"ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ"
ਡੇਰਾ ਸਿਰਸਾ ਦੇ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚੇ ਸਵਾਂਗ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ ਵੀ ੳੁਨ੍ਹਾਂ ਦੀ ਇਸ ਕਾਰਵਾਈ ਦੀ ਨਿੰਦਾ ਲਈ ਸਹਿਮਤ ਹੋ ਗਈਆਂ ਹਨ। ਪੰਜਾਬ ਕਾਂਗਰਸ ਸਮੇਤ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਅੱਜ ਅਕਾਲੀ ਦਲ ਨਾਲ ਮਿਲ ਕੇ ਡੇਰਾ ਮੁਖੀ ਦੀ ਇਸ ਕਾਰਵਾਈ ਨੂੰ ਲੋਕਾਂ ਦੇ ਮਨਾਂ ਨੂੰ ਠੇਸ ਪਹੰੁਚਾੳੁਣ ਵਾਲੀ ਤੇ ਭੜਕਾਊ ਕਰਾਰ ਦੇ ਕੇ ਇਸ ਦੀ ਨਿਖੇਧੀ ਕੀਤੀ। ਅੱਜ ਇੱਥੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ’ਚ ਜਿੱਥੇ ਡੇਰਾ ਮੁਖੀ ਦੀ ਕਾਰਵਾਈ ਨੂੰ ਭੰਡਿਆ ਗਿਆ, ੳੁੱਥੇ ਰਾਜ ’ਚ ਵੱਖ-ਵੱਖ ਧਿਰਾਂ ਵੱਲੋਂ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ਦੀ ਵੀ ਨਿਖੇਧੀ ਕੀਤੀ ਗਈ। ਲਗਭਗ ਪੌਣੇ ਤਿੰਨ ਘੰਟੇ ਚੱਲੀ ਇਸ ਮੀਟਿੰਗ ’ਚ ਸਰਬ ਸੰਮਤੀ ਨਾਲ ਇਹ ਐਲਾਨ ਕੀਤਾ ਗਿਆ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਅਮਨ, ਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਲਈ ਕੰਮ ਕਰਨਗੀਆਂ। ਇਨ੍ਹਾਂ ਸਾਰੀਆਂ ਪਾਰਟੀਆਂ ਨੇ ਪੰਜਾਬ ’ਚ ਅਮਨ, ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਸਰਕਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਮੀਟਿੰਗ ’ਚ ਲਗਭਗ ਸਾਰੇ ਬੁਲਾਰਿਆਂ ਵਿਚਕਾਰ ਇਸ ਗੱਲ ’ਤੇ ਸਹਿਮਤੀ ਸੀ ਕਿ ਇਸ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਚੋਣਾਂ ’ਚ ਡੇਰਾ ਪ੍ਰੇਮੀਆਂ ਵੱਲੋਂ ਪਾਈਆਂ ਵੋਟਾਂ ਤੇ ਸਿਆਸੀ ਮਸਲੇ ਨਾਲ ਨਾ ਜੋੜਿਆ ਜਾਵੇ। ਇਸ ਗੱਲ ’ਤੇ ਵੀ ਸਾਰੇ ਇਕ ਮੱਤ ਸਨ ਕਿ ਆਪਣੀ-ਆਪਣੀ ਰਾਜਨੀਤੀ ਨੂੰ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕਰਨ ਤੇ ਅਮਨ ਬਹਾਲ ਕਰਨ ਲਈ ਯਤਨ ਕੀਤੇ ਜਾਣਗੇ। ਮੀਟਿੰਗ ’ਚ ਪਾਸ ਕੀਤੇ ਇਕ ਮਤੇ ਰਾਹੀਂ ਰਾਜ ਵਿਚਲੇ ਸਾਰੇ ਧਰਮਾਂ, ਸੰਗਠਨਾਂ, ਰਾਜਨੀਤਕ ਪਾਰਟੀਆਂ ਤੇ ਹੋਰ ਸੰਸਥਾਵਾਂ ਨਾਲ ਸੰਬੰਧਿਤ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ੳੁਹ ਰਵਾਇਤੀ ਪੰਜਾਬੀ ਭਾਈਚਾਰੇ, ਪਿਆਰ-ਮੁਹੱਬਤ ਤੇ ਸੂਝ-ਬੂਝ ਦਾ ਸਬੂਤ ਦੇਣ। ਵੱਖ-ਵੱਖ ਪਾਰਟੀਆਂ ਦੇ 22 ਪ੍ਰਤੀਨਿਧਾਂ ਦੀ ਬਾਦਲ ਸਰਕਾਰ ਦੇ ਬਣਨ ਤੋਂ ਬਾਅਦ ਹੋਈ ਇਸ ਪਹਿਲੀ ਸਰਬ ਪਾਰਟੀ ਮੀਟਿੰਗ ’ਚ ਇਹ ਕਿਹਾ ਗਿਆ ਕਿ ‘ਪੰਜਾਬ, ਦੇਸ਼ ਤੇ ਦੁਨੀਆ ਭਰ ’ਚ ਸਿੱਖ ਸੰਗਤਾਂ ਤੇ ਸਹੀ ਸੋਚ ਵਾਲੇ ਹਰ ਵਿਅਕਤੀ ਦੇ ਮਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਗਹਿਰੀ ਠੇਸ ਦੀ ਸ਼ਿੱਦਤ ਨੂੰ ਪੂਰੀ ਤਰ੍ਹਾਂ ਮਹਿਸੂਸ ਕੀਤਾ ਗਿਆ ਹੈ ਤੇ ਅਜਿਹੀਆਂ ਭੜਕਾਊ ਕਾਰਵਾਈਆਂ ਦੀ ਭਰਪੂਰ ਨਿਖੇਧੀ ਕੀਤੀ ਜਾਂਦੀ ਹੈ। ਮਤੇ ਵਿਚ ਅੱਗੇ ਕਿਹਾ ਗਿਆ ਕਿ ਇਸ ਨਾਜ਼ੁਕ ਮਸਲੇ ’ਤੇ ਭੜਕਾਹਟ ਦੇ ਬਾਵਜੂਦ ਸਮੂਹ ਪੰਜਾਬੀਆਂ ਨੇ ਅਮਨ ਤੇ ਫ਼ਿਰਕੂ ਭਾਈਚਾਰਕ ੲੇਕਤਾ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਹੈ। ਰਾਜ ਵਿਚ ਸਕੂਲਾਂ, ਕਾਲਜਾਂ ਤੇ ਹੋਰ ਅਦਾਰਿਆਂ ਸਮੇਤ ਆਵਾਜਾਈ ਦਾ ਆਮ ਦਿਨਾਂ ਵਾਂਗ ਚਲਦੇ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ੳੁਕਸਾਹਟ ਦੇ ਬਾਵਜੂਦ ਰਾਜ ’ਚ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਬਰਕਰਾਰ ਹੈ। ਇਸ ਮੀਟਿੰਗ ਤੋਂ ਬਾਹਰ ਆ ਕੇ ਮੁੱਖ ਮੰਤਰੀ ਸ: ਬਾਦਲ ਨੇ ਇਸ ਮੀਟਿੰਗ ਦੇ ਨਤੀਜੇ ’ਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਪਾਰਟੀ ਲੀਹਾਂ ਤੋਂ ੳੁੱਪਰ ੳੁੱਠ ਕੇ ਪੰਜਾਬ ’ਚ ਅਮਨ ਤੇ ਭਾਈਚਾਰੇ ਲਈ ਸਾਂਝੇ ਤੌਰ ’ਤੇ ੳੁੱਦਮ ਕਰਨ ਦਾ ਫ਼ੈਸਲਾ ਕੀਤਾ ਹੈ। ਲਗਭਗ ਅਜਿਹੇ ਹੀ ਪ੍ਰਤੀਕਰਮ ਮੀਟਿੰਗ ਤੋਂ ਬਾਹਰ ਆ ਕੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ, ਸੀ. ਪੀ. ਆਈ. ਨੇਤਾ ਡਾ: ਜੋਗਿੰਦਰ ਦਿਆਲ ਤੇ ਮਾਰਕਸੀ ਨੇਤਾ ਪ੍ਰੋ: ਬਲਵੰਤ ਸਿੰਘ ਨੇ ਪ੍ਰਗਟ ਕੀਤੇ। ‘ਅਜੀਤ’ ਦੀ ਜਾਣਕਾਰੀ ਅਨੁਸਾਰ ਮੀਟਿੰਗ ’ਚ ਸ: ਬਾਦਲ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਵੱਲੋਂ ਤਿਆਰ ਕਰਕੇ ਪੜ੍ਹੇ ਗੲੇ ਮਤੇ ਵਿਚਲੀ ਕੁਝ ਸ਼ਬਦਾਵਲੀ ’ਤੇ ਕਾਫ਼ੀ ਸਮਾਂ ਬਹਿਸ-ਵਿਚਾਰ ਹੋਈ। ਪਤਾ ਲੱਗਾ ਹੈ ਕਿ ਡੇਰਾ ਮੁਖੀ ਦੀ ਵਿਵਾਦਪੂਰਨ ਕਾਰਵਾਈ ਦੀ ਨਿੰਦਾ ਕਰਨ ਵਾਲੀ ਸ਼ਬਦਾਵਲੀ ਤੋਂ ਕਾਂਗਰਸੀ ਨੇਤਾ ਗੁਰੇਜ਼ ਕਰ ਰਹੇ ਸਨ ਪ੍ਰੰਤੂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਜ਼ੋਰ ਦੇਣ ’ਤੇ ੳੁਹ ਵੀ ਇਸ ਲਈ ਸਹਿਮਤ ਹੋ ਗੲੇ। ਇਹ ਵੀ ਪਤਾ ਲੱਗਾ ਹੈ ਕਿ ਮਤੇ ਵਿਚ ਡੇਰਾ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਂਗ ਆਪਣੇ-ਆਪ ਨੂੰ ਪੇਸ਼ ਕਰਨ ਲਈ ਸ਼ਬਦ ‘ਸਵਾਂਗ’ ’ਤੇ ਕਾਫ਼ੀ ਤਿੱਖ਼ਾ ਵਿਵਾਦ ਹੋਇਆ। ਲਗਭਗ ਅੱਧਾ ਘੰਟਾ ਬਹਿਸਬਾਜ਼ੀ ਤੋਂ ਬਾਅਦ ਇਸ ਸ਼ਬਦ ਨੂੰ ਬਦਲ ਕੇ ਇਸ ਦੀ ਥਾਂ ‘ਨਕਲ’ ਸ਼ਬਦ ਮਤੇ ’ਚ ਪਾ ਦਿੱਤਾ ਗਿਆ।
ਇਸ ਮੀਟਿੰਗ ’ਚ ਸ਼ਾਮਿਲ ਹੋੲੇ ਨੇਤਾਵਾਂ ’ਚ ਸ: ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ, ਕੈਪਟਨ ਕੰਵਲਜੀਤ ਸਿੰਘ, ਜਥੇਦਾਰ ਤੋਤਾ ਸਿੰਘ, ਸ: ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਸਨ। ਕਾਂਗਰਸ ਪਾਰਟੀ ਵੱਲੋਂ ਸ: ਸ਼ਮਸ਼ੇਰ ਸਿੰਘ ਦੂਲੋ, ਬੀਬੀ ਭੱਠਲ, ਸ੍ਰੀ ਅਵਤਾਰ ਸਿੰਘ ਬਰਾੜ ਤੇ ਸ੍ਰੀ ਗੁਰਵਿੰਦਰ ਸਿੰਘ ਅਟਵਾਲ, ਭਾਜਪਾ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਪ੍ਰੋ: ਰਜਿੰਦਰ ਭੰਡਾਰੀ, ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਤੇ ਬਲਰਾਮਜੀ ਦਾਸ ਟੰਡਨ, ਸੀ. ਪੀ. ਆਈ. ਵੱਲੋਂ ਡਾ: ਦਿਆਲ ਤੋਂ ਇਲਾਵਾ ਕਾਮਰੇਡ ਜਗਰੂਪ ਸਿੰਘ, ਬੰਤ ਸਿੰਘ ਬਰਾੜ ਤੇ ਭੁਪਿੰਦਰ ਸਿੰਘ ਸਾਂਬਰ, ਮਾਰਕਸੀ ਪਾਰਟੀ ਵੱਲੋਂ ਪ੍ਰੋ: ਬਲਵੰਤ ਸਿੰਘ ਤੇ ਚਰਨ ਸਿੰਘ ਵਿਰਦੀ, ਬਸਪਾ ਵੱਲੋਂ ਅਵਤਾਰ ਸਿੰਘ ਕਰੀਮਪੁਰੀ, ਐਮ. ਸੀ. ਪੀ. ਆਈ. ਵੱਲੋਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਤੇ ਕਾਮਰੇਡ ਭੰਗੂ ਵੀ ਮੀਟਿੰਗ ਵਿਚ ਸ਼ਾਮਿਲ ਸਨ। ਇਸ ਮੀਟਿੰਗ ਵਿਚ ਸ: ਰਵੀਇੰਦਰ ਸਿੰਘ ਦੀ ਅਗਵਾਈ ਹੇਠਲੇ ਟਕਸਾਲੀ ਅਕਾਲੀ ਦਲ ਤੇ ਅਕਾਲੀ ਦਲ (ਅ) ਦਾ ਕੋਈ ਵੀ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ। ਲੋਕ ਭਲਾਈ ਪਾਰਟੀ ਦੇ ਮੁਖੀ ਸ: ਬਲਵੰਤ ਸਿੰਘ ਰਾਮੂਵਾਲੀਆ ਦਾ ਕਹਿਣਾ ਸੀ ਕਿ ੳੁਨ੍ਹਾਂ ਨੂੰ ਇਸ ਮੀਟਿੰਗ ਦਾ ਸੱਦਾ ਨਹੀਂ ਮਿਲਿਆ, ਨਹੀਂ ਤਾਂ ੳੁਹ ਜ਼ਰੂਰ ਸ਼ਾਮਲ ਹੁੰਦੇ। ੳੁਨ੍ਹਾਂ ਇਸ ਗੱਲ ’ਤੇ ਰੋਸ ਜ਼ਾਹਰ ਕੀਤਾ ਕਿ ੳੁਨ੍ਹਾਂ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਗਿਆ।
ਹਾਲਾਂਕਿ ੳੁਹ ਲੋਕਾਂ ਦੇ ਮਸਲਿਆਂ ਲਈ 70 ਮੁਲਕਾਂ ’ਚ ਜੱਦੋ-ਜਹਿਦ ਕਰ ਰਹੇ ਹਨ। ਮੀਟਿੰਗ ਤੋਂ ਪਹਿਲਾਂ ਪੰਜਾਬ ਭਾਜਪਾ ਵੱਲੋਂ ਵੰਡੇ ਗੲੇ ਇਕ ਪ੍ਰੈੱਸ ਨੋਟ ਵਿਚ ਰਾਜ ਦੇ ਵੱਖ-ਵੱਖ ਹਿੱਸਿਆਂ ’ਚ ਨੰਗੀਆਂ ਤਲਵਾਰਾਂ ਲੈ ਕੇ ਵਿਖਾਵੇ ਕਰਨ ਦੀ ਨਿੰਦਾ ਕੀਤੀ ਗਈ ਸੀ ਤੇ ਸਰਕਾਰ ਵੱਲੋਂ ਸਥਿਤੀ ਨਾਲ ਨਿਪਟਣ ਲਈ ਅਪਣਾੲੇ ਗੲੇ ਤਰੀਕਿਆਂ ਬਾਰੇ ਵੀ ਕਿਹਾ ਗਿਆ ਸੀ ਇਹ ਸੰਤੁਸ਼ਟੀਜਨਕ ਨਹੀਂ ਸਨ। ਇਹ ਵੀ ਕਿਹਾ ਗਿਆ ਕਿ ਜੇਕਰ ਸਮੇਂ ਸਿਰ ਸਖ਼ਤ ਕਦਮ ਚੁੱਕੇ ਜਾਂਦੇ ਤਾਂ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।
(ਧੰਨਵਾਦ ਸਹਿਤ ਅਜੀਤ ਜਲੰਧਰ)
Subscribe to:
Post Comments (Atom)
No comments:
Post a Comment