂ ਹਨ ਅਤੇ ਕੁਝ 10+2 ਦੇ ਆਧਾਰ ’ਤੇ ਦਾਖਲਾ ਦਿੰਦੀਆਂ ਹਨ। ਉਂਜ ਨਰਸਿੰਗ ਡਿਪਲੋਮਾ ਕੋਰਸ ਵਿਚ ਦਾਖਲੇ ਲਈ ਬਾਰ੍ਹਵੀਂ ਵਿਚ ਭੌਤਿਕ ਵਿਗਿਆਨ ਦੇ ਨਾਲ ਜੀਵ ਵਿਗਿਆਨ ਹੋਣਾ ਜ਼ਰੂਰੀ ਹੈ।
ਇਕ ਨਰਸ ਲਈ ਜ਼ਰੂਰੀ ਹੈ : • ਉਹ ਸੰਵੇਦਨਸ਼ੀਲ ਤੇ ਧੀਰਜ ਵਾਲੀ ਹੋਵੇ।
• ਉਹ ਦਿਆਲੂ ਹੋਵੇ ਪਰ ਕਠੋਰ ਅਨੁਸ਼ਾਸਨ ਵਾਲੀ ਵੀ ਹੋਵੇ।
• ਉਹ ਸੇਵਾ ਅਤੇ ਤਿਆਗ ਭਾਵਨਾ ਦੇ ਨਾਲ-ਨਾਲ ਵਪਾਰਕ ਕੁਸ਼ਲਤਾ ਨਾਲ ਭਰਪੂਰ ਹੋਵੇ।
• ਉਹ ਮਿਠਬੋਲੜੀ ਅਤੇ ਹਸਮੁੱਖ ਹੋਵੇ। ਮਰੀਜ਼ਾਂ ’ਚ ਛੇਤੀ ਘੁਲਮਿਲ ਜਾਣ ਵਾਲੀ ਹੋਵੇ।
• ਉਹ ਦਿਮਾਗ ਦੀ ਤੇਜ਼ ਅਤੇ ਡਾਕਟਰ ਦੀ ਬਾਡੀ ਲੈਂਗੂੲੇਜ਼ ਸਮਝਦੀ ਹੋਵੇ।
• ਉਸ ਵਿਚ ਲੀਡਰਸ਼ਿਪ ਦੇ ਗੁਣ ਹੋਣ। ਓਪਨ ਹਾਰਟ ਸਰਜਰੀ ਸਮੇਂ ਉਹ ਦ੍ਰਿੜ੍ਹ ਅਤੇ ਚੇਤੰਨ ਰਹੇ।
• ਉਹ ਤਿਆਗ ਦੀਆਂ ਭਾਵਨਾਵਾਂ ਭਰਪੂਰ ਹੋਣ ਦੇ ਨਾਲ-ਨਾਲ ਸਰੀਰਕ ਤੌਰ ’ਤੇ ਵੀ ਮਜ਼ਬੂਤ ਹੋਵੇ ਤਾਂ ਕਿ ਐਮਰਜੈਂਸੀ ਵਿਚ 18-20 ਘੰਟੇ ਤੱਕ ਲਗਾਤਾਰ ਕੰਮਕਾਰ ਕਰ ਸਕਦੀ ਹੋਵੇ।
ਕਿਥੋਂ ਲਓ ਸਿਖਲਾਈ-ਦੇਸ਼ ਵਿਚ ਲਗਭਗ ਡੇਢ ਸੌ ਅਜਿਹੀਆਂ ਸੰਸਥਾਵਾਂ ਹਨ, ਜਿਥੋਂ ਨਰਸਿੰਗ ਦਾ ਕੋਰਸ ਕੀਤਾ ਜਾਂਦਾ ਹੈ। ਇਨ੍ਹਾਂ ’ਚੋਂ ਕੁਝ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਇਸ ਤਰ੍ਹਾਂ ਹਨ :
• ਕਾਲਜ ਆਫ ਨਰਸਿੰਗ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਅੰਸਾਰੀ ਨਗਰ, ਨਵੀਂ ਦਿੱਲੀ-110049.
• ਰਾਜਕੁਮਾਰੀ ਅੰਮ੍ਰਿਤ ਕੌਰ ਕਾਲਜ ਆਫ ਨਰਸਿੰਗ, ਐਂਡਰੂਜਗੰਜ (ਲਾਜਪਤ ਨਗਰ), ਨਵੀਂ ਦਿੱਲੀ।
• ਕਾਲਜ ਆਫ ਨਰਸਿੰਗ, ਕਾਨਪੁਰ, ਉੱਤਰ ਪ੍ਰਦੇਸ਼।
• ਕਾਲਜ ਆਫ ਨਰਸਿੰਗ, ਪੋਸਟ ਗ੍ਰੈਜੂੲੇਟ ਇੰਸਟੀਚਿਊਟ, ਚੰਡੀਗੜ੍ਹ।
• ਕਾਲਜ ਆਫ ਨਰਸਿੰਗ, ਐਸ. ਐਮ. ਐਸ. ਮੈਡੀਕਲ ਕਾਲਜ, ਜੈਪੁਰ।

-ਅਮਰਦੀਪ ਕੌਰ
ਜੇ-30, ਪ੍ਰਤਾਪ ਨਗਰ, ਨਕੋਦਰ ਰੋਡ, ਜਲੰਧਰ ਸ਼ਹਿਰ।
(ਰੋਜ਼ਾਨਾ ਅਜੀਤ ਜਲੰਧਰ)

No comments: