15 June, 2007

ਸਿੱਖ ਪੰਥ ਡੇਰਾਵਾਦ ਦੀ ਚੁਣੌਤੀ ਨਾਲ ਕਿਵੇਂ ਨਿਪਟੇ?

ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ 12 ਮਈ ਨੂੰ ਸਲਾਬਤਪੁਰਾ (ਬਠਿੰਡਾ) ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਸੰਚਾਰ ਦੇ ਇਤਿਹਾਸਕ ਤੇ ਯੁੱਗ-ਪਲਟਾਊ ਕਾਰਜ ਦੀ ਨਕਲ ਕਰਨ ਸਦਕਾ ਸਿੱਖ ਪੰਥ ਅਤੇ ਡੇਰਾ ਸੱਚਾ ਸੌਦੇ ਦੇ ਸ਼ਰਧਾਲੂਆਂ ਵਿਚਕਾਰ ਪੈਦਾ ਹੋੲੇ ਤਿੱਖੇ ਟਕਰਾਅ ਦੀ ਸ਼ਿੱਦਤ ਭਾਵੇਂ ਪਹਿਲਾਂ ਨਾਲੋਂ ਘਟੀ ਹੈ ਪਰ ਅਜੇ ਵੀ ਸਥਿਤੀ ਵਿਸਫੋਟਕ ਬਣੀ ਹੋਈ ਹੈ। ਮਾਲਵੇ ਦੇ ਖੇਤਰ ਵਿਚ ਹਰ ਰੋਜ਼ ਸਿੱਖ ਸੰਗਤਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਨਿੱਕੇ-ਮੋਟੇ ਟਕਰਾਅ ਹੋ ਰਹੇ ਹਨ। 13 ਜੂਨ ਨੂੰ ਚੀਮਾ ਮੰਡੀ ਵਿਚ ਹੋਇਆ ਟਕਰਾਅ ਸਾਡੇ ਸਾਹਮਣੇ ਹੈ। ਸਿੱਖ ਸੰਗਤਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਇਥੇ ਹੋੲੇ ਟਕਰਾਅ ਵਿਚ ਦੁਕਾਨਾਂ, ਰੇਹੜੀਆਂ ਤੇ ਵਾਹਨਾਂ ਨੂੰ ਅੱਗਾਂ ਲਾਉਣ ਤੱਕ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਘਟਨਾਕ੍ਰਮ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਚੀਮਾ ਮੰਡੀ ਪਿੰਡ ਦੇ ਦਿੱਲੀ ਰਹਿੰਦੇ ਇਕ ਵਿਅਕਤੀ ਸ: ਗੁਰਜੰਟ ਸਿੰਘ ਨੇ ਕਿਸੇ ਸਮਾਗਮ ਵਿਚ ਇਹ ਕਿਹਾ ਸੀ ਕਿ ਡੇਰੇ ਨਾਲ ਜੁੜੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਡੇਰਾ ਸੱਚਾ ਸੌਦਾ ਦਾ ਸਾਥ ਛੱਡ ਕੇ ਆਪਣੇ ਪਹਿਲੇ ਧਰਮਾਂ ਵਿਚ ਆ ਜਾਣਾ ਚਾਹੀਦਾ ਹੈ। ਇਸ ਦਾ ਡੇਰਾ ਪ੍ਰੇਮੀਆਂ ਨੇ ਬੁਰਾ ਮਨਾਇਆ ਅਤੇ ਗੁਰਜੰਟ ਸਿੰਘ ’ਤੇ ਚੀਮਾ ਮੰਡੀ ਆਉਣ ’ਤੇ ਹਮਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਿੱਖ ਸੰਗਤਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਟਕਰਾਅ ਵਧ ਗਿਆ ਜਿਸ ਨੂੰ ਪੁਲਿਸ ਨੇ ਸਮੇਂ ਸਿਰ ਦਖ਼ਲ ਦੇ ਕੇ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾ ਲਿਆ।
ਇਸ ਘਟਨਾ ਦੀ ਸੰਵੇਦਨਸ਼ੀਲਤਾ ਦੱਸਦੀ ਹੈ ਕਿ ਕਿਸੇ ਵੀ ਥਾਂ ਅਜਿਹਾ ਕੁਝ ਵਾਪਰ ਸਕਦਾ ਹੈ ਜਿਸ ਨਾਲ ਕਿ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ਦਰਮਿਆਨ ਵੱਡਾ ਟਕਰਾਅ ਆਰੰਭ ਹੋ ਸਕਦਾ ਹੈ।
12 ਮਈ ਤੋਂ ਬਾਅਦ ਹੁਣ ਤੱਕ ਵਾਪਰੇ ਸਮੁੱਚੇ ਘਟਨਾਕ੍ਰਮ ਨੂੰ ਦੇਖੀੲੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਵੇਂ ਡੇਰਾ ਸੱਚਾ ਸੌਦਾ ਦਾ ਮੁਖੀ ਆਪਣੇ ਵੱਲੋਂ ਕੀਤੀ ਗਈ ਵੱਡੀ ਗ਼ਲਤੀ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕੇ ਸਿੱਖ ਪੰਥ ਤੋਂ ਸਪੱਸ਼ਟ ਰੂਪ ਵਿਚ ਖਿਮਾ ਯਾਚਨਾ ਕਰਕੇ ਟਕਰਾਅ ਨੂੰ ਸਥਾਈ ਤੌਰ ’ਤੇ ਟਾਲਣ ਲਈ ਕੋਈ ਉਸਾਰੂ ਰੋਲ ਅਦਾ ਕਰਨ ਵਿਚ ਅਸਫ਼ਲ ਰਿਹਾ ਹੈ ਪਰ ਇਸ ਦੇ ਬਾਵਜੂਦ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੇ ਰਾਜ ਵਿਚ ਅਮਨ ਤੇ ਸਦਭਾਵਨਾ ਬਣਾਈ ਰੱਖਣ ਲਈ ਕਾਫੀ ਹੱਦ ਤੱਕ ਤਹੱਮਲ ਅਤੇ ਦੂਰਦ੍ਰਿਸ਼ਟੀ ਤੋਂ ਕੰਮ ਲਿਆ ਹੈ। ਪੰਜਾਬ ਸਰਕਾਰ ਭਾਵੇਂ ਸ਼ੁਰੂ ਵਿਚ ਕੁਝ ਅਵੇਸਲੀ ਅਤੇ ਗ਼ੈਰ-ਪ੍ਰਭਾਵੀ ਨਜ਼ਰ ਆਉਂਦੀ ਸੀ ਪਰ ਬਾਅਦ ਵਿਚ ਕਾਫੀ ਹੱਦ ਤੱਕ ਚੌਕਸ ਹੋ ਗਈ। ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਸਵਾਮੀ ਅਗਨੀਵੇਸ਼ ਦੀ ਅਗਵਾਈ ਵਿਚ ਹੋਰ ਧਰਮਾਂ ਦੇ ਸੰਤ-ਮਹਾਂਪੁਰਸ਼ਾਂ ਨੇ ਵੀ ਸਥਿਤੀ ਨੂੰ ਸੁਲਝਾਉਣ ਲਈ ਸੁਹਿਰਦਤਾ ਨਾਲ ਯਤਨ ਕੀਤੇ ਹਨ। ਪਾਰਲੀਮੈਂਟ ਮੈਂਬਰ ਸ: ਤ੍ਰਿਲੋਚਨ ਸਿੰਘ ਦਾ ਰੋਲ ਵੀ ਪ੍ਰਸੰਸਾਜਨਕ ਰਿਹਾ ਹੈ। ਪਰ ਇਨ੍ਹਾਂ ਸਾਰੀਆਂ ਧਿਰਾਂ ਲਈ ਅਵੇਸਲੇ ਹੋਣ ਦੀ ਅਜੇ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਕੁਝ ਧਿਰਾਂ ਅਤੇ ਕੁਝ ਲੋਕ ਆਪੋ-ਆਪਣੇ ਸਵਾਰਥਾਂ ਕਰਕੇ ਅਜੇ ਵੀ ਇਸ ਟਕਰਾਅ ਲਈ ਯਤਨਸ਼ੀਲ ਹਨ।
ਇਸ ਸਮੇਂ ਸਿੱਖ ਪੰਥ ਸਾਹਮਣੇ ਦੋ ਬੜੇ ਅਹਿਮ ਕਾਰਜ ਹਨ। ਪਹਿਲਾ ਪੰਜਾਬ ਵਿਚ ਅਮਨ ਤੇ ਸਦਭਾਵਨਾ ਨੂੰ ਕਿਵੇਂ ਬਣਾਈ ਰੱਖਿਆ ਜਾਵੇ ਤੇ ਦੂਜਾ ਡੇਰਾਵਾਦ ਦੀ ਜਿੱਲ੍ਹਣ ਵਿਚੋਂ ਪੰਜਾਬ ਅਤੇ ਦੇਸ਼ ਦੇ ਹੋਰ ਲੋਕਾਂ ਨੂੰ ਕਿਵੇਂ ਕੱਢਿਆ ਜਾਵੇ? ਇਸ ਸਬੰਧੀ ਕਿਸੇ ਕਾਰਜ ਯੋਜਨਾ ਬਾਰੇ ਚਰਚਾ ਕਰਨ ਤੋਂ ਪਹਿਲਾਂ ਪਿਛਲੇ ਦਿਨਾਂ ਵਿਚ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗੲੇ ਆਦੇਸ਼ਾਂ ਦੀ ਭਾਵਨਾ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਸਿੰਘ ਸਾਹਿਬਾਨ ਨੇ ਤਲਵੰਡੀ ਸਾਬੋ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗੲੇ ਵੱਖ-ਵੱਖ ਆਦੇਸ਼ਾਂ ਵਿਚ ਜਿਥੇ ਡੇਰਾ ਸੱਚਾ ਸੌਦਾ ਅਤੇ ਹੋਰ ਇਹੋ ਜਿਹੀ ਵਿਚਾਰਧਾਰਾ ਵੱਲੋਂ ਡੇਰਿਆਂ ਦਾ ਸਿੱਖ ਸੰਗਤਾਂ ਨੂੰ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ ਅਤੇ ਡੇਰੇ ਬੰਦ ਕਰਵਾਉਣ ਲਈ ਵੀ ਆਖਿਆ ਹੈ, ਉਥੇ ਪੰਜਾਬ ਵਿਚ ਅਮਨ ਤੇ ਸਦਭਾਵਨਾ ਹਰ ਹਾਲਤ ਵਿਚ ਬਣਾਈ ਰੱਖਣ, ਤਲਵਾਰਾਂ ਜਾਂ ਹੋਰ ਹਥਿਆਰ ਜਨਤਕ ਤੌਰ ’ਤੇ ਲਹਿਰਾਕੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਨਾ ਪੈਦਾ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਸਿੰਘ ਸਾਹਿਬਾਨ ਨੇ ਡੇਰੇ ਬੰਦ ਕਰਵਾਉਣ ਲਈ ਤਾਂ ਆਖਿਆ ਹੈ ਪਰ ਅਜਿਹਾ ਹਿੰਸਕ ਢੰਗ-ਤਰੀਕਿਆਂ ਨਾਲ ਜਾਂ ਜ਼ਬਰਦਸਤੀ ਕਰਨ ਲਈ ਨਹੀਂ ਆਖਿਆ। ਡੇਰਾਵਾਦੀ ਰੁਝਾਨ ਨੂੰ ਖ਼ਤਮ ਕਰਨ ਲਈ ਸਿੰਘ ਸਾਹਿਬਾਨ ਨੇ ਸਿੱਖ ਪੰਥ ਤੇ ਪੰਥਕ ਸੰਗਠਨਾਂ ਨੂੰ ਸਿਧਾਂਤਕ ਪੱਧਰ ’ਤੇ ਸਿੱਖੀ ਦੇ ਪ੍ਰਚਾਰ ਲਈ ਬਿਨਾਂ ਕਿਸੇ ਕਿਸਮ ਦੀ ਹਿੰਸਾ ਤੇ ਟਕਰਾਓ ਤੋਂ ਪ੍ਰਭਾਵਸ਼ਾਲੀ ਪ੍ਰਚਾਰ ਲਹਿਰ ਸ਼ੁਰੂ ਕਰਨ ਲਈ ਕਿਹਾ ਹੈ।
ਸਿੰਘ ਸਾਹਿਬਾਨ ਦੇ ਇਨ੍ਹਾਂ ਸਪੱਸ਼ਟ ਆਦੇਸ਼ਾਂ ਦੇ ਬਾਵਜੂਦ ਸਿੱਖ ਸਫ਼ਾਂ ਵਿਚ ਕੁਝ ਅਜਿਹੇ ਲੋਕ ਸਰਗਰਮ ਹਨ ਜਿਹੜੇ ਆਪਣੇ ਸੌੜੇ ਸਿਆਸੀ ਸੁਆਰਥਾਂ ਦੀ ਪੂਰਤੀ ਲਈ ਸਿੰਘ ਸਾਹਿਬਾਨ ਦੇ ਆਦੇਸ਼ਾਂ ਦੇ ਆਪਣੇ ਦ੍ਰਿਸ਼ਟੀਕੋਣ ਮੁਤਾਬਿਕ ਅਰਥ ਕੱਢ ਕੇ ਪੰਜਾਬ ਵਿਚ ਅਮਨ ਤੇ ਸਦਭਾਵਨਾ ਨੂੰ ਭੰਗ ਕਰਨ ਲਈ ਵਾਰ-ਵਾਰ ਯਤਨ ਕਰ ਰਹੇ ਹਨ। ਅਜਿਹੇ ਲੋਕਾਂ ਵਿਚ ਉਹ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਧਾਰਮਿਕ ਖੇਤਰ ਵਿਚ ਜਾਂ ਕੁਝ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਹੋਈ ਚੋਣ ਵਿਚ ਸਿੱਖ ਪੰਥ ਨੇ ਬਹੁਤਾ ਸਮਰਥਨ ਨਹੀਂ ਸੀ ਦਿੱਤਾ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਿਲ ਹਨ ਜੋ ਦਿੱਲੀ ਵਿਚ ਤਾਂ ਆਪਣੀਆਂ ਸਾਰੀਆਂ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਕਾਂਗਰਸ ਤੇ ਕਈ ਵਾਰ ਭਾਜਪਾ ਆਦਿ ਪਾਰਟੀਆਂ ਦਾ ਓਟ ਆਸਰਾ ਲੈ ਕੇ ਚਲਾਉਂਦੇ ਹਨ ਪਰ ਪੰਜਾਬ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਪੰਥਕ ਸੰਗਠਨਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਅਗਵਾਈ ਕਰਨ ਲਈ ਯਤਨਸ਼ੀਲ ਹਨ। ਇਨ੍ਹਾਂ ਲੋਕਾਂ ਦਾ ਮੁੱਖ ਮੰਤਵ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਸਿੱਖ ਪੰਥ ਤੇ ਡੇਰਾ ਸੱਚਾ ਸੌਦਾ ਦਰਮਿਆਨ ਪੈਦਾ ਹੋੲੇ ਟਕਰਾਅ ਨੂੰ ਇਹ ਆਪਣੇ-ਆਪ ਨੂੰ ਪ੍ਰਸੰਗਿਕ ਬਣਾਉਣ ਲਈ ਇਕ ਅਹਿਮ ਮੌਕਾ ਸਮਝਦੇ ਹਨ।
ਮੰਤਵ ਬੜਾ ਸਪੱਸ਼ਟ ਹੈ। ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਵਿਗੜੇ ਅਤੇ ਕੇਂਦਰੀ ਸਰਕਾਰ ਰਾਸ਼ਟਰਪਤੀ ਰਾਜ ਲਾਗੂ ਕਰ ਦੇਵੇ। ਪੰਥ ਦੇ ਹਿਤਾਂ ਨੂੰ ਇਸ ਨਾਲ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ? ਪੰਜਾਬ ਤੇ ਸਮੁੱਚੇ ਪੰਜਾਬੀਆਂ ਨੂੰ ਇਸ ਸਮੇਂ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਹਰ ਰੋਜ਼ ਖ਼ੁਦਕੁਸ਼ੀਆਂ ਕਰ ਰਹੇ ਕਿਸਾਨ (ਜਿਹੜੇ ਕਿ ਵਧੇਰੇ ਸਿੱਖ ਹੀ ਹਨ) ਦੀਆਂ ਗੰਭੀਰ ਹੋ ਰਹੀਆਂ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਕੀ ਹੋ ਸਕਦਾ ਹੈ? ਨੌਜਵਾਨ ਪੀੜ੍ਹੀ ਨਸ਼ਿਆਂ ਦੇ ਰੁਝਾਨ ਵੱਲ ਰੁਚਿਤ ਕਿਉਂ ਹੋ ਰਹੀ ਹੈ? ਸਮਾਜ ਵਿਚ ਭਰੂਣ ਹੱਤਿਆ ਕਿਉਂ ਵਧ ਰਹੀ ਹੈ? ਪੰਜਾਬੀ ਜ਼ਬਾਨ ਤੇ ਪੰਜਾਬੀ ਸੱਭਿਆਚਾਰ ਵਾਲੇ ਖਿੱਤੇ ਪੰਜਾਬ ਵਿਚ ਗ਼ੈਰ-ਪੰਜਾਬੀ ਪ੍ਰਭਾਵ ਕਿਉਂ ਵਧ ਰਹੇ ਹਨ? ਸਿੱਖਿਆ ਤੇ ਸਿਹਤ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਕਿਉਂ ਹੋ ਰਹੀਆਂ ਹਨ? ਗੁਰਧਾਮਾਂ ਅਤੇ ਸਿੱਖ ਸੰਸਥਾਵਾਂ ਦੇ ਕੰਮਕਾਰ ਨੂੰ ਪਾਰਦਰਸ਼ੀ ਢੰਗ ਨਾਲ ਅਤੇ ਭ੍ਰਿਸ਼ਟਾਚਾਰ ਤੋਂ ਰਹਿਤ ਰੱਖ ਕੇ ਕਿਵੇਂ ਚਲਾਇਆ ਜਾ ਸਕਦਾ ਹੈ? ਅਨੇਕਾਂ ਸਵਾਲ ਹਨ ਜਿਹੜੇ ਪੰਥ ਤੇ ਪੰਜਾਬ ਸਾਹਮਣੇ ਦਰਪੇਸ਼ ਹਨ। ਪੰਥ ਤੇ ਪੰਜਾਬ ਦਾ ਭਲਾ ਚਾਹੁੰਣ ਵਾਲੀ ਹਰ ਧਿਰ ਨੂੰ ਇਨ੍ਹਾਂ ਮੁੱਦਿਆਂ ’ਤੇ ਆਧਾਰਿਤ ਕੋਈ ਸਪੱਸ਼ਟ ਨੀਤੀ ਤੇ ਕਾਰਜ ਯੋਜਨਾ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਹੋਰ ਪੰਥਕ ਸੰਗਠਨ ਜੇ ਉਹ ਸੱਚੇ ਦਿਲੋਂ ਪੰਥ ਤੇ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਅਜੋਕੇ ਸੰਦਰਭ ਵਿਚ ਉਨ੍ਹਾਂ ਦੀ ਪਹੁੰਚ ਟਕਰਾਅ ਪੈਦਾ ਕਰਕੇ ਸਿਆਸੀ ਲਾਭ ਲੈਣ ਦੀ ਨਹੀਂ ਸਗੋਂ ਗੁਰਮਤਿ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ’ਤੇ ਆਧਾਰਿਤ ਲਹਿਰ ਖੜ੍ਹੀ ਕਰਕੇ ਪੰਜਾਬ ਅਤੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਡੇਰਾਵਾਦ ਅਤੇ ਅੰਧ-ਵਿਸ਼ਵਾਸ ਦੀ ਜਿੱਲ੍ਹਣ ਵਿਚੋਂ ਕੱਢਣ ਦੀ ਹੋਣੀ ਚਾਹੀਦੀ ਹੈ। ਇਸ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਨਿਰੰਤਰ ਕੰਮ ਕਰਨ ਦੀ ਲੋੜ ਹੈ। ਅਜੋਕੇ ਯੁੱਗ ਵਿਚ ਧਰਮ ਦਾ ਹਥਿਆਰ ਪਿਆਰ ਤੇ ਪ੍ਰੇਰਨਾ ਬਣਨਾ ਚਾਹੀਦਾ ਹੈ। ਪਿਆਰ, ਪ੍ਰੇਰਨਾ ਤੇ ਸੇਵਾ ਨਾਲ ਤੁਸੀਂ ਲੋਕਾਂ ਦੇ ਦਿਲ ਜਿੱਤ ਸਕਦੇ ਹੋ। ਦਿਲ ਜਿੱਤ ਕੇ ਉਨ੍ਹਾਂ ਨੂੰ ਡੇਰਾਵਾਦ, ਅੰਧ-ਵਿਸ਼ਵਾਸ ਅਤੇ ਹੋਰ ਬੁਰਾਈਆਂ ਦੀ ਜਿੱਲ੍ਹਣ ’ਚੋਂ ਬਾਹਰ ਕੱਢ ਸਕਦੇ ਹੋ। ਦਬਾਅ ਨਾਲ ਜਾਂ ਜ਼ਬਰਦਸਤੀ ਇਹ ਕੰਮ ਨਹੀਂ ਹੋ ਸਕਦਾ। ਸਿੱਖ ਪੰਥ ਦੇ ਸਿਰਮੌਰ ਆਗੂ ਮਾਸਟਰ ਤਾਰਾ ਸਿੰਘ ਨੇ ਇਕ ਵਾਰ ਕਿਹਾ ਸੀ ਕਿ ਮੈਂ ਹਰ ਰੋਜ਼ ਸਵੈਇੱਛਾ ਨਾਲ ਜਪੁਜੀ ਸਾਹਿਬ ਦਾ ਪਾਠ ਕਰਦਾ ਹਾਂ ਪਰ ਜੇਕਰ ਕੋਈ ਮੈਨੂੰ ਜ਼ਬਰਦਸਤੀ ਅਜਿਹਾ ਕਰਨ ਲਈ ਆਖੇਗਾ ਤਾਂ ਮੈਂ ਨਹੀਂ ਕਰਾਂਗਾ। ਆਮ ਆਦਮੀ ਦੀ ਮਾਨਸਿਕਤਾ ਅਜਿਹੀ ਹੀ ਹੁੰਦੀ ਹੈ।
ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਹੇਠਲੇ ਵਰਗਾਂ ਦੇ ਲੋਕ ਡੇਰਾਵਾਦ ਵੱਲ ਕਿਉਂ ਜਾਂਦੇ ਹਨ? ਇਸ ਦਾ ਜਵਾਬ ਇਹੀ ਮਿਲਦਾ ਹੈ ਕਿ ਗੁਰਮਤਿ ਵਿਚ ਭਾਵੇਂ ਜਾਤ-ਪਾਤ ਨਹੀਂ ਹੈ ਪਰ ਸਿੱਖ ਸੰਗਤਾਂ ਵਿਚ ਅਜੇ ਵੀ ਜਾਤ-ਪਾਤ ਤੇ ਛੂਆ-ਛੂਤ ਆਦਿ ਬੁਰਾਈਆਂ ਕਾਇਮ ਹਨ। ਇਸ ਲਈ ਜੇਕਰ ਅਸੀਂ ਗੁਰਮਤਿ ਦੇ ਸਿਧਾਂਤਾਂ ਦੇ ਮੁਤਾਬਿਕ ਹੇਠਲੇ ਵਰਗਾਂ ਦੇ ਲੋਕਾਂ ਨੂੰ ਪੰਥ ਦੀ ਮੁੱਖ ਧਾਰਾ ਵਿਚ ਲਿਆਉਣਾ ਚਾਹੁੰਦੇ ਹਾਂ ਤਾਂ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਸੰਗਠਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਜੋ ਲਹਿਰ ਚਲਾਈ ਜਾਣੀ ਹੈ, ਉਸ ਦੇ ੲੇਜੰਡੇ ਵਿਚ ਡੇਰਾਵਾਦ ਦੇ ਖ਼ਾਤਮੇ ਦੇ ਨਾਲ ਹੀ ਜਾਤ-ਪਾਤ ਦੇ ਖ਼ਾਤਮੇ ਦਾ ਮੁੱਦਾ ਵੀ ਅਵੱਸ਼ ਹੋਣਾ ਚਾਹੀਦਾ ਹੈ। ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਗੁਰਸਿੱਖ ਪਰਿਵਾਰਾਂ ਵਿਚਕਾਰ ਅੰਤਰਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਿੱਖ ਸਮਾਜ ਵਿਚ ਹੇਠਲੇ ਵਰਗਾਂ ਦਾ ਮਾਣ-ਸਨਮਾਨ ਕਾਇਮ ਕਰਨਾ ਚਾਹੀਦਾ ਹੈ। ਧਾਰਮਿਕ ਤੇ ਰਾਜਨੀਤਕ ਸੰਗਠਨਾਂ ਵਿਚ ਉਨ੍ਹਾਂ ਨੂੰ ਵਾਜਿਬ ਨੁਮਾਇੰਦਗੀ ਦੇਣੀ ਚਾਹੀਦੀ ਹੈ। ਹੇਠਲੇ ਵਰਗਾਂ ਅਤੇ ਗਰੀਬ ਲੋਕਾਂ ਦੇ ਬੱਚਿਆਂ ਲਈ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੇਕਰ ਸਿੱਖ ਪੰਥ ਵੱਲੋਂ ਅਜਿਹੀ ਪਹੁੰਚ ਅਖ਼ਤਿਆਰ ਕੀਤੀ ਜਾਂਦੀ ਹੈ ਤਾਂ ਹੇਠਲੇ ਵਰਗਾਂ ਦੇ ਲੋਕ ਆਪਣੇ-ਆਪ ਪੰਥ ਦੀ ਮੁੱਖ ਧਾਰਾ ਵੱਲ ਆਉਣ ਲੱਗ ਪੈਣਗੇ ਅਤੇ ਨਿਰੰਤਰ ਇਸ ਪਹੁੰਚ ’ਤੇ ਅਮਲ ਨਾਲ ਡੇਰੇ ਆਪਣੇ-ਆਪ ਬੰਦ ਹੋ ਜਾਣਗੇ। ਸਿੱਧੇ ਟਕਰਾਵਾਂ ਦੀ ਥਾਂ ਸਹੀ ਅਰਥਾਂ ਵਿਚ ਪੰਥ ਦਾ ਬੋਲਬਾਲਾ ਚਾਹੁੰਣ ਵਾਲੇ ਸੰਗਠਨਾਂ ਨੂੰ ਇਸੇ ਦਿਸ਼ਾ ਵਿਚ ਕਾਰਜਸ਼ੀਲ ਹੋਣਾ ਚਾਹੀਦਾ ਹੈ। ਇਸੇ ਵਿਚ ਹੀ ਪੰਥ, ਪੰਜਾਬ ਅਤੇ ਦੇਸ਼ ਦਾ ਲਾਭ ਹੈ। ਇਸ ਤਰ੍ਹਾਂ ਦੀ ਲੰਮੇ ਸਮੇਂ ਦੀ ਪਰ ਪ੍ਰਭਾਵੀ ਪਹੁੰਚ ਅਖ਼ਤਿਆਰ ਕਰਨ ਦੀ ਥਾਂ ਜੇਕਰ ਕੋਈ ਧਿਰ ਸਿੱਖ ਪੰਥ ਨੂੰ ਸਿਰਫ਼ ਭੜਕਾਉਣ ਲਈ ਹੀ ਯਤਨਸ਼ੀਲ ਹੈ ਤਾਂ ਪੰਥ ਨੂੰ ਉਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

ਸਤਨਾਮ ਸਿੰਘ ਮਾਣਕ
(ਰੋਜ਼ਾਨਾ ਅਜੀਤ ਜਲੰਧਰ)

No comments: