29 May, 2007

ਡੇਰੇ ਦਾ ਮੁਆਫ਼ੀਨਾਮਾ ਸਿੱਖ ਜਗਤ ਮੰਨ ਲਵੇ–ਸੁਆਮੀ ਅਗਨੀਵੇਸ਼

ਸਰਵ ਧਰਮ ਪ੍ਰਤੀਨਿਧੀ ਮੰਡਲ ਦੇ ਆਗੂ ਸੁਆਮੀ ਅਗਨੀਵੇਸ਼ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਤੇ ਦੇਸ਼ ਦੇ ਹਿੱਤਾਂ ਤੇ ਅਮਨ–ਸ਼ਾਂਤੀ ਕਾਇਮ ਰੱਖਣ ਲਈ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਗੀ ਗਈ ਮੁਆਫੀ ਨੂੰ ਮਨਜ਼ੂਰ ਕਰ ਲਵੇ। ਸਿੰਘ ਸਾਹਿਬਾਨ ਨੂੰ ਗੰਭੀਰਤਾ ਨਾਲ ਵਿਚਾਰ–ਵਟਾਂਦਰਾ ਕਰਕੇ ਖੁੱਲ੍ਹ–ਦਿਲੀ ਵਿਖਾਉਣੀ ਚਾਹੀਦੀ ਹੈ। ‘ਅਜੀਤ’ ਦੇ ਇਸ ਪੱਤਰਕਾਰ ਨਾਲ ਟੈਲੀਫੋਨ ’ਤੇ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮੈਂ ਤੇ ਮੇਰੇ ਸਾਥੀ ਜੋ ਪਿਛਲੇ ਕਈ ਦਿਨਾਂ ਤੋਂ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਉਕਤ ਡੇਰੇ ਦੇ ਮੁਖੀ ਨਾਲ ਸਿਰਸਾ ਵਿਚ ਮੁਲਾਕਾਤਾਂ ਕਰਦੇ ਰਹੇ ਹਾਂ, ਕੱਲ੍ਹ ਅੰਮ੍ਰਿਤਸਰ ਪੁੱਜ ਰਹੇ ਹਨ ਜਿਥੇ 29 ਮਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਦੂਜੇ ਸਿੰਘ ਸਾਹਿਬਾਨ ਨੂੰ ਮਿਲਾਂਗੇ। ਇਕ ਸਵਾਲ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਕੱਲ੍ਹ ਸਿਰਸਾ ਤੋਂ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰੇ ਵਾਲਿਆਂ ਨੇ ਆਪਣੇ ਲੈਟਰਪੈਡ ’ਤੇ ਬਿਨਾਂ ਦਸਤਖਤਾਂ ਵਾਲਾ ਜੋ ਪ੍ਰੈੱਸ ਨੋਟ ਜਾਰੀ ਕੀਤਾ ਹੈ, ਉਸ ਨੂੰ ਹੀ ਮੁਆਫੀਨਾਮਾ ਸਮਝ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਕਰਨ ’ਤੇ ਡੇਰੇ ਤੋਂ ਦੱਸਿਆ ਗਿਆ ਕਿ ਜੋ ਵੀ ਡੇਰੇ ਵੱਲੋਂ ਪ੍ਰੈੱਸ ਨੋਟ ਜਾਰੀ ਕੀਤੇ ਜਾਂਦੇ ਹਨ, ਉਨ੍ਹਾਂ ’ਤੇ ਕਿਸੇ ਦੇ ਦਸਤਖਤ ਨਹੀਂ ਹੁੰਦੇ। ਸੁਆਮੀ ਅਗਨੀਵੇਸ਼ ਦਾ ਕਹਿਣਾ ਸੀ ਕਿ ਸਿੱਖ ਜਗਤ ਤੇ ਸਿੰਘ ਸਾਹਿਬਾਨ ਨੂੰ ਦੇਸ਼, ਸਿੱਖ ਤੇ ਪੰਜਾਬ ਦੇ ਵਿਸ਼ਾਲ ਹਿੱਤਾਂ ਨੂੰ ਸਾਹਮਣੇ ਰੱਖ ਕੇ ਡੇਰੇ ਵੱਲੋਂ ਮੰਗੀ ਗਈ ਮੁਆਫੀ ਦੀਆਂ ਛੋਟੀਆਂ–ਮੋਟੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰ ਦੇਵੇ। ਚਾਹੀਦਾ ਹੈ ਕਿ ਇਸੇ ਵਿਚ ਹੀ ਸਾਡੇ ਸਾਰਿਆਂ ਦਾ ਭਲਾ ਹੈ। ਸੁਆਮੀ ਅਗਨੀਵੇਸ਼ ਨੇ ਵਿਚਾਰ ਪ੍ਰਗਟ ਕੀਤਾ ਕਿ ਭਾਵੇਂ ਡੇਰੇ ਵਾਲਿਆਂ ਨੇ ਮੁਆਫੀ ਮੰਗਣ ਵਿਚ ਦੇਰ ਕਰ ਦਿੱਤੀ ਹੈ ਪਰ ਫਿਰ ਵੀ ਹਾਲਾਤ ਨੂੰ ਸੁਧਾਰਨ ਲਈ ਇਹ ਇਕ ਸਾਰਥਿਕ ਕਦਮ ਹੈ। ਭਾਵੇਂ ਡੇਰੇ ਦਾ ਮੁਖੀ ਕਈ ਦਿਨ ਤੱਕ ਅੜੀਅਲ ਵਤੀਰਾ ਅਪਣਾਉਂਦਾ ਰਿਹਾ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਗਾਰੰਟੀ ਪੂਰੀ ਤਰ੍ਹਾਂ ਨਿਭਾਈ ਹੈ
(ਰੋਜ਼ਾਨਾ ਅਜੀਤ ਜਲੰਧਰ)

No comments: