ਵਿਸ਼ਵ ਵਾਤਾਵਰਨ ਦਿਵਸ ’ਤੇ ਵਿਸ਼ੇਸ਼
ਨਿਘਰ ਰਹੇ ਵਾਤਾਵਰਨ ਨੂੰ ਬਚਾਓ
ਕੁਦਰਤ ਦੀ ਝੋਲੀ ਇੰਨੀ ਭਰਪੂਰ ਸੀ ਕਿ ਜੇਕਰ ਸੰਜਮ, ਸੰਤੋਖ ਅਤੇ ਲੋੜ ਅਨੁਸਾਰ ਇਨ੍ਹਾਂ ਵਸੀਲਿਆਂ ਦੀ ਵਰਤੋਂ ਕੀਤੀ ਜਾਂਦੀ ਤਾਂ ਇਹ ਖਜ਼ਾਨਾ ਕਦੇ ਖਾਲੀ ਨਹੀਂ ਸੀ ਹੋਣਾ। ਮਨੁੱਖ ਨੇ ਕੇਵਲ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਹੀ ਨਹੀਂ ਕੀਤੀ ਸਗੋਂ ਜੀਵਨ ਦੀਆਂ ਪ੍ਰਮੁੱਖ ਲੋੜਾਂ ਪਵਨ, ਪਾਣੀ ਅਤੇ ਧਰਤੀ ਨੂੰ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਪਾਣੀ ਨੂੰ ਕੇਵਲ ਪ੍ਰਦੂਸ਼ਿਤ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਇਸ ਦੀ ਬੇਰਹਿਮੀ ਨਾਲ ਵਰਤੋਂ ਹੋ ਰਹੀ ਹੈ। ਇਸ ਨੂੰ ਵੇਖਦਿਆਂ ਇਹ ਆਖਿਆ ਜਾ ਰਿਹਾ ਹੈ ਕਿ ਕੁਝ ਵਰ੍ਹਿਆਂ ਤੱਕ ਲੋਕੀਂ ਪੀਣ ਲੲੀ ਪਾਣੀ ਨੂੰ ਤਰਸਣਗੇ। ਕਾਰਖਾਨਿਆਂ ਅਤੇ ਵਾਹਨਾਂ ਵਿਚੋਂ ਨਿਕਲ ਰਹੀਆਂ ਗੈਸਾਂ ਨੇ ਕੇਵਲ ਪਵਨ ਨੂੰ ਹੀ ਪ੍ਰਦੂਸ਼ਿਤ ਨਹੀਂ ਕੀਤਾ ਸਗੋਂ ਵਾਤਾਵਰਨ ਦੇ ਤਾਪਮਾਨ ਵਿਚ ਵੀ ਵਾਧਾ ਕੀਤਾ ਹੈ। ਇਸ ਨਾਲ ਸੰਸਾਰ ਦੇ ਮੌਸਮ ਵਿਚ ਅਜਿਹੀਆਂ ਤਬਦੀਲੀਆਂ ਆ ਸਕਦੀਆਂ ਹਨ ਜਿਸ ਨਾਲ ਸੰਸਾਰ ਦੀ ਤਬਾਹੀ ਹੋ ਸਕਦੀ ਹੈ। ਰੁੱਖਾਂ ਦਾ ਅਸੀਂ ਬੇਰਹਿਮੀ ਨਾਲ ਘਾਣ ਕੀਤਾ ਹੈ। ਰੁੱਖ ਹਵਾ ਨੂੰ ਸਾਫ਼ ਰੱਖਣ ਲੲੀ ਸਭ ਤੋਂ ਵਧੀਆ ਵਸੀਲਾ ਹਨ। ਸੰਯੁਕਤ ਰਾਸ਼ਟਰ ਵੱਲੋਂ ਰੁੱਖ ਲਗਾਉਣ ਦੀ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗੲੀ ਹੈ। ਰੁੱਖ ਲਗਾਵੋ ਮੁਹਿੰਮ ਦੀ ਆਗੂ ਵਨਗਾਰੀਮਿਥਾੲੀ ਨੂੰ 2004 ਦਾ ਵਿਸ਼ਵ ਸ਼ਾਂਤੀ ਨੋਬਲ ਇਨਾਮ ਵੀ ਦਿੱਤਾ ਗਿਆ। ਇਸ ਅਫ਼ਰੀਕਨ ਔਰਤ ਵੱਲੋਂ ਸੰਸਾਰ ਵਿਚ ਘੱਟੋ-ਘੱਟ ਸੌ ਕਰੋੜ ਨਵੇਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗੲੀ ਹੈ। ਦੇਵਤਿਆਂ ਵਾਂਗ ਪੂਜੇ ਜਾਣ ਵਾਲੇ ਪਾਣੀ, ਪਵਨ, ਰੁੱਖ ਅਤੇ ਧਰਤੀ ਹੁਣ ਕੇਵਲ ਵਰਤੋਂ ਦੀ ਸ਼ੈਅ ਬਣ ਗੲੇ ਹਨ ਅਤੇ ਇਨ੍ਹਾਂ ਦੀ ਪਵਿੱਤਰਤਾ ਬੁਰੀ ਤਰ੍ਹਾਂ ਭੰਗ ਹੋ ਗੲੀ ਹੈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੁੰਦਿਆਂ ਹੋਇਆਂ ਵੀ ਪ੍ਰਦੂਸ਼ਣ ਆਪਣੀ ਸਿਖ਼ਰ ਉਤੇ ਹੈ। ਪਹਿਲਾਂ ਪਿੰਡਾਂ ਨੂੰ ਇਸ ਤੋਂ ਮੁਕਤ ਸਮਝਿਆ ਜਾਂਦਾ ਸੀ ਪਰ ਹੁਣ ਪਿੰਡ ਵੀ ਇਸ ਦੀ ਲਪੇਟ ਵਿਚ ਆ ਗੲੇ ਹਨ। ਮਸ਼ੀਨਾਂ ਨਾਲ ਕਣਕ ਅਤੇ ਝੋਨੇ ਦੀ ਕੱਟੀ ਫਸਲ ਦੇ ਖੇਤਾਂ ਵਿਚ ਖੜ੍ਹੇ ਨਾੜ ਨੂੰ ਕਿਸਾਨ ਅੱਗ ਲਾਉਂਦੇ ਹਨ, ਜਿਸ ਨਾਲ ਸਾਰੇ ਪਾਸੇ ਧੂੰਆਂ ਫੈਲ ਜਾਂਦਾ ਹੈ। ਫਸਲਾਂ ਉਤੇ ਹੋ ਰਹੀ ਅੰਨ੍ਹੇਵਾਹ ਰਸਾਇਣਾਂ ਦੀ ਵਰਤੋਂ ਨੇ ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਇਸੇ ਦੇ ਅੰਸ਼ ਖੇਤੀ ਉਪਜ ਵਿਚ ਵੀ ਪੁੱਜ ਗੲੇ ਹਨ। ਸਾਰੀ ਧਰਤੀ ਵਾਹੀ ਹੇਠ ਆਉਣ ਨਾਲ ਰੁੱਖਾਂ ਦਾ ਘਾਣ ਹੋਇਆ ਹੈ। ਰੁੱਖ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਸਭ ਤੋਂ ਵੱਧ ਸਹਾਇਤਾ ਕਰਦੇ ਹਨ। ਇਸ ਦਾ ਅਸਰ ਮੌਸਮ ਉਤੇ ਵੀ ਪਿਆ ਹੈ। ਸਾਉਣ ਮਹੀਨੇ ਹੁਣ ਝੜੀ ਨਹੀਂ ਲਗਦੀ ਅਤੇ ਜੇਠ ਮਹੀਨੇ ਤੱਤੀਆਂ ਲੂੰਆਂ ਵੀ ਨਹੀਂ ਚਲਦੀਆਂ। ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ। ਕੁਦਰਤ ਨਾਲ ਖਿਲਵਾੜ ਕਰਕੇ ਮਨੁੱਖ ਆਪਣੇ ਹੱਥੀਂ ਆਪਣੇ ਪੈਰੀਂ ਕੁਹਾੜਾ ਮਾਰ ਰਿਹਾ ਹੈ। ਦੋਸਤ ਕੀੜੇ ਅਤੇ ਪੰਛੀ ਖਤਮ ਹੋ ਰਹੇ ਹਨ। ਕੁਦਰਤ ਦੇ ਨਿਯਮਾਂ ਨੂੰ ਤੋੜ ਕੇ ਅਸੀਂ ਵਾਤਾਵਰਨ ਦਾ ਸੰਤੁਲਨ ਵਿਗਾੜਨ ਵਿਚ ਕੋੲੀ ਕਸਰ ਬਾਕੀ ਨਹੀਂ ਛੱਡੀ।
ਪਿਛਲੇ ਕੁਝ ਸਾਲਾਂ ਤੋਂ ਪ੍ਰਦੂਸ਼ਣ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਬਦਕਿਸਮਤੀ ਇਹ ਕਿ ਅਸੀਂ ਅਜੇ ਕੋੲੀ ਸਬਕ ਨਹੀਂ ਸਿੱਖਿਆ। ਪ੍ਰਦੂਸ਼ਣ ਨੂੰ ਰੋਕਣ ਲੲੀ ਕੋੲੀ ਵੀ ਯਤਨ ਨਹੀਂ ਕੀਤਾ ਜਾ ਰਿਹਾ। ਪੜ੍ਹੇ-ਲਿਖੇ ਅਤੇ ਅਮੀਰ ਵਿਅਕਤੀ ਪ੍ਰਦੂਸ਼ਣ ਵਿਚ ਵਧੇਰੇ ਵਾਧਾ ਕਰ ਰਹੇ ਹਨ। ਤੀਜੀ ਦੁਨੀਆ ਦੇ ਦੇਸ਼ਾਂ ਵਿਚ ਭ੍ਰਿਸ਼ਟਾਚਾਰ ਆਪਣੇ ਸਿਖ਼ਰ ਉਤੇ ਹੈ। ਪੈਸੇ ਦੇ ਜ਼ੋਰ ਨਾਲ ਇਥੇ ਕਾਇਦੇ-ਕਾਨੂੰਨ ਨੂੰ ਤੋੜਨਾ ਔਖਾ ਨਹੀਂ ਹੈ। ਅਸੀਂ ਆਪਣੇ ਦੇਸ਼ ਅਤੇ ਸੂਬੇ ਦੀ ਹੀ ਮਿਸਾਲ ਲੈਂਦੇ ਹਾਂ। ਜਿਸ ਬੇਰਹਿਮੀ ਨਾਲ ਕਾਨੂੰਨ ਨੂੰ ਨਜ਼ਰ ਅੰਦਾਜ਼ ਕਰਕੇ ਰੁੱਖਾਂ ਦੀ ਕਟਾੲੀ ਹੋ ਰਹੀ ਹੈ ਅਤੇ ਦਰਿਆਵਾਂ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਅਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਇੰਜ ਸਾਡੇ ਦੇਸ਼ ਵਿਚੋਂ ਜੰਗਲ ਹੇਠ ਰਕਬਾ ਹਰ ਸਾਲ ਘਟ ਰਿਹਾ ਹੈ। ਪੰਜਾਬ ਦਾ ਤਾਂ ਹੋਰ ਵੀ ਬੁਰਾ ਹਾਲ ਹੈ। ਇਥੋਂ ਦੀ ਤਾਂ ਚੱਪਾ-ਚੱਪਾ ਧਰਤੀ ਵਾਹੀ ਹੇਠ ਆ ਗੲੀ ਹੈ। ਇਹ ਮੰਨਿਆ ਜਾਂਦਾ ਹੈ ਕਿ ਧਰਤੀ ਦੇ ਘੱਟੋ-ਘੱਟ ਤੀਜੇ ਹਿੱਸੇ ’ਤੇ ਰੁੱਖਾਂ ਦਾ ਹੋਣਾ ਜ਼ਰੂਰੀ ਹੈ। ਪੰਜਾਬ ਵਿਚ ਰੁੱਖਾਂ ਹੇਠ ਮਸਾਂ ਅੱਠ ਫੀਸਦੀ ਰਕਬਾ ਹੈ। ਇਥੇ ਜੰਗਲ ਤਾਂ ਰਹੇ ਹੀ ਨਹੀਂ। ਸੜਕਾਂ ਕੰਢੇ ਲੱਗੇ ਰੁੱਖ ਹੀ ਇਥੋਂ ਦੀ ਦੌਲਤ ਹੈ। ਸੜਕਾਂ ਚੌੜੀਆਂ ਕਰਨ ਦੀ ਮਜਬੂਰੀ ਵਿਚ ਇਨ੍ਹਾਂ ਨੂੰ ਵੀ ਕੱਟਿਆ ਜਾ ਰਿਹਾ ਹੈ। ਰੁੱਖ ਹਵਾ ਨੂੰ ਸਾਫ਼, ਪਾਣੀ ਦੀ ਸੰਭਾਲ ਅਤੇ ਮੀਂਹ ਪੈਣ ਵਿਚ ਸਹਾੲੀ ਹੁੰਦੇ ਹਨ। ਸਾਡਾ ਵਾਤਾਵਰਨ ਇੰਨਾ ਪ੍ਰਦੂਸ਼ਿਤ ਹੋ ਗਿਆ ਹੈ ਕਿ ਹਰ ਸਾਲ ਕੋੲੀ 40,000 ਲੋਕੀਂ ਵਾਤਾਵਰਣ ਦੇ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਨਾਲ ਮਰਦੇ ਹਨ। ਇਸੇ ਤਰ੍ਹਾਂ ਕੋੲੀ ਦੋ ਕਰੋੜ ਲੋਕੀਂ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਹਨ। ਜਿੰਨਾ ਵੱਡਾ ਸ਼ਹਿਰ ਓਨਾ ਹੀ ਵੱਧ ਪ੍ਰਦੂਸ਼ਿਤ ਹੈ। ਲੁਧਿਆਣਾ ਉੱਤਰੀ ਭਾਰਤ ਦਾ ਸਭ ਤੋਂ ਵੱਧ ਅਮੀਰ ਸ਼ਹਿਰ ਸਮਝਿਆ ਜਾਂਦਾ ਹੈ। ਇਹੋ ਸ਼ਹਿਰ ਹੀ ਸਭ ਤੋਂ ਵੱਧ ਪ੍ਰਦੂਸ਼ਿਤ ਹੈ।
ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲੲੀ ਕੲੀ ਕਾਨੂੰਨ ਬਣਾੲੇ ਗੲੇ ਹਨ। ਇਸ ਸਬੰਧੀ ਸਰਕਾਰੀ ਬੋਰਡ ਅਤੇ ਵਿਭਾਗ ਵੀ ਹਨ ਪਰ ਇਹ ਮੰਨਣਾ ਪਵੇਗਾ ਕਿ ਪ੍ਰਦੂਸ਼ਣ ਨੂੰ ਰੋਕਣ ਲੲੀ ਕਿਸੇ ਪਾਸਿਉਂ ਵੀ ਠੋਸ ਕਦਮ ਨਹੀਂ ਚੁੱਕੇ ਗੲੇ, ਜਿਸ ਕਰਕੇ ਇਸ ਵਿਚ ਵਾਧਾ ਹੋ ਰਿਹਾ ਹੈ। ਭਾਰਤੀ ਖਿੱਤੇ ਦੇ ਦੇਸ਼ ਸੰਸਾਰ ਦੇ ਭ੍ਰਿਸ਼ਟ ਦੇਸ਼ਾਂ ਵਿਚ ਗਿਣੇ ਜਾਂਦੇ ਹਨ। ਰਿਸ਼ਵਤ ਨਾਲ ਇਥੇ ਕਾਨੂੰਨ ਨੂੰ ਖਰੀਦਿਆ ਜਾ ਸਕਦਾ ਹੈ। ਸਨਅਤਕਾਰ, ਧੂੰਆਂ ਮਾਰ ਰਹੇ ਵਾਹਨ, ਖੇਤ ਵਿਚ ਅੱਗ ਲਗਾ ਰਹੇ ਕਿਸਾਨ ਪੈਸੇ ਜਾਂ ਸਿਫ਼ਾਰਸ਼ ਨਾਲ ਕਾਨੂੰਨ ਦੇ ਘੇਰੇ ਤੋਂ ਬਾਹਰ ਹੋ ਜਾਂਦੇ ਹਨ। ਪ੍ਰਦੂਸ਼ਣ ਦੀ ਰੋਕਥਾਮ ਲੲੀ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਨਾ ਜ਼ਰੂਰੀ ਹੈ। ਦੇਸ਼ ਵਿਚ ਬਹੁਤੀਆਂ ਮੁਸੀਬਤਾਂ ਦੀ ਜੜ੍ਹ ਭ੍ਰਿਸ਼ਟਾਚਾਰ ਅਤੇ ਆਪਣੇ ਫਰਜ਼ਾਂ ਤੋਂ ਕੁਤਾਹੀ ਹੈ। ਸਾਡੇ ਵਿਚ ਆਪਣੀ ਕੌਮ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਦੀ ਘਾਟ ਹੈ। ਆਜ਼ਾਦੀ ਪਿੱਛੋਂ ਇਸ ਵਿਚ ਵਾਧਾ ਹੋਣਾ ਚਾਹੀਦਾ ਸੀ ਪਰ ਸਮਾਂ ਬੀਤਣ ਨਾਲ ਉਲਟਾ ਅਸਰ ਹੋ ਰਿਹਾ ਹੈ। ਉਤੇ ਤੋਂ ਲੈ ਕੇ ਹੇਠਾਂ ਤੱਕ ਸਭ ਨੂੰ ਕੇਵਲ ਆਪਣੀ ਹੀ ਫਿਕਰ ਹੈ। ਦੇਸ਼ ਜਾਂ ਸੂਬੇ ਦੇ ਭਲੇ ਬਾਰੇ ਸੋਚਣਾ ਤਾਂ ਦੂਰ, ਅਸੀਂ ਤਾਂ ਕਦੇ ਆਪਣੇ ਮੁਹੱਲੇ ਅਤੇ ਗੁਆਂਢੀ ਬਾਰੇ ਵੀ ਨਹੀਂ ਸੋਚਦੇ। ਘਰ ਦੀ ਸਫਾੲੀ ਕਰਕੇ ਕੂੜਾ ਗਲੀ ਵਿਚ ਸੁੱਟਣ ਦਾ ਆਮ ਰਿਵਾਜ ਹੈ। ਕਾਰਖਾਨਿਆਂ ਦੇ ਮਾਲਕ ਪੜ੍ਹੇ-ਲਿਖੇ ਅਤੇ ਅਮੀਰ ਵਿਅਕਤੀ ਹੁੰਦੇ ਹਨ। ਉਹ ਆਪਣੇ-ਆਪ ਨੂੰ ਦੇਸ਼ ਦੇ ਜ਼ਿੰਮੇਵਾਰ ਸ਼ਹਿਰੀ ਸਮਝਦੇ ਹਨ। ਉਨ੍ਹਾਂ ਦੇ ਕਾਰਖਾਨੇ ਹੀ ਸਭ ਤੋਂ ਵੱਧ ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ। ਬੱਸਾਂ, ਆਟੋ ਅਤੇ ਟਰੱਕਾਂ ਦੇ ਮਾਲਕ ਵੀ ਸੁਲਝੇ ਹੋੲੇ ਲੋਕ ਹੀ ਹੁੰਦੇ ਹਨ। ਉਹ ਵੀ ਮਹੀਨਾ ਦੇ ਕੇ ਚਲਾਨ ਤੋਂ ਬਚ ਜਾਂਦੇ ਹਨ। ਸਾਡੇ ਦੇਸ਼ ਵਿਚ ਹਰ ਸਮੱਸਿਆ ਨੂੰ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਸਮਝਿਆ ਜਾਂਦਾ ਹੈ। ਜਦੋਂ ਤੱਕ ਸਾਰੇ ਲੋਕੀਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲੲੀ ਸਾਂਝੇ ਯਤਨ ਨਹੀਂ ਕਰਦੇ, ਇਨ੍ਹਾਂ ਨੂੰ ਹੱਲ ਕਰਨਾ ਕਠਿਨ ਹੈ। ਲੋਕਾਂ ਨੂੰ ਚੇਤਨ ਕਰਨ ਦੀ ਲੋੜ ਹੈ। ਲੋਕ ਜਾਗਰੂਕਤਾ ਲੲੀ ਲੋਕ ਵਿੱਦਿਆ ਜ਼ਰੂਰੀ ਹੈ। ਇਸ ਪਾਸੇ ਸਰਕਾਰ ਅਤੇ ਸਵੈ-ਸੇਵੀ ਜਥੇਬੰਦੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕ ਚੇਤਨਾ ਮੁਹਿੰਮ ਸ਼ੁਰੂ ਕੀਤੀ ਜਾਵੇ। ਹਵਾ, ਪਾਣੀ ਅਤੇ ਧਰਤੀ ਦਾ ਪ੍ਰਦੂਸ਼ਣ ਜਿਸ ਤੇਜ਼ੀ ਨਾਲ ਵਧ ਰਿਹਾ ਹੈ, ਉਸ ਨੂੰ ਵੇਖ ਕੇ ਇਹ ਆਖਿਆ ਜਾ ਸਕਦਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਪਿੱਛੋਂ ਇਥੇ ਹਵਾ ਵਿਚ ਸਾਹ ਲੈਣਾ ਅਤੇ ਪੀਣ ਲੲੀ ਸਾਫ ਪਾਣੀ ਮਿਲਣਾ ਮੁਸ਼ਕਿਲ ਹੋ ਜਾਵੇਗਾ। ਧਰਤੀ ਜਿਸ ਵਿਚੋਂ ਸਾਰੇ ਜੀਵਾਂ ਨੂੰ ਭੋਜਨ ਪ੍ਰਾਪਤ ਹੁੰਦਾ ਹੈ, ਉਹ ਜ਼ਹਿਰੀਲੀ ਹੋ ਰਹੀ ਹੈ। ਇਸ ਨਾਲ ਭੋਜਨ ਵੀ ਜ਼ਹਿਰੀਲਾ ਹੋ ਰਿਹਾ ਹੈ। ਜੇਕਰ ਇਹੋ ਸਥਿਤੀ ਰਹੀ ਤਾਂ ਭਵਿੱਖ ਵਿਚ ਬਹੁਗਿਣਤੀ ਲੋਕਾਂ ਨੂੰ ਬਿਮਾਰੀਆਂ ਲੱਗ ਜਾਣਗੀਆਂ। ਸੰਸਾਰ ਵਿਚ ਵਧ ਰਹੀ ਗਰਮੀ ਨਾਲ ਬਰਫ਼ ਪਿਘਲ ਸਕਦੀ ਹੈ। ਹੜ੍ਹਾਂ ਦੀ ਮਾਰ ਝੱਲਣੀ ਪੈ ਸਕਦੀ ਹੈ। ਹਰ ਪਾਸੇ ਮਹਾਂਮਾਰੀ ਫੈਲ ਜਾਣ ਦਾ ਡਰ ਹੈ। ਪ੍ਰਦੂਸ਼ਣ ਦੀ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਇਸ ਦੀ ਰੋਕਥਾਮ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਸਰਕਾਰ ਵੱਲੋਂ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਧੂੰਆਂ ਮਾਰ ਰਹੇ ਵਾਹਨ ਅਤੇ ਪ੍ਰਦੂਸ਼ਣ ਫੈਲਾਅ ਰਹੇ ਕਾਰਖਾਨੇ ਬੰਦ ਕੀਤੇ ਜਾਣ। ਰੁੱਖਾਂ ਦੀ ਸੰਭਾਲ ਹੀ ਨਾ ਕੀਤੀ ਜਾਵੇ ਸਗੋਂ ਦੇਸ਼ ਦਾ ਹਰ ਟੱਬਰ ਇਕ ਰੁੱਖ ਲਗਾਵੇ ਅਤੇ ਉਸ ਦੀ ਦੇਖ-ਭਾਲ ਕਰੇ। ਲੋਕ ਚੇਤਨਾ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਜੋ ਸਾਰੇ ਹੀ ਆਪਣੇ ਜ਼ਿੰਮੇਵਾਰੀ ਨੂੰ ਸਮਝਣ ਲੱਗ ਪੈਣ। ਆਪਣੇ-ਆਪਣੇ ਬੱਚਿਆਂ ਅਤੇ ਇਸ ਕਾਇਨਾਤ ਦੇ ਭਵਿੱਖ ਦੀ ਰਾਖੀ ਲੲੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪ੍ਰਦੂਸ਼ਣ ਨੂੰ ਰੋਕਣ ਲੲੀ ਵੱਧ ਤੋਂ ਵੱਧ ਯੋਗਦਾਨ ਪਾੲੀੲੇ।
ਡਾ. ਰਣਜੀਤ ਸਿੰਘ
(ਰੋਜ਼ਾਨਾ ਅਜੀਤ ਜਲੰਧਰ)
05 June, 2007
Subscribe to:
Post Comments (Atom)
No comments:
Post a Comment