31 May, 2007

ਗੁਰਮਤੇ ਤੋਂ ਬਾਅਦ ਪੰਜਾਬ ਕਿਸ ਦਿਸ਼ਾ ਵੱਲ ਜਾੲੇਗਾ?

‘ਟਕਰਾਅ ਅਤੇ ਹਿੰਸਾ ਦਾ ਖ਼ਤਰਾ ਟਲਿਆ, ਸਾਵਾਂ ਮਾਹੌਲ ਬਣਾਉਣ ਲਈ ਰਾਹ ਖੁੱਲ੍ਹਿਆ। ਕਸ਼ਮਕਸ਼ ਚਲਦੀ ਰਹੇਗੀ, ਧੂਣੀ ਧੁਖਦੀ ਰਹੇਗੀ। ਕਿਸੇ ਵੇਲੇ ਵੀ ਚੰਗਿਆੜੀ ਲੱਗਣ ਦਾ ਖ਼ਦਸ਼ਾ ਰਹੇਗਾ। ਅਮਨ ਤੇ ਸਦਭਾਵਨਾ ਲਈ ਚੌਕਸੀ ਤੇ ਪਹਿਰੇਦਾਰੀ ਰੱਖਣੀ ਪਵੇਗੀ।’ ਇਹ ਸਤਰਾਂ ਪੰਜਾਬ ਦੀ ਤਾਜ਼ਾ ਸਥਿਤੀ ਦਾ ਨਿਚੋੜ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 29 ਮਈ ਨੂੰ ਜੋ ਗੁਰਮਤਾ ਜਾਰੀ ਹੋਇਆ ਹੈ, ਇਸ ਨਾਲ ਜਿਥੇ ਡੇਰਾ ਸੱਚਾ ਸੌਦਾ ਵਿਵਾਦ ਨਾਲ ਜੁੜੀਆਂ ਬਹੁਤੀਆਂ ਧਿਰਾਂ ਅਤੇ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਰਾਹਤ ਮਿਲੀ ਹੈ, ਉਥੇ ਬਾਦਲ ਸਰਕਾਰ ਨੇ ਵੀ ਸੁਖ ਦਾ ਸਾਹ ਲਿਆ ਹੈ। ਡੇਰਾ ਪ੍ਰਬੰਧਕਾਂ ਵੱਲੋਂ ਜਿਸ ਤਰਾਂ ਦਾ ਮੁਆਫ਼ੀਨਾਮਾ ਜਾਰੀ ਕੀਤਾ ਸੀ, ਇਸ ਤੋਂ ਇਹੀ ਉਮੀਦ ਸੀ ਕਿ ਸਿੱਖ ਧਾਰਮਿਕ ਨੇਤਾਵਾਂ ਦਾ ਪ੍ਰਤੀਕਰਮ ਵੀ ਵਿਚਲੇ ਰਾਹ ਵਾਲਾ ਹੀ ਹੋਵੇਗਾ। ਇਸ ਗੁਰਮਤੇ ਵਿਚ ਜਿਥੇ ਆਪਣੀ ਸਿਧਾਂਤਕ ਅਤੇ ਅਸੂਲੀ ਪੁਜ਼ੀਸ਼ਨ ਬਰਕਰਾਰ ਰੱਖੀ ਗਈ ਹੈ, ਉਥੇ ਡੇਰੇ ਖਾਲੀ ਕਰਾਉਣ ਦੇ ਮੁੱਦੇ ’ਤੇ ਟਕਰਾਅ ਵਾਲੀ ਸਥਿਤੀ ਨੂੰ ਟਾਲਣ ਅਤੇ ਅਮਨ ਤੇ ਸਦਭਾਵਨਾ ਬਣਾਈ ਰੱਖਣ ਦੀ ਸਮੁੱਚੇ ਸਿੱਖ-ਜਗਤ ਦੀ ਭਾਵਨਾ ਨੂੰ ਵੀ ਰੂਪਮਾਨ ਕੀਤਾ ਗਿਆ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਪੰਜਾਬ ਵਿਚ ਜੋ ਕੁਝ ਵਾਪਰਿਆ ਸੀ, ਇਸ ਨਾਲ ਆਮ ਲੋਕਾਂ ਅਤੇ ਖ਼ਾਸ ਕਰਕੇ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿਚ ਅਤੇ ਦੇਸ਼ ਵਿਦੇਸ਼ ਵਿਚ ਬੈਠੇ ਸਿੱਖ ਪਰਿਵਾਰਾਂ ਲਈ ਚਿੰਤਾ ਖੜ੍ਹੀ ਹੋ ਗਈ ਸੀ ਕਿ ਕਿਤੇ ਪੰਜਾਬ ਵਿਚ ਮੁੜ ਉਹੀ ਕਾਲਾ ਦੌਰ ਨਾ ਪਰਤ ਆਵੇ ਜਿਸ ਦਾ ਸੰਤਾਪ ਦੋ ਦਹਾਕੇ ਸਭ ਨੇ ਭੋਗਿਆ ਸੀ। ਇਸੇ ਖ਼ਦਸ਼ੇ ਨੂੰ ਮੁੱਖ ਰਖਦਿਆਂ ਹਰ ਪਾਸਿਓਂ ਸੂਝਵਾਨ ਅਤੇ ਲੋਕਤੰਤਰ ਵਿਚ ਭਰੋਸਾ ਰੱਖਣ ਵਾਲੀਆਂ ਸਾਰੀਆਂ ਸਿਆਸੀ ਤੇ ਗ਼ੈਰ-ਸਿਆਸੀ ਧਿਰਾਂ ਅਤੇ ਹਸਤੀਆਂ ਵੱਲੋਂ ਸਭ ਤੋਂ ਵੱਧ ਅਹਿਮੀਅਤ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਨੂੰ ਦਿੱਤੀ ਜਾ ਰਹੀ ਸੀ। ਉਂਜ ਵੀ ਮੌਜੂਦਾ ਵਿਸ਼ਵ-ਵਿਆਪੀ ਕਰਨ ਦੇ ਦੌਰ ਵਿਚ ਮੂਲਵਾਦ ਅਤੇ ਹਿੰਸਾ ਦਾ ਸੰਸਾਰ ਭਰ ਵਿਚ ਵਿਰੋਧ ਹੋ ਰਿਹਾ ਹੈ ਕਿਉਂਕਿ ਵਿਕਾਸ ਅਤੇ ਖ਼ੁਸ਼ਹਾਲੀ ਨਾਲ ਇਸ ਦਾ ਸਿੱਧਾ ਟਕਰਾਅ ਬਣ ਜਾਂਦਾ ਹੈ। ਇਸ ਗੁਰਮਤੇ ਦੀ ਇਸ ਪੱਖੋਂ ਵੀ ਅਹਿਮੀਅਤ ਹੈ ਕਿ ਇਸ ਨੇ ਧਰਮ-ਨਿਰਪੱਖਤਾ ਅਤੇ ਸਿੱਖ ਧਰਮ ਦੇ ਸਤਿਕਾਰ ਲਈ ਸੰਵਿਧਾਨਕ ਢੰਗ-ਤਰੀਕਿਆਂ ’ਤੇ ਵੀ ਜ਼ੋਰ ਦਿੱਤਾ ਹੈ। ਸ਼ਾਂਤਮਈ ਸਿੱਖ ਸੰਘਰਸ਼ ਜਾਰੀ ਰੱਖਣ ਦੇ ਐਲਾਨ ਦਾ ਸਿੱਧਾ ਅਰਥ ਇਹ ਹੈ ਕਿ ਇਸ ਪਹੁੰਚ ਰਾਹੀਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਮੌਜੂਦਾ ਸਿੱਖ ਭਾਵਨਾਵਾਂ ਅਤੇ ਸੰਘਰਸ਼ ਨੂੰ ਤੱਤੇ, ਕਥਿਤ ਗਰਮ ਖ਼ਿਆਲੀ ਜਾਂ ਸਿੱਖ ਭਾਈਚਾਰੇ ਨੂੰ ਬਲਦੀ ਦੇ ਬੂਥੇ ਦੇਣ ਵਾਲੀ ਕੋਈ ਵੀ ਧਿਰ ਹਾਈਜੈਕ ਨਾ ਕਰ ਸਕੇ। ਜਿਨ੍ਹਾਂ ਵੀ ਧਾਰਮਿਕ, ਸਿਆਸੀ, ਗ਼ੈਰ-ਸਿਆਸੀ ਧਿਰਾਂ ਜਾਂ ਪ੍ਰਮੁੱਖ ਹਸਤੀਆਂ ਨੇ ਸਿੰਘ ਸਾਹਿਬਾਨ ਨੂੰ ਅਜਿਹੀ ਯਥਾਰਥਕ ਪਹੁੰਚ ਅਪਣਾਉਣ ਲਈ ਰਾੲੇ ਦਿੱਤੀ ਜਾਂ ਸਥਿਤੀ ਨੂੰ ਮੋੜਾ ਪਾਉਣ ਵਿਚ ਆਪਣਾ ਯੋਗਦਾਨ ਪਾਇਆ, ਉਨ੍ਹਾਂ ਦੇ ਮਨ ਵਿਚ ਜ਼ਰੂਰ ਹੀ ਅੱਠਵੇਂ ਦਹਾਕੇ ਦੇ ਉਸ ਸਮੇਂ ਯਾਦਾਂ ਹੋਣਗੀਆਂ ਜਦੋਂ ਸਿੱਖ ਅੰਦੋਲਨ ਅਜਿਹੇ ਰਾਹ ਪੈ ਗਿਆ ਸੀ ਜਿਸ ’ਤੇ ਰਵਾਇਤੀ ਧਾਰਮਿਕ ਅਤੇ ਸਿੱਖ ਲੀਡਰਸ਼ਿਪ ਦਾ ਕੋਈ ਕੰਟਰੋਲ ਨਹੀਂ ਸੀ ਰਿਹਾ। ਧਾਰਮਿਕ ਲੀਡਰਸ਼ਿਪ ਵੱਲੋਂ ਆਤਮ-ਚਿੰਤਨ ਕਰਨ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮੁਹਿੰਮ ਚਲਾਉਣ ਦੇ ਫ਼ੈਸਲੇ ’ਤੇ ਤਾਂ ਕੋਈ ਕਿੰਤੂ-ਪ੍ਰੰਤੂ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਗੁਰੂਡੰਮ੍ਹ ਅਤੇ ਡੇਰਾਵਾਦ ਦੇ ਖਿਲਾਫ਼ ਮੁਹਿੰਮ ਲਈ ਜੇਕਰ ਕੋਈ ਵੀ ਸੱਚਮੁੱਚ ਗੰਭੀਰ ਹੈ ਤਾਂ ਉਸ ਨੂੰ ਇਹੀ ਲੋਕਤੰਤਰੀ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਇਸ ਸਾਰੇ ਵਿਵਾਦ ਵਿਚ ਸਰਬਧਰਮ ਕਮੇਟੀ ਅਤੇ ਖ਼ਾਸ ਕਰਕੇ ਆਰੀਆ ਸਮਾਜੀ ਨੇਤਾ ਸਵਾਮੀ ਅਗਨੀਵੇਸ਼ ਨੇ ਦਿਆਨਤਦਾਰੀ ਨਾਲ ਉਲਝੇ ਮਸਲੇ ਨੂੰ ਸੁਲਝਾਉਣ ਲਈ ਜੋ ਯਤਨ ਕੀਤੇ, ਉਹ ਬਾਕੀ ਧਾਰਮਿਕ ਨੇਤਾਵਾਂ ਲਈ ਰਾਹ-ਦਰਸਾਵਾ ਹਨ।
ਅੱਗੋਂ ਕੀ ਹੋੲੇਗਾ?
ਬੇਸ਼ੱਕ ਸਿੱਖਾਂ ਦੇ ਧਾਰਮਿਕ ਮੁਖੀਆਂ ਦੀ ਠਰ੍ਹੰਮੇ ਭਰੀ ਪਹੁੰਚ ਨਾਲ ਇਕ ਵਾਰ ਡੇਰਾ ਸੱਚਾ ਸੌਦਾ ਦੇ ਮੁੱਦੇ ’ਤੇ ਸਿੱਧੇ ਟਕਰਾਅ ਤੇ ਹਿੰਸਾ ਦਾ ਖ਼ਤਰਾ ਟਲ ਗਿਆ ਹੈ ਅਤੇ ਪਹਿਲਾਂ ਨਾਲੋਂ ਤਣਾਅ ਵੀ ਘੱਟ ਹੋਇਆ ਹੈ ਪ੍ਰੰਤੂ ਇਹ ਸਮਝ ਲੈਣਾ ਖ਼ੁਸ਼ਫ਼ਹਿਮੀ ਹੋਵੇਗੀ ਕਿ ਇਹ ਮੁੱਦਾ ਖ਼ਤਮ ਹੋ ਗਿਆ ਹੈ ਜਾਂ ਹਮੇਸ਼ਾ ਠੰਢ ਵਰਤੀ ਰਹੇਗੀ। ਡੇਰਾ ਮੁਖੀ ਵੱਲੋਂ ਦਸਵੇਂ ਗੁਰੂ ਦੀ ਬੇਅਦਬੀ ਸਬੰਧੀ ਛਿੜੇ ਵਿਵਾਦ ਬਾਰੇ ਮੰਗੀ ਮੁਆਫ਼ੀ ਵਿਚ ਵਿੰਗ-ਟੇਢ ਪਾਉਣ ਅਤੇ ਚਲਾਕੀ ਖੇਡਣ ਦਾ ਪ੍ਰਭਾਵ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦੇ ਦਿੱਤੇ ਗੲੇ ਸੱਦੇ ਕਾਰਨ ਸਿੱਖ ਭਾਈਚਾਰੇ ਦੇ ਮਨਾਂ ਵਿਚ ਡੇਰਾ ਮੁਖੀ ਬਾਰੇ ਵਿਰੋਧੀ ਭਾਵਨਾਵਾਂ ਬਰਕਰਾਰ ਰਹਿਣ ਦੇ ਸਿੱਟੇ ਵਜੋਂ ਦੋਵਾਂ ਧਿਰਾਂ ਅੰਦਰ ਵਿਰੋਧ ਦੀ ਧੂਣੀ ਧੁਖਦੀ ਰਹੇਗੀ। ਧਾਰਮਿਕ ਅਤੇ ਸਿਆਸੀ ਹਲਕਿਆਂ ਦਾ ਇਹ ਮੰਨਣਾ ਹੈ ਕਿ ਡੇਰਾ ਮੁਖੀ ਲਈ ਘੱਟੋ-ਘੱਟ ਤਿੰਨ ਮੌਕੇ ਅਜਿਹੇ ਆੲੇ ਸਨ ਜਦੋਂ ਉਹ ਸਪੱਸ਼ਟ ਅਤੇ ਸਿੱਧੀ ਮੁਆਫ਼ੀ ਸਿੱਖ ਸੰਗਤ ਤੋਂ ਮੰਗ ਕੇ ਵਡੱਤਣ ਦਿਖਾ ਸਕਦੇ ਸਨ ਪਰ ਉਹ ਅਜਿਹਾ ਨਹੀਂ ਕਰ ਸਕੇ। ਇਸ ਦੇ ਕਾਰਨ ਭਾਵੇਂ ਕੋਈ ਵੀ ਹੋਣ ਪਰ ਇਸ ਸਥਿਤੀ ਦੇ ਲਮਕਣ ਨਾਲ ਉਨ੍ਹਾਂ ਦਾ ਹੀ ਵਧੇਰੇ ਨੁਕਸਾਨ ਹੋਣ ਦੇ ਆਸਾਰ ਹਨ। ਪਹਿਲੀ ਗੱਲ ਇਹ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਦਰਜ ਕੀਤੇ ਕੇਸ ਦੀ ਤਲਵਾਰ ਵੀ ਲਟਕਦੀ ਰਹੇਗੀ। ਦੂਜਾ ਸਿੱਖ ਭਾਈਚਾਰੇ ਵੱਲੋਂ ਡੇਰਾ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਅਤੇ ਤੀਜਾ ਪ੍ਰੇਮੀਆਂ ਨੂੰ ਵਾਪਸ ਸਿੱਖ ਧਰਮ ਵਿਚ ਲਿਆਉਣ ਦੀ ਮੁਹਿੰਮ ਡੇਰਾ ਮੁਖੀ ਲਈ ਘਾਟੇ ਵਾਲੀ ਹਾਲਤ ਪੈਦਾ ਕਰਦੀ ਰਹੇਗੀ। ਖ਼ਾਸ ਕਰਕੇ ਪੰਜਾਬ ਵਿਚ ਇਸ ਡੇਰੇ ਦੇ ਪੈਰੋਕਾਰਾਂ ਦੀਆਂ ਸਰਗਰਮੀਆਂ ਦਾ ਸੀਮਿਤ ਹੋਣਾ ਸੁਭਾਵਿਕ ਹੈ। ਧਾਰਮਿਕ ਪ੍ਰਚਾਰ ਮੁਹਿੰਮ ਦੌਰਾਨ ਇਹ ਗੱਲ ਯਕੀਨੀ ਬਣਾਈ ਜਾਣੀ ਜ਼ਰੂਰੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਜ਼ਬਰਦਸਤੀ ਜਾਂ ਦਬਾਅ ਹੇਠ ਆਪਣਾ ਮਤ ਛੱਡਣ ਜਾਂ ਬਦਲਣ ਲਈ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਹਰੇਕ ਨਾਗਰਿਕ ਨੂੰ ਕਿਸੇ ਵੀ ਧਰਮ ਜਾਂ ਮਤ ਨੂੰ ਮੰਨਣ ਜਾਂ ਅਪਣਾਉਣ ਦਾ ਬੁਨਿਆਦੀ ਹੱਕ ਹੋਣਾ ਚਾਹੀਦਾ ਹੈ। ਸਿੱਖ ਧਰਮ ਵੀ ਇਸੇ ਧਾਰਨਾ ਦਾ ਮੁਦਈ ਹੈ। ਜਿਥੋਂ ਤੱਕ ਬਾਦਲ ਸਰਕਾਰ ਅਤੇ ਅਮਨ-ਕਾਨੂੰਨ ਦੀ ਸਥਿਤੀ ਦਾ ਸਵਾਲ ਹੈ, ਇਸ ਪੱਖੋਂ ਅਵੇਸਲਾਪਨ ਖ਼ਤਰਨਾਕ ਹੋਵੇਗਾ। ਹਰ ਵੇਲੇ ਚੌਕਸੀ ਰੱਖਣੀ ਪਵੇਗੀ ਕਿਉਂਕਿ ਕਿਸੇ ਵੇਲੇ ਵੀ ਦੋਵਾਂ ਧਿਰਾਂ ਵਿਚਕਾਰ ਮੁੜ ਤਣਾਅ ਅਤੇ ਟਕਰਾਅ ਹੋ ਸਕਦਾ ਹੈ ਜਾਂ ਕੋਈ ਜਜ਼ਬਾਤੀ, ਸ਼ਰਾਰਤੀ ਜਾਂ ਬਾਦਲ ਵਿਰੋਧੀ ਧੜਾ ਜਾਂ ਵਿਅਕਤੀ ਪੈਦਾ ਹੋਈ ਧਮਾਕਾਖੇਜ਼ ਸਥਿਤੀ ਦਾ ਲਾਹਾ ਲੈਣ ਲਈ ਕਿਸੇ ਡੇਰੇ ਜਾਂ ਡੇਰਾ ਪ੍ਰੇਮੀਆਂ ਨੂੰ ਹਮਲੇ ਦਾ ਸ਼ਿਕਾਰ ਬਣਾ ਸਕਦਾ ਹੈ। ਸਿੱਟੇ ਵਜੋਂ ਕਿਸੇ ਵੀ ਥਾਂ ’ਤੇ ਭੜਕਾਹਟ ਪੈਦਾ ਹੋ ਸਕਦੀ ਹੈ। ਇਸ ਦਾ ਸਿਆਸੀ ਕਾਰਨ ਵੀ ਮੌਜੂਦ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮਾਲਵੇ ਵਿਚਲੇ ਨੇਤਾਵਾਂ ਅਤੇ ਵਰਕਰਾਂ ਅੰਦਰ ਸੱਚਾ ਸੌਦਾ ਪ੍ਰੇਮੀਆਂ ਵੱਲੋਂ ਕਾਂਗਰਸ ਨੂੰ ਜਿਤਾਉਣ ਲਈ ਵੋਟਾਂ ਪਾਉਣ ਦੀ ਯਾਦ ਅਜੇ ਤਾਜ਼ਾ ਹੈ। ਭਾਵੇਂ ਬਾਦਲ ਸਰਕਾਰ ਨੇ ਸ਼ੁਰੂ ਵਿਚ ਕੁਝ ਢਿੱਲਮੱਠ ਦਿਖਾਈ ਸੀ ਪਰ ਬਾਅਦ ਵਿਚ ਸਾਰੀ ਸਿਆਸੀ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਹਰਕਤ ਵਿਚ ਲਿਆ ਕੇ ਪੰਜਾਬ ਦੀ ਭੜਕੀ ਹੋਈ ਸਥਿਤੀ ਨੂੰ ਦ੍ਰਿੜ੍ਹ ਇਰਾਦੇ ਪਰ ਲਚਕਦਾਰ ਪਹੁੰਚ ਨਾਲ ਸਰਕਾਰ ਸੁਖਾਵਾਂ ਮੋੜ ਦੇਣ ਵਿਚ ਸਫ਼ਲ ਰਹੀ ਹੈ ਪ੍ਰੰਤੂ ਅਜੇ ਵੀ ਸਰਕਾਰ ਵਾਸਤੇ ਇਹ ਚੁਣੌਤੀ ਖੜ੍ਹੀ ਹੈ ਕਿ ਕਿਸੇ ਵੇਲੇ ਵੀ ਕਿਤੇ ਵੀ ਧੁਖਦੀ ਧੂਣੀ ਚੰਗਿਆੜੀ ਬਣ ਸਕਦੀ ਹੈ।

ਬਲਜੀਤ ਬੱਲੀ
(ਰੋਜ਼ਾਨਾ ਅਜੀਤ ਜਲੰਧਰ)

No comments: