ਕੁਦਰਤ ਨੇ ਹਰ ਇਕ ਨੂੰ ਜੀਵਨ ਦੇ ਕੇ ਉਸ ਨੂੰ ਜਿੳੂਣ ਅਤੇ ਜ਼ਿੰਦਗੀ ਨੂੰ ਸਮਝਣ ਲਈ ਇਕ ਮੌਕਾ ਦਿੱਤਾ ਹੈ ਤਾਂ ਜੋ ਇਸ ਜੀਵਨ ਵਿਚ ਆ ਕੇ ਉਹ ਖੁਦ ਆਪਣਾ ਸਵਾਰ ਸਕੇ ਅਤੇ ਦੂਸਰੇ ਦਾ ਭਲਾ ਕਰ ਸਕੇ। ਪਰ ਅਜਿਹਾ ਹਰ ਪਾਸੇ ਮੁਮਕਿਨ ਨਹੀਂ ਹੋ ਰਿਹਾ। ਜੀਵਨ ਨੂੰ ਜਿਊਣ ਦੇ ਰੰਗ ਹਰ ਇਕ ਦੇ ਆਪੋ ਆਪਣੇ ਹਨ ਅਤੇ ਹਰ ਕੋਈ ਕਿਸ ਨਜ਼ਰੀੲੇ ਨਾਲ ਦੇਖਦਾ ਹੈ ਅਤੇ ਕੋਈ ਕਿਸ ਨਾਲ ਅਤੇ ਇਹ ਸਭ ਹਰ ਇਕ ਦੀ ਨਿੱਜੀ ਸੋਚ ਅਤੇ ਮਨ ਦੀ ਸਥਿਤੀ ਅਨੁਸਾਰ ਹੈ। ਕਿਰਤ ਕਰਨ ਵਿਚ ਬਰਕਤ ਹੈ ਅਤੇ ਕਿਰਤ ਕਰਨ ਵਾਲਾ ਹਿੰਮਤੀ ਵਿਅਕਤੀ ਕਦੇ ਵੀ ਡਾਵਾਂ ਡੋਲ ਨਹੀਂ ਹੋ ਸਕਦਾ। ਮਿਹਨਤਕਸ਼ ਵਿਅਕਤੀ ਆਪਣੀ ਮਿਹਨਤ ਤੇ ਲਗਨ ਨਾਲ ਆਪਣੇ ਕੰਮਾਂ ਕਾਰਾਂ ਕਾਰੋਬਾਰਾਂ ਵਿਚ ਤਕੜਾ ਵਾਧਾ ਕਰ ਰਹੇ ਹਨ। ਹੱਕ ਹਲਾਲ ਦੀ ਮਿਹਨਤ ਕਦੇ ਨਾ ਕਦੇ ਆਪਣੇ ਰੰਗ ਵਿਖਾਉਂਦੀ ਹੈ। ਹੱਥੀਂ ਕਿਰਤ ਕਰਨੀ ਕੋਈ ਨਿੱਕੀ ਜਿਹੀ ਗੱਲ ਨਹੀਂ ਪਰ ਇਸ ਤੋਂ ਬਿਨਾਂ ਕੋਈ ਹੀਲਾ ਵੀ ਨਹੀਂ ਹੈ। ਕਈ ਲੋਕ ਅਜਿਹਾ ਢੰਗ ਲੱਭਦੇ ਹਨ ਕਿ ਕਿਹੜੇ ਢੰਗ ਨਾਲ ਜਲਦੀ ਤੋਂ ਜਲਦੀ ਵੱਧ ਪੈਸਾ ਬਣਾਇਆ ਜਾ ਸਕੇ ਅਤੇ ਇਸ ਬਾਰੇ ਹਰ ਕੋਈ ਆਪਣਾ ਦਿਲੋ ਦਿਮਾਗ ਵਰਤ ਰਿਹਾ ਹੈ ਅਤੇ ਸਾਰਾ ਕੰਮ ਉਸੇ ਅਨੁਸਾਰ ਹੀ ਕਰ ਰਹੇ ਹਨ। ਪਹਿਲਾਂ ਮਨੁੱਖ ਧਨ ਮਗਰ ਦੌੜਦਾ ਹੈ ਅਤੇ ਫਿਰ ਅਜਿਹੀ ਦੌੜ ਦੀ ਆਦਤ ਬਰਕਰਾਰ ਰਹਿੰਦੀ ਹੈ। ਸਮਾਜ ਵਿਚ ਮਨੁੱਖੀ ਵਰਗ ਨੂੰ ਗਰੀਬ, ਮੱਧਵਰਗ ਅਤੇ ਅਮੀਰ ਵਰਗ ਵਿਚ ਵੰਡ ਕੇ ਲੋਕਾਂ ਨੂੰ ਤਿੰਨ ਧਿਰਾਂ ਵਿਚ ਵੰਡ ਦਿੱਤਾ ਗਿਆ ਹੈ ਅਤੇ ਲੋਕ ਇਨ੍ਹਾਂ ਵਰਗਾਂ ਵਿਚ ਜੀਵਨ ਨੂੰ ਬਤੀਤ ਕਰ ਰਹੇ ਹਨ। ਸਮਾਜ ਵਿਚ ਅਮੀਰ ਵਰਗ ਨੂੰ ਕੋਈ ਜ਼ਿਆਦਾ ਚਿੰਤਾ ਨਹੀਂ ਹੈ ਜੋ ਮਰਜ਼ੀ ਹੋਈ ਜਾਵੇ। ਉਸ ਕੋਲ ਘਰ-ਘਾਟ ਚਲਾਉਣ ਲਈ ਇੰਨੀ ਮਾਇਆ ਹੈ ਕਿ ਅਗਲੀਆਂ ਪੀੜ੍ਹੀਆਂ ਨੂੰ ਵੀ ਚਿੰਤਾ ਨਹੀਂ। ਭਾਵੇਂ ਉਹ ਕੰਮ ਕਰਨ ਜਾਂ ਨਾ ਕਰਨ ਕੋਈ ਫਰਕ ਨਹੀਂ ਪੈਂਦਾ। ਪਰ ਇਸਦੇ ਉਲਟ ਗਰੀਬ ਵਰਗ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੀ ਚਿੰਤਾ ਹੈ ਕਿ ਰਾਤ ਨੂੰ ਖਾਣਾ ਮਿਲਣਾ ਹੈ ਕਿ ਨਹੀਂ। ਬੱਚੇ ਦੇ ਮੂੰਹ ਵਿਚ ਕੁਝ ਟੁਕੜਾ ਜਾਵੇਗਾ ਕਿ ਨਹੀਂ ਜਾਂ ਭੁੱਖੇ ਹੀ ਸੌਂ ਜਾਣਗੇ। ਹਰ ਪਾਸੇ ਹੱਡ ਭੰਨਵੀਂ ਮਿਹਨਤ ਕਰਕੇ ਪੱਲੇ ਕੁਝ ਨਹੀਂ ਪੈ ਰਿਹਾ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ ਅਤੇ ਇਨ੍ਹਾਂ ਵਿਚ ਪਾੜਾ ਵਧ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਮਿਹਨਤ ਕਰਨ ਵਾਲਾ ਥਾਂ-ਥਾਂ ’ਤੇ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਕਈ ਮਜ਼ਦੂਰ ਵਿਅਕਤੀਆਂ ਦੇ ਉਪਰ ਕੰਮ ਕਰਨ ਵਾਲੇ ਵੀ ਉਨ੍ਹਾਂ ਦੀ ਮਜ਼ਦੂਰੀ ਵਿਚੋਂ ਹੱਕ ਮਾਰ ਜਾਂਦੇ ਹਨ ਅਤੇ ਇਸ ਤਰਾਂ ਦੀ ਮਾਰ ਇਨ੍ਹਾਂ ਨੂੂੰ ਵਾਰ-ਵਾਰ ਪੈਂਦੀ ਹੈ। ਕਈ ਵਾਰ ਤਾਂ ਪੂਰੀ ਉਜਰਤ ਵੀ ਨਹੀਂ ਮਿਲਦੀ। ਪੱਕੇ ਮਜ਼ਦੂਰਾਂ ਨਾਲ ਵੀ ਕਈ ਥਾਵਾਂ ’ਤੇ ਅਜਿਹਾ ਹੋ ਰਿਹਾ ਹੈ। ਅਜਿਹਾ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ ਅਤੇ ਹਰ ਪਾਸੇ ਝਾਤੀ ਮਾਰਨ ’ਤੇ ਸਾਫ ਝਲਕਦਾ ਹੈ। ਬੇਸ਼ੱਕ ਕਿਸੇ ਪਾਸੇ ਵੀ ਨਜ਼ਰ ਮਾਰ ਕੇ ਦੇਖ ਲਿਆ ਜਾਵੇ ਗਰੀਬ ਵਿਅਕਤੀ ਸੰਘਰਸ਼ ਦੀ ਜ਼ਿੰਦਗੀ ਬਿਤਾ ਰਿਹਾ ਹੈ ਅਤੇ ਵਿਹਲੜ ਕਿਸਮ ਦੇ ਲੋਕ ਆਰਥਿਕ ਲੁੱਟ ਕਰ ਰਹੇ ਹਨ। ਹੁਣ ਤਾਂ ਗਰੀਬ ਘਰਾਂ ਵਿਚ ਆਮਦਨ ਘੱਟ ਅਤੇ ਖਰਚਾ ਵੱਧ ਹੈ ਅਤੇ ਕਮਾਉਣ ਵਾਲਾ ਇਕੱਲਾ ਕੀ ਕਰੇ? ਕੀ ਕਮਾਵੇ? ਕੀ ਖਾਵੇ ਤੇ ਕੀ ਖਵਾਵੇ? ਕੀ ਬਚਾਵੇ? ਇਸ ਬਾਰੇ ਤਾਂ ਕੁਦਰਤ ਹੀ ਜਾਣਦੀ ਹੈ। ਅਜਿਹੀ ਗਰੀਬੀ ਨਾਲ ਜੂਝ ਰਹੇ ਵਿਅਕਤੀ ਵੀ ਕਈ ਵਾਰ ਦਿਲ ਢਾਹ ਕੇ ਆਪਣੇ ਆਪ ਨੂੰ ਆਤਮ-ਹੱਤਿਆ ਵੱਲ ਲੈ ਜਾਂਦੇ ਹਨ। ਆਤਮ ਹੱਤਿਆ ਕਰਨ ਤੋਂ ਬਾਅਦ ਕੀ ਉਸ ਦਾ ਪਰਿਵਾਰ ਆਰਥਿਕ ਤੌਰ ’ਤੇ ਤਕੜਾ ਹੋ ਜਾਂਦਾ ਹੈ? ਮੱਧ ਵਰਗ ਆਪਣੇ ਰੋਣੇ ਰੋ ਰਿਹਾ ਹੈ ਨਾ ਉਹ ਉ‒ੱਤੇ ਹੈ ਤੇ ਨਾ ਉਹ ਹੇਠਲਿਆਂ ਵਿਚ। ਉਸਦਾ ਧਿਆਨ ਹੋਰ ਅਮੀਰ ਹੋਣ ਵੱਲ ਹੈ। ਅਮੀਰ ਹੋਰ ਅਮੀਰ ਹੋਣ ਦਾ ਵਲਵਲਾ ਰੱਖਦਾ ਹੈ ਅਤੇ ਉਸ ਦੀ ਸੰਤੁਸ਼ਟੀ ਵੀ ਨਹੀਂ ਹੋ ਰਹੀ, ਭਾਵੇਂ ਉਸ ਕੋਲ ਕਰੋੜਾਂ ਰੁਪਿਆ ਕਿਉ ਨਾ ਹੋਵੇ। ਪਰ ਮਨ ਫਿਰ ਵੀ ਨਹੀਂ ਭਰਦਾ। ਕਿਸਾਨ ਜ਼ਿਮੀਂਦਾਰ ਵੀ ਆਪਣੀ ਜ਼ਮੀਨ ਪੈਲੀ ਦੇ ਆਸਰੇ ਹੈ ਪਰ ਕੁੱਝ ਮਾੜੀਆਂ ਨੀਤੀਆਂ ਅਤੇ ਬੀਤੇ ਸਮੇਂ ਤੋਂ ਦਾਦਿਆਂ ਪੜਦਾਦਿਆਂ ਦੀ ਵੰਡ ਵਾਰ-ਵਾਰ ਹੋਣ ਕਰਕੇ ਵੀ ਜ਼ਮੀਨ ਦੀ ਘਾਟ ਕਿਸਾਨੀ ਕੋਲ ਰੜਕਦੀ ਆ ਰਹੀ ਹੈ। ਹਰ ਕੋਈ ਜ਼ਮੀਨ ਦੀ ਮਾਰ ਝੱਲ ਰਿਹਾ ਹੈ। ਬਾਕੀ ਰਹਿੰਦੀ ਖੂੰਹਦੀ ਕਸਰ ਖਾਦਾਂ, ਕੀੜੇਮਾਰ ਤੇ ਕੀਟਨਾਸ਼ਕ ਦਵਾਈਆਂ, ਬੈਂਕਾਂ ਦੇ ਕਰਜ਼ਿਆਂ ਨੇ ਕੱਢ ਦਿੱਤੀ। ਅਜਿਹੀਆਂ ਹਾਲਤਾਂ ਵਿਚ ਗਰੀਬ ਕਿਸਾਨ ਦੀ ਹਾਲਤ ਪਤਲੀ ਹੋਈ ਪਈ ਹੈ। ਉਨ੍ਹਾਂ ਕੋਲ ਜ਼ਮੀਨ ਨਾ ਮਾਤਰ ਹੈ ਅਤੇ ਅਜਿਹੇ ਕਿਸਾਨ ਸਹਾਇਕ ਧੰਦੇ ਪਸ਼ੂ ਪਾਲਣ ਆਦਿ ਅਪਣਾ ਰਹੇ ਹਨ ਅਤੇ ਕਈ ਰੋਜ਼ੀ-ਰੋਟੀ ਦਾ ਜੁਗਾੜ ਚਲਾਉਣ ਲਈ ਮਜ਼ਦੂਰੀ\ਦਿਹਾੜੀ ਵੀ ਕਰ ਰਹੇ ਹਨ। ਕਿਸਾਨ ਵਰਗ ਵੀ ਆਪਣੇ ਘਰ ਚਲਾਉਣ ਤੋਂ ਅਸਮਰੱਥ ਹੋਇਆ ਪਿਆ ਹੈ। ਸ਼ਹਿਰ ਆ ਕੇ ਬਹੁਤ ਸਾਰੇ ਵਿਅਕਤੀ ਵੱਖ-ਵੱਖ ਥਾਵਾਂ ’ਤੇ ਕੰਮ ਕਰਦੇ ਹਨ ਅਤੇ ਜੀਵਨ ਨੂੰ ਚਲਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਪਰ ਫਿਰ ਵੀ ਕਿਸੇ ਪਾਸੇ ਵੀ ਦੇਖੀੲੇ ਕੋਈ ਵੀ ਸੰਤੁਸ਼ਟ ਨਹੀਂ ਹੈ। ਇਸ ਕਰਕੇ ਹਰ ਕੋਈ ਆਰਥਿਕ ਬੋਝ ਮਹਿਸੂਸ ਰਿਹਾ ਹੈ। ਜਿਸ ਕਰਕੇ ਪੰਜਾਬ ਵਿਚ ਖੁਦਕੁਸ਼ੀਆਂ ਦਾ ਦੌਰ ਬੀਤੇ ਸਮੇਂ ਤੋਂ ਕੁਝ ਵਧਿਆ ਹੈ। ਆਰਥਿਕਤਾ ਨਾਲ ਜੂਝ ਰਹੇ ਥੱਕੇ ਟੁੱਟੇ ਲੋਕ ਗਲ਼ ਵਿਚ ਪਰਨਾ ਜਾਂ ਰੱਸਾ ਪਾ ਕੇ ਫਾਹਾ ਲੈ ਰਹੇ ਹਨ। ਪਿਛਲੀ ਦਿਨੀਂ ਆਰਥਿਕ ਤੰਗੀ ਕਾਰਨ ਅਤੇ ਕਰਜ਼ੇ ਥੱਲੇ ਦੱਬੇ ਇਕ ਕਿਸਾਨ ਨੇ ਕਰਜ਼ੇ ਦੇ ਬੋਝ ਨਾਲ ਕੀਟਨਾਸ਼ਕ ਦਵਾਈ ਪੀ ਕੇ ਆਪਣੇ ਜੀਵਨ ਦੀ ਲੀਲ੍ਹਾ ਖਤਮ ਕਰ ਲਈ। ਇਹ ਕਿਸਾਨ ਬੀਤੇ ਦੋ ਕੁ ਮਹੀਨਿਆਂ ਤੋਂ ਆਰਥਿਕ ਤੰਗੀ ਵਿਚ ਸੀ। ਇਸ ਨੇ ਕੁਝ ਸਮਾਂ ਪਹਿਲਾਂ ਆਪਣੀ ਜ਼ਮੀਨ ਵੇਚ ਕੇ, ਕੁਝ ਕਰਜ਼ਾ ਉਤਾਰਿਆ ਸੀ। ਪਰ ਫਿਰ ਵੀ ਉਹ ਕਰਜ਼ੇ ਤੋਂ ਮੁਕਤ ਨਹੀਂ ਹੋ ਸਕਿਆ ਅਤੇ ਆਪਣੇ ਪਿੱਛੇ ਦੋ ਪੁੱਤਰ, ਪਤਨੀ ਅਤੇ ਮਾਤਾ ਨੂੰ ਛੱਡ ਗਿਆ। ਜਿਹੜੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ ਉਹ ਪਤਾ ਨਹੀਂ ਕਿਸ ਤਰ੍ਹਾਂ ਆਪਣਾ ਮਨ ਪੱਥਰ ਕਰਕੇ ਅਜਿਹਾ ਖੁਦਕੁਸ਼ੀ ਦਾ ਰਸਤਾ ਅਖਤਿਆਰ ਕਰਦੇ ਹਨ ਅਤੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਅਜਿਹਾ ਕਰਕੇ ਤਾਂ ਉਹ ਆਪਣੇ ਪਰਿਵਾਰ ਨੂੰ ਮੰਝਧਾਰ ਵਿਚ ਛੱਡ ਜਾਂਦੇ ਹਨ। ਮਰਨ ਵਾਲਾ ਤਾਂ ਆਪ ਮਰ ਜਾਂਦਾ ਹੈ ਤੇ ਪਿੱਛੇ ਪਰਿਵਾਰ ਨੂੰ ਕਲਪਣ ਲਈ ਛੱਡ ਜਾਂਦਾ ਹੈ। ਅਜਿਹੀਆਂ ਉਦਾਹਰਣਾਂ ਤਾਂ ਅਕਸਰ ਹੀ ਮਿਲਦੀਆਂ ਰਹਿੰਦੀਆਂ ਹਨ। ਪਰ ਮਿਹਨਤਕਸ਼ ਲੋਕਾਂ ਨੂੰ ਕਿਰਤ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਕਿਰਤੀ ਹੀ ਇਕ ਦਿਨ ਫ਼ਰਸ਼ੋਂ ਅਰਸ਼ ’ਤੇ ਆਉਣਗੇ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਹੋੲੇਗੀ। ਇਸ ਲਈ ਕਿਰਤ ਕਰਨ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ ਅਤੇ ਚੰਗਾ ਭਵਿੱਖ ਬਣਾਉਣ ਲਈ ਤਰੱਕੀ ਦੀਆਂ ਮੰਜ਼ਿਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਹੁਣ ਸਰਕਾਰ ਵੱਲੋਂ ਆਰਥਿਕ ਮੰਦਹਾਲੀੇ ਦੇ ਸ਼ਿਕਾਰ ਕਿਸਾਨਾਂ ਜਿਨ੍ਹਾਂ ਨੇ ਆਤਮ ਹੱ‒ਤਿਆਵਾਂ ਕੀਤੀਆਂ ਹਨ, ਉਨ੍ਹਾਂ ਦੀ ਅਸਲ ਗਿਣਤੀ ਬਾਰੇ ਸਰਵੇ ਕਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕਰਜ਼ੇ ਦੇ ਬੋਝ ਹੇਠ ਆੲੇ ਕਿਸਾਨਾਂ ਦੀਆਂ ਪਿਛਲੇ ਕਰੀਬ ਪੰਜ ਸਾਲਾਂ ਵਿਚ ਆਤਮ ਹੱਤਿਆਵਾਂ ਵਿਚ ਵਾਧਾ ਹੋਇਆ। ਗਰੀਬੀ ਦੀ ਮਾਰ ਸਹਿਣੀ ਬਹੁਤ ਮੁਸ਼ਕਿਲ ਹੈ ਅਤੇ ਇਸ ਨੂੰ ਸਹਾਰ ਕੇ ਜੀਵਨ ਨੂੰ ਉਸਾਰੂ ਬਣਾਇਆ ਜਾ ਸਕਦਾ ਹੈ। ਕਦੇ ਵੀ ਜੀਵਨ ਵਿਚ ਆਖਰੀ ਪੜਾਅ ਨੂੰ ਮੌਤ ਨਾ ਸਮਝਿਆ ਜਾਵੇ। ਇਸ ਸਬੰਧੀ ਪਰਸਿੱਧ ਵਿਗਿਆਨੀ ਡਾਰਵਨ ਨੇ ਆਪਣੇ ਸਮੇਂ ਕਿਹਾ ਸੀ ਕਿ ਉਹ ਜੀਵ ਹੀ ਜਿਊਂਦੇ ਰਹਿੰਦੇ ਹਨ ਜਿਹੜੇ ਜੀਵਨ ਵਿਚ ਸੰਘਰਸ਼ ਕਰਦੇ ਹਨ ਅਤੇ ਹਾਲਤਾਂ ਦਾ ਮੁਕਾਬਲਾ ਕਰਦੇ ਹਨ ਅਤੇ ਜਿਹੜੇ ਮੁਕਾਬਲਾ ਕਰਦੇ ਹਾਰ ਜਾਂਦੇ ਹਨ ਉਹ ਖ਼ਤਮ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਜੀਵਨ ਅਲੋਪ ਹੋ ਜਾਂਦਾ ਹੈ। ਇਸ ਲਈ ਹਰ ਸਮੇਂ ਚੰਗੇ ਮਾੜੇ ਦਾ ਮੁਕਾਬਲਾ ਕਰਨਾ ਹੀ ਸਹੀ ਜੀਵਨ ਹੈ ਅਤੇ ਅਜਿਹਾ ਕਰਕੇ ਜੀਵਨ ਨੂੰ ਸਹੀ ਰਸਤੇ ’ਤੇ ਲਿਆਉਣਾ ਚਾਹੀਦਾ ਹੈ।
ਜਸਪਾਲ ਸਿੰਘ ਲੋਹਾਮ
(ਰੋਜ਼ਾਨਾ ਅਜੀਤ ਜਲੰਧਰ)
Subscribe to:
Post Comments (Atom)
No comments:
Post a Comment