‘ਪੰਜਾਬੀ ਪਿਛਲੇ ਵਾਪਰੇ ਤੋਂ ਸਬਕ ਸਿੱਖਣ ਵਿਚ ਨਹੀਂ ਸਗੋਂ ਸਬਕ ਸਿਖਾਉਣ ਵਿਚ ਜ਼ਿਆਦਾ ਯਕੀਨ ਰੱਖਦੇ ਹਨ।’ ਇਹ ਟਿੱਪਣੀ ਪੰਜਾਬ ਦੇ ਇਕ ਨਾਮਵਰ ਚਿੰਤਕ ਦੀ ਹੈ। ਪਿਛਲੇ ਦਿਨਾਂ ਵਿਚ ਡੇਰਾ ਸਿਰਸਾ ਵਿਵਾਦ ਤੋਂ ਪੈਦਾ ਹੋਈ ਸਥਿਤੀ ਅਤੇ ਵੱਖ-ਵੱਖ ਧਿਰਾਂ ਦੇ ਸਾਹਮਣੇ ਆੲੇ ਪ੍ਰਤੀਕਰਮ ਨੂੰ ਦੇਖਦਿਆਂ ਇਕ ਵਾਰ ਇਹ ਧਾਰਨਾ ਸਹੀ ਸਾਬਤ ਹੁੰਦੀ ਲਗਦੀ ਸੀ ਪਰ 22 ਮਈ ਦੇ ਪੰਜਾਬ ਬੰਦ ਦੌਰਾਨ ਜਿਸ ਤਰ੍ਹਾਂ ਬਹੁਗਿਣਤੀ ਸਿਆਸੀ, ਧਾਰਮਿਕ ਅਤੇ ਸਮਾਜਿਕ ਧਿਰਾਂ ਨੇ ਸੰਜਮ ਅਤੇ ਜ਼ਿੰਮੇਵਾਰੀ ਦਾ ਇਜ਼ਹਾਰ ਕੀਤਾ, ਇਸ ਤੋਂ ਇਹ ਆਸ ਬੱਝਣ ਲੱਗੀ ਹੈ ਕਿ ਪੰਜਾਬ ਦੇ ਲੋਕ 15 ਵਰ੍ਹੇ ਪਹਿਲਾਂ ਵਾਲੇ ਸੰਤਾਪ ਦੇ ਦਿਨਾਂ ਨੂੰ ਮੁੜ ਦੇਖਣਾ ਨਹੀਂ ਚਾਹੁੰਦੇ। ਬੇਹੱਦ ਭੜਕੇ ਹੋੲੇ ਧਾਰਮਿਕ ਜਜ਼ਬਾਤਾਂ ਅਤੇ ਧਮਾਕਾਖੇਜ਼ ਸਥਿਤੀ ਦੇ ਬਾਵਜੂਦ ਅਜੇ ਤਕ ਬਚਾਅ ਇਸ ਗੱਲ ਵਿਚ ਰਿਹਾ ਹੈ ਕਿ ਅਜਿਹੀ ਹਿੰਸਾ ਜਾਂ ਟਕਰਾਅ ਵੱਡੇ ਪੱਧਰ ’ਤੇ ਨਹੀਂ ਹੋਇਆ, ਜਿਸ ਨਾਲ ਸਥਿਤੀ ਨੂੰ ਮੋੜਾ ਪਾਉਣਾ ਅਸੰਭਵ ਹੋ ਸਕੇ। ਸ਼ਾਇਦ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵੇਲੇ ਜੋ ਕੁਝ ਪੰਜਾਬ ਜਾਂ ਸਿੱਖ ਜਗਤ ਨਾਲ ਸਬੰਧਤ ਵਾਪਰ ਰਿਹਾ ਹੈ, ਉਸ ਮੌਕੇ ਅਜਿਹੇ ਨੇਤਾ, ਅਜਿਹੀਆਂ ਜਥੇਬੰਦੀਆਂ ਅਤੇ ਮੀਡੀਆ ਅਤੇ ਹੋਰ ਅਦਾਰਿਆਂ ਤੇ ਸੰਸਥਾਵਾਂ ਵਿਚ ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਨੇ ਪੰਜਾਬ ਦਾ ਸੰਤਾਪ ਖੁਦ ਹੰਢਾਇਆ ਹੈ ਅਤੇ ਉਹ ਹੁਣ ਦੁਬਾਰਾ ਉਨ੍ਹਾਂ ਕਾਲੇ ਦਿਨਾਂ ਦੀ ਆਮਦ ਨੂੰ ਰੋਕਣ ਲਈ ਆਪਣੀ-ਆਪਣੀ ਸਮਰੱਥਾ ਮੁਤਾਬਕ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਹ ਗੱਲ ਹੈ ਵੀ ਠੀਕ ਕਿਉਂਕਿ ਇਸ ਨਾਜ਼ੁਕ ਤੇ ਸੰਵੇਦਨਸ਼ੀਲ ਹਾਲਤ ਵਿਚ ਜਾਤੀ, ਸਿਆਸੀ ਅਤੇ ਧੜੇਬੰਦਕ ਮੁਫਾਦ ਪੂਰੇ ਕਰਨ ਲਈ ਬਲਦੀ ’ਤੇ ਤੇਲ ਪਾਉਣ ਦਾ ਯਤਨ ਕਰਨ ਵਾਲੇ ਵੀ ਆਪਣੀ ਜਗ੍ਹਾ ਸਰਗਰਮ ਹਨ ਪ੍ਰੰਤੂ ਉਨ੍ਹਾਂ ਦੀ ਗਿਣਤੀ ਅਤੇ ਪੁੱਗਤ ਬਹੁਤ ਘੱਟ ਹੈ। ਹਾਲਾਂਕਿ ਕਿਸੇ ਵੀ ਧਿਰ ਵੱਲੋਂ ਕੀਤੀ ਗਈ ਥੋੜ੍ਹੀ ਜਿਹੀ ਸ਼ਰਾਰਤ ਵੀ ਸਥਿਤੀ ਨੂੰ ਕੋਈ ਖ਼ਤਰਨਾਕ ਮੋੜ ਦੇ ਸਕਦੀ ਹੈ। ਬੇਸ਼ੱਕ ਅਮਨ ਕਾਨੂੰਨ ਅਤੇ ਸਦਭਾਵਨਾ ਬਣਾਈ ਰੱਖਣ ਲਈ ਸਭ ਤੋਂ ਅਹਿਮ ਭੂਮਿਕਾ ਰਾਜ ਸਰਕਾਰ ਭਾਵ ਬਾਦਲ ਸਰਕਾਰ ਦੀ ਹੈ, ਜੋ ਕਿ ਕਾਫੀ ਸੰਜਮ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਯਤਨ ਵੀ ਕਰ ਰਹੀ ਹੈ ਪ੍ਰੰਤੂ ਸਿਰਫ ਸਾਰੀ ਜ਼ਿੰਮੇਵਾਰੀ ਸਰਕਾਰ ’ਤੇ ਹੀ ਸੁੱਟ ਕੇ ਬਾਕੀ ਧਿਰਾਂ ਆਪਣੇ ਫਰਜ਼ ਤੋਂ ਮੁਨਕਰ ਨਹੀਂ ਹੋ ਸਕਦੀਆਂ। ਅਮਨ ਅਤੇ ਖੁਸ਼ਹਾਲੀ ਲਈ ਹਰ ਇਕ ਜਥੇਬੰਦੀ, ਸੰਸਥਾ ਜਾਂ ਲੋਕਾਂ ਨੂੰ ਵਿਅਕਤੀਗਤ ਰੂਪ ਵਿਚ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਥਿਤੀ ਨੂੰ ਸਾਵਾਂ ਰੱਖਣ ਵਿਚ ਉਨ੍ਹਾਂ ਸਭ ਦਾ ਯੋਗਦਾਨ ਹੈ। ਦੋ ਪੱਖਾਂ ਤੋਂ ਮੌਜੂਦਾ ਹਾਲਤ ਹਾਂ-ਪੱਖੀ ਹੈ। ਸ਼ਾਇਦ ਪਹਿਲੀ ਵਾਰ ਹੋਰਨਾਂ ਧਰਮਾਂ ਅਤੇ ਗ਼ੈਰ-ਸਿੱਖ ਵਰਗਾਂ ਨੇ ਵੀ ਸਿੱਖ ਜਗਤ ਦੀਆਂ ਇਨ੍ਹਾਂ ਭਾਵਨਾਵਾਂ ਦੀ ਹਮਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਦੂਸਰੇ ਧਰਮ ਦੇ ਪੈਰੋਕਾਰਾਂ ਦੇ ਜਜ਼ਬਾਤ ਨੂੰ ਠੇਸ ਪੁਚਾਉਣ ਵਾਲੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਦੂਜਾ ਚੰਗਾ ਪੱਖ ਇਹ ਹੈ ਕਿ ਹੋਰਨਾਂ ਧਰਮਾਂ ਦੇ ਨੁਮਾਇੰਦੇ ਅਤੇ ਪੰਜਾਬ ਅਤੇ ਦਿੱਲੀ ਤੱਕ ਅਜਿਹੀਆਂ ਧਿਰਾਂ ਤੇ ਸ਼ਖਸੀਅਤਾਂ ਮੌਜੂਦ ਹਨ, ਜੋ ਕਿ ਡੇਰਾ ਮਾਮਲੇ ’ਤੇ ਪੈਦਾ ਹੋੲੇ ਤਣਾਅ, ਟਕਰਾਅ ਅਤੇ ਉਲਝਣ ਨੂੰ ਹੱਲ ਕਰਾਉਣ ਲਈ ਸੰਜੀਦਗੀ ਨਾਲ ਯਤਨਸ਼ੀਲ ਹਨ। ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਯਤਨਾਂ ਨੂੰ ਛੇਤੀ ਹੀ ਫਲ ਪੈਣਗੇ ਅਤੇ ਇਸ ਮਸਲੇ ਦਾ ਅਜਿਹਾ ਹੱਲ ਨਿਕਲ ਆੲੇਗਾ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਵੀ ਸ਼ਾਂਤ ਹੋ ਜਾਣ ਅਤੇ ਸਮਾਜਿਕ ਅਤੇ ਸਿਆਸੀ ਤਣਾਅ ਵੀ ਠੰਢਾ ਹੋ ਜਾਵੇ। ਅੱਠਵੇਂ ਦਹਾਕੇ ਵਿਚ ਪੰਜਾਬ ’ਚ ਸ਼ੁਰੂ ਹੋਈ ਗੜਬੜ ਵਾਲੇ ਸਮੇਂ ਵਿਚ ਅਤੇ ਹੁਣ ਪੈਦਾ ਹੋੲੇ ਤਣਾਅ ਦੇ ਸਮੇਂ ਵਿਚ ਮੀਡੀੲੇ ਦੀ ਭੂਮਿਕਾ ਵੱਖਰੀ ਰਹੀ ਹੈ। ਬੇਸ਼ੱਕ ਕੁਝ ਟੀ. ਵੀ. ਚੈਨਲਾਂ ਵੱਲੋਂ ਪਿਛਲੇ ਦਿਨਾਂ ਵਿਚ ਪੰਜਾਬ ਦੇ ਸੰਕਟ ਦੀ ਕੀਤੀ ਗਈ ਪੇਸ਼ਕਾਰੀ ਉਲਾਰ ਅਤੇ ਕੁਝ ਹੱਦ ਤੱਕ ਸਥਿਤੀ ਨੂੰ ਉਕਸਾਉਣ ਵਾਲੀ ਸੀ ਪ੍ਰੰਤੂ ਸਮੁੱਚੇ ਤੌਰ ’ਤੇ ਮੁੱਖ-ਧਾਰਾ ਵਾਲੇ ਅਖਬਾਰੀ ਮੀਡੀੲੇ ਦੀ ਭੂਮਿਕਾ ਇਸ ਵਾਰ ਕਾਫੀ ਸੰਜੀਦਾ ਅਤੇ ਜ਼ਿੰਮੇਵਾਰੀ ਵਾਲੀ ਮੰਨੀ ਜਾ ਰਹੀ ਹੈ।
ਬਾਦਲ ਬਨਾਮ ਭਾਜਪਾ
ਕਿਸੇ ਵੀ ਰਾਜ ਪ੍ਰਬੰਧ ਜਾਂ ਸਰਕਾਰ ਦੀ ਅਸਲ ਪਰਖ ਸੰਕਟ ਦੇ ਸਮੇਂ ਹੀ ਹੁੰਦੀ ਹੈ ਕਿ ਉਹ ਕਿੰਨਾ ਕੁ ਕਾਰਜਕੁਸ਼ਲ ਅਤੇ ਸਮਰੱਥ ਹੈ। ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਲਈ ਪੈਦਾ ਹੋੲੇ ਇਸ ਪਹਿਲੇ ਹੀ ਗੰਭੀਰ ਸੰਕਟ ਮੌਕੇ ਦੋ ਪਾਰਟੀਆਂ ਦੀ ਇਸ ਕੁਲੀਸ਼ਨ ਸਰਕਾਰ ਵਿਚ ਮਤਭੇਦ ਖੜ੍ਹੇ ਹੋ ਗੲੇ। ਇਹ ਮਤਭੇਦ ਗਠਜੋੜ ਸਰਕਾਰ ਦੇ ਅੰਦਰ ਤੱਕ ਹੀ ਸੀਮਤ ਨਹੀਂ ਰਹੇ ਅਤੇ ਰਾਜ ਭਾਗ ਦੀ ਇਕ ਹਿੱਸੇਦਾਰ ਭਾਜਪਾ ਵੱਲੋਂ ਇਨ੍ਹਾਂ ਮਤਭੇਦਾਂ ਦਾ ਖੁੱਲ੍ਹੇਆਮ ਇਜ਼ਹਾਰ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੇ ਗੲੇ ਬੰਦ ਦੇ ਸੱਦੇ ਅਤੇ ਡੇਰੇ ਖਾਲੀ ਕਰਾਉਣ ਦੇ ਪ੍ਰੋਗਰਾਮ ਆਦਿ ’ਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਭਾਜਪਾ ਦੀ ਕੇਂਦਰੀ ਅਤੇ ਪੰਜਾਬ ਦੀ ਲੀਡਰਸ਼ਿਪ ਨੇ ਅਮਨ-ਕਾਨੂੰਨ ਜਾਂ ਸਥਿਤੀ ਨੂੰ ਕਾਬੂ ਵਿਚ ਰੱਖਣ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਮੋਢਿਆਂ ’ਤੇ ਹੀ ਸੁੱਟ ਦਿੱਤੀ ਜਦੋਂ ਕਿ ਭਾਜਪਾ ਸਰਕਾਰ ਵਿਚ ਬਰਾਬਰ ਦੀ ਹਿੱਸੇਦਾਰ ਹੈ ਅਤੇ ਸੱਤਾ ਦਾ ਸੁੱਖ-ਸਵਾਦ ਵੀ ਲੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਮੁੱਖ ਮੰਤਰੀ ਦੇ ਨੇੜਲੇ ਹਲਕਿਆਂ ਵਿਚ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਇਸ ਨਾਜ਼ੁਕ ਮੌਕੇ ਭਾਜਪਾ ਨੇ ਕੁਲੀਸ਼ਨ-ਧਰਮ ਨਹੀਂ ਨਿਭਾਇਆ। ਭਾਜਪਾ ਨੇਤਾਵਾਂ ਨੇ ਪੰਜਾਬ ਬੰਦ ਦੇ ਮੌਕੇ ਸਰਕਾਰ ਵਲੋਂ ਅਮਨ-ਅਮਾਨ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਆਪਣੇ-ਆਪ ਨੂੰ ਲਾਂਭੇ ਕਰ ਲਿਆ। ਭਾਜਪਾ ਦੇ ਕਹਿਣ ਮੁਤਾਬਕ ਜੇਕਰ ਕੋਈ ਹਿੰਸਾ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸ: ਬਾਦਲ ਦੀ ਸੀ ਤਾਂ ਹੁਣ ਜੇਕਰ ਪੰਜਾਬ ਬੰਦ ਪੁਰ-ਅਮਨ ਅਤੇ ਟਕਰਾਅ ਮੁਕਤ ਰਿਹਾ ਤਾਂ ਇਸ ਦਾ ਸਿਹਰਾ ਵੀ ਸ: ਬਾਦਲ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਹੀ ਦੇਣਾ ਪਵੇਗਾ। ਸ਼ਾਇਦ ਭਾਜਪਾ ਨੇਤਾ ਪੰਜਾਬ ਦੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਨਹੀਂ ਸਮਝ ਸਕੇ, ਜਿਸ ਨੇ ਕਿ ਅਕਾਲ ਤਖਤ ਸਾਹਿਬ ਦੇ ਸੱਦੇ ’ਤੇ ਅਤੇ ਬਿਨਾਂ ਕਿਸੇ ਜ਼ੋਰ ਜ਼ਬਰਦਸਤੀ ਤੋਂ ਆਪਣਾ ਕਾਰੋਬਾਰ ਸਵੈ-ਇੱਛਾ ਨਾਲ ਹੀ ਰਾਜ ਭਰ ਵਿਚ ਠੱਪ ਰੱਖਿਆ। ਸਿਰਫ ਹਿੰਦੂ ਭਾਈਚਾਰਾ ਹੀ ਨਹੀਂ ਹੋਰ ਸਾਰੇ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਨੇ ਵੀ ਇਸ ਮੌਕੇ ਸਿੱਖ ਭਾਈਚਾਰੇ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਕੇ ਇਕ ਨਿਵੇਕਲੀ ਪੰਜਾਬੀ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਇਸੇ ਸਾਂਝ ਅਤੇ ਭਾਵਨਾ ਨੂੰ ਹੋਰ ਅੱਗੇ ਤੋਰਨ ਅਤੇ ਮਜ਼ਬੂਤ ਕਰਨ ਦੀ ਲੋੜ ਹੈ। ਜੇਕਰ ਭਾਜਪਾ ਦੇ ਬੰਦ ਤੋਂ ਪਹਿਲਾਂ ਦਿੱਤੇ ਬਿਆਨ ਨੂੰ ਮੁੱਖ ਰੱਖਿਆ ਜਾਵੇ ਤਾਂ ਇਹੀ ਪ੍ਰਭਾਵ ਬਣਦਾ ਹੈ ਕਿ ਇਸ ਪੰਜਾਬੀ ੲੇਕਤਾ ਵਿਚ ਭਾਜਪਾ ਦੀ ਸਰਗਰਮ ਭੂਮਿਕਾ ਨਹੀਂ ਸੀ। ਇਹ ਵੀ ਯਾਦ ਰਹੇ ਕਿ ਅਕਾਲੀ ਅਤੇ ਭਾਜਪਾ ਨੇਤਾ ਦੋਵਾਂ ਪਾਰਟੀਆਂ ਦੇ ਗਠਜੋੜ ਨੂੰ ਸਿਰਫ ਸਿਆਸੀ ਹੀ ਨਹੀਂ ਸਗੋਂ ਦੋ ਭਾਈਚਾਰਿਆਂ ਵਿਚਕਾਰ ਇਕ ਸਦੀਵੀ ਸਭਿਆਚਾਰਕ ਅਤੇ ਸਮਾਜਿਕ ਸਾਂਝ ਦਾ ਇਜ਼ਹਾਰ ਕਰਾਰ ਦਿੰਦੇ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੀ ਲੀਡਰਸ਼ਿਪ ਨੇ ਇਸ ਮੌਕੇ ਸਿਆਸੀ ਸਿਆਣਪ ਅਤੇ ਪ੍ਰਪੱਕਤਾ ਦਾ ਸਬੂਤ ਨਹੀਂ ਦਿੱਤਾ ਕਿਉਂਕਿ ਭਾਜਪਾ ਦੀ ਬੋਲੀ ਜਿਥੇ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਮਿਲਦੀ-ਜੁਲਦੀ ਸੀ, ਉਥੇ ਇਸ ਮੌਕੇ ਇਹ ਵਤੀਰਾ ਕਾਂਗਰਸ ਪਾਰਟੀ ਦੇ ਹਿੱਤਾਂ ਨੂੰ ਹੀ ਪੂਰਨ ਵਾਲਾ ਸੀ। ਉਂਜ ਵੀ ਤੀਜੀ ਧਿਰ ਵਜੋਂ ਭਾਜਪਾ ਨੇਤਾਵਾਂ ਵੱਲੋਂ ਡੇਰਾ ਵਿਵਾਦ ਨੂੰ ਸੁਲਝਾਉਣ ਲਈ ਡੇਰਾਮੁਖੀ ਨਾਲ ਸੰਪਰਕ ਕਰਨ ਜਾਂ ਹੋਰ ਕਿਸੇ ਅਜਿਹੇ ਯਤਨ ਕੀਤੇ ਜਾਣ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ। ਅਜੇ ਵੀ ਸ: ਬਾਦਲ ਅਤੇ ਉਨ੍ਹਾਂ ਦੀ ਸਰਕਾਰ ਲਈ ਤਕੜੀਆਂ ਚੁਣੌਤੀਆਂ ਖੜ੍ਹੀਆਂ ਹਨ। ਇਸ ਲਈ ਭਾਜਪਾ ਲੀਡਰਸ਼ਿਪ ਨੂੰ ਸੰਭਲ ਕੇ ਚੱਲਣਾ ਪਵੇਗਾ। ਇਹ ਗੱਲ ਠੀਕ ਹੈ ਕਿ ਸ਼ੁਰੂਆਤੀ ਦਿਨਾਂ ਵਿਚ ਸਰਕਾਰੀ ਮਸ਼ੀਨਰੀ ਵੱਲੋਂ ਸਥਿਤੀ ਨਾਲ ਨਜਿੱਠਣ ਲਈ ਢਿੱਲਮੱਠ ਵਰਤੀ ਗਈ ਅਤੇ ਲੋੜੀਂਦੀ ਚੌਕਸੀ ਅਤੇ ਸਖਤ ਕਦਮ ਨਹੀਂ ਚੁੱਕੇ ਗੲੇ ਪਰ ਇਸ ਦਾ ਅਰਥ ਇਹ ਨਹੀਂ ਬਣਦਾ ਕਿ ਭਾਜਪਾ ਅਜਿਹਾ ਰੁਖ਼ ਅਪਣਾੲੇ ਜਿਵੇਂ ਕਿ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਵਾਲੀ ਪਾਰਟੀ ਅਪਣਾਉਂਦੀ ਹੈ।
ਕੇਂਦਰ ਬਨਾਮ ਪੰਜਾਬ
ਪੰਜਾਬ ਦਾ ਪਿਛਲਾ ਇਤਿਹਾਸ ਗਵਾਹ ਹੈ ਕਿ ਧਰਮ ਅਤੇ ਰਾਜਨੀਤੀ ਨਾਲੋ-ਨਾਲ ਜਾਰੀ ਰੱਖਣ ਦੀ ਪਹੁੰਚ ਦੋ-ਧਾਰੀ ਤਲਵਾਰ ਵਾਲੀ ਗੱਲ ਹੁੰਦੀ ਹੈ। ਇਕ ਸਿੱਖ ਨੇਤਾ ਵਜੋਂ ਸ: ਬਾਦਲ ਲਈ ਵੀ ਇਹੀ ਸਥਿਤੀ ਹੈ। ਉਨ੍ਹਾਂ ਦੀ ਦੁਬਿਧਾ ਇਹ ਹੈ ਕਿ ਇਕ ਚੁਣੀ ਹੋਈ ਸਰਕਾਰ ਦੇ ਮੁਖੀ ਹੁੰਦਿਆਂ ਉਨ੍ਹਾਂ ਰਾਜ ਧਰਮ ਵੀ ਨਿਭਾਉਣਾ ਹੈ ਅਤੇ ਇਹ ਵੀ ਦੇਖਣਾ ਹੈ ਕਿ ਦੋ ਦਹਾਕੇ ਪਹਿਲਾਂ ਵਾਂਗ ਧਾਰਮਿਕ ਮੁੱਦਿਆਂ ਦਾ ਲਾਹਾ ਲੈ ਕੇ ਗਰਮ-ਖਿਆਲੀ ਜਾਂ ਹੋਰ ਬਦਨੀਅਤੀ ਵਾਲੀਆਂ ਧਿਰਾਂ ਸਿੱਖ ਭਾਈਚਾਰੇ ਦੇ ਜਜ਼ਬਾਤ ਨੂੰ ਵਰਤ ਕੇ ਆਪਣਾ ਉਲੂ ਸਿੱਧਾ ਨਾ ਕਰ ਸਕਣ, ਜਿਸ ਨਾਲ ਉਦਾਰ ਸਿੱਖ ਲੀਡਰਸ਼ਿਪ ਦੇ ਹੱਥੋਂ ਵਾਗਡੋਰ ਖਿਸਕ ਜਾਵੇ। ਉਨ੍ਹਾਂ ਡੇਰਾ ਵਿਵਾਦ ’ਤੇ ਕੋਈ ਵੀ ਕਾਰਵਾਈ ਕਰਨ ਦੀ ਪਹਿਲਕਦਮੀ ਧਾਰਮਿਕ ਨੇਤਾਵਾਂ ਲਈ ਖੁੱਲ੍ਹੀ ਛੱਡੀ। ਪਹਿਲਾਂ ਦਮਦਮਾ ਸਾਹਿਬ ਵਿਖੇ ਅਤੇ ਫਿਰ 20 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਪੈਦਾ ਹੋਈ ਸਥਿਤੀ ਤੋਂ ਇਹ ਸੰਕੇਤ ਮਿਲੇ ਹਨ ਕਿ ਜੇਕਰ ਭਵਿੱਖ ਵਿਚ ਚੌਕਸੀ ਨਾ ਵਰਤੀ ਗਈ ਤਾਂ ਮਾਹੌਲ ਨੂੰ ਖਰਾਬ ਕਰਨ ਅਤੇ ਸਿੱਖ ਭਾਵਨਾਵਾਂ ਨੂੰ ਗਰਮ-ਖਿਆਲੀ ਅਤੇ ਤੱਤੇ ਅਨਸਰਾਂ ਦੇ ਹਵਾਲੇ ਕਰਨ ਦੇ ਚਾਹਵਾਨ ਵਿਅਕਤੀ ਜਾਂ ਸੰਸਥਾਵਾਂ ਵੀ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ। ਇਹ ਚੁਣੌਤੀ ਸਿਰਫ ਸ: ਬਾਦਲ ਲਈ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੀਆਂ ਸਾਰੀਆਂ ਸਿਆਸੀ ਪਾਰਟੀਆਂ, ਸਾਰੀਆਂ ਜਥੇਬੰਦੀਆਂ ਅਤੇ ਇਥੋਂ ਤਕ ਕਿ ਕੇਂਦਰ ਸਰਕਾਰ ਲਈ ਵੀ ਹੈ। ਪੰਜਾਬ ਦੀ ਖੁਸ਼ਕਿਸਮਤੀ ਇਹ ਹੈ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਹੋਣ ਦੇ ਬਾਵਜੂਦ ਵੀ ਇਸ ਵਾਰ ਕੇਂਦਰੀ ਹਕੂਮਤ ਅਜਿਹੇ ਰੌਂਅ ਵਿਚ ਨਹੀਂ ਕਿ ਪੰਜਾਬ ਵਿਚ ਸਥਿਤੀ ਵਿਗਾੜ ਕੇ ਬਾਦਲ ਸਰਕਾਰ ਨੂੰ ਕਸੂਤੀ ਸਥਿਤੀ ਵਿਚ ਪਾਇਆ ਜਾਵੇ ਅਤੇ ਇਸ ਦਾ ਰਾਜਨੀਤਕ ਲਾਹਾ ਲਿਆ ਜਾੲੇ। ਇਹ ਵੀ ਸੰਕੇਤ ਮਿਲੇ ਹਨ ਕਿ ਸ੍ਰੀਮਤੀ ਸੋਨੀਆ ਗਾਂਧੀ ਮੁੜ ਤੋਂ ਕਾਂਗਰਸ ਪਾਰਟੀ ਨਾਲ ਸਿੱਖ ਭਾਈਚਾਰੇ ਦਾ ਟਕਰਾਅ ਨਹੀਂ ਚਾਹੁੰਦੇ, ਉਥੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੀ ਕਾਫੀ ਸੰਜੀਦਗੀ ਤੇ ਜ਼ਿੰਮੇਵਾਰੀ ਨਾਲ ਮੌਜੂਦਾ ਸੰਕਟ ਵਿਚੋਂ ਨਿਕਲਣ ਲਈ ਸ: ਬਾਦਲ ਨੂੰ ਸਹਿਯੋਗ ਦੇ ਰਹੇ ਹਨ। ਹਾਲਾਂਕਿ ਪੰਜਾਬ ਦੇ ਕਾਂਗਰਸੀ ਨੇਤਾਵਾਂ ਵੱਲੋਂ ਡੇਰਾ ਮੁਖੀ ਵੱਲ ਅਪਣਾਈ ਗਈ ਦੋਗਲੀ ਨੀਤੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਨੇ ਸਿੱਖ ਭਾਈਚਾਰੇ ਵਿਚ ਕਾਂਗਰਸ ਦਾ ਕਾਫੀ ਸਿਆਸੀ ਨੁਕਸਾਨ ਕਰ ਦਿੱਤਾ ਹੈ।
ਬਾਦਲ ਦਾ ਬੁਲਾਰਾ ਕੌਣ?
ਪੰਜਾਬ ਦੇ ਪਿਛਲੇ 10 ਦਿਨਾਂ ਦੇ ਤਣਾਅ ਭਰੇ ਦੌਰ ਦੌਰਾਨ ਰਾਜ ਦੇ ਸਿਆਸੀ ਦ੍ਰਿਸ਼ ਤੋਂ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗ਼ੈਰ-ਹਾਜ਼ਰੀ ਬਹੁਤ ਰੜਕਵੀਂ ਅਤੇ ਕਈ ਕਿੰਤੂ-ਪ੍ਰੰਤੂ ਖੜ੍ਹੇ ਕਰਨ ਵਾਲੀ ਸੀ, ਉਥੇ ਪਿਛਲੇ ਸਾਲਾਂ ਦੇ ਮੁਕਾਬਲੇ ਬਾਦਲ ਦਲ ਦੇ ਉਨ੍ਹਾਂ ਕੁਝ ਸੀਨੀਅਰ ਨੇਤਾਵਾਂ ਦੀ ਚੁੱਪ ਜਾਂ ਮੋਹਰੀ ਭੂਮਿਕਾ ਤੋਂ ਪਾਸੇ ਰਹਿਣ ਦੀ ਰੁਚੀ ਹੈਰਾਨੀਜਨਕ ਸੀ। ਸ਼ਾਇਦ ਇਹ ਪਹਿਲੀ ਵਾਰ ਵਾਪਰਿਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸਰਕਾਰ ਦੇ ਬੁਲਾਰੇ ਵਜੋਂ ਕੈਪਟਨ ਕੰਵਲਜੀਤ ਸਿੰਘ ਜਾਂ ਹੋਰ ਕੋਈ ਸੀਨੀਅਰ ਮੰਤਰੀ ਜਾਂ ਸ: ਢੀਂਡਸੇ ਵਰਗੇ ਨੇਤਾ ਸ: ਬਾਦਲ ਦੇ ਬੁਲਾਰੇ ਵਜੋਂ ਮੀਡੀਆ ਅਤੇ ਲੋਕਾਂ ਸਾਹਮਣੇ ਪੇਸ਼ ਨਹੀਂ ਹੋੲੇ। ਬੇਸ਼ੱਕ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ: ਹਰਚਰਨ ਬੈਂਸ ਨੇ ਕਾਫੀ ਸੂਝ-ਬੂਝ ਅਤੇ ਸ: ਬਾਦਲ ਵਾਲੀ ਸੰਜਮ ਭਰੀ ਸ਼ੈਲੀ ਵਿਚ ਹੀ ਮੁੱਖ ਮੰਤਰੀ ਅਤੇ ਸਰਕਾਰ ਦੇ ਬੁਲਾਰੇ ਦੀ ਭੂਮਿਕਾ ਸਫਲਤਾ ਨਾਲ ਨਿਭਾਈ ਪ੍ਰੰਤੂ ਇਨ੍ਹਾਂ ਘਟਨਾਵਾਂ ਤੋਂ ਸ: ਬਾਦਲ ਦੁਆਲੇ ਪੈਦਾ ਹੋੲੇ ਇਕ ਸਿਆਸੀ ਖਲਾਅ ਦੀ ਝਲਕ ਵੀ ਮਿਲਦੀ ਹੈ। ਮਿਸਾਲ ਦੇ ਤੌਰ ’ਤੇ ਦਮਦਮਾ ਸਾਹਿਬ ਅਤੇ ਅੰਮ੍ਰਿਤਸਰ ਵਿਚਲੇ ਅਹਿਮ ਮੌਕਿਆਂ ਸਮੇਂ ਵੀ ਧਾਰਮਿਕ ਨੇਤਾਵਾਂ ਨਾਲ ਰਾਬਤਾ ਰੱਖਣ ਜਾਂ ਸਲਾਹ-ਮਸ਼ਵਰਾ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਸੀਨੀਅਰ ਨੇਤਾਵਾਂ ਵਿਚੋਂ ਕਿਸੇ ਦੀ ਨਹੀਂ ਸੀ। ਸ: ਸੁਖਬੀਰ ਸਿੰਘ ਬਾਦਲ ਨੇ ਇਸ ਸੰਕਟ ਸਮੇਂ ਪੰਜਾਬ ਤੋਂ ਬਾਹਰ ਰਹਿਕੇ ਸੱਤਾਧਾਰੀ ਨੇਤਾ ਵਜੋਂ ਆਪਣੀ ਸਿਆਸੀ ਸੂਝ ਅਤੇ ਲੀਡਰਸ਼ਿਪ ਨੂੰ ਪ੍ਰਮਾਣਿਤ ਕਰਨ ਦਾ ਸੁਨਹਿਰੀ ਮੌਕਾ ਗੁਆ ਲਿਆ ਹੈ। ਅਜੇ ਵੀ ਉਹ ਵਿਦੇਸ਼ ਤੋਂ ਪਰਤ ਕੇ ਮੌਕਾ ਸੰਭਾਲ ਸਕਦੇ ਹਨ। ਦਿਲਚਸਪ ਵਰਤਾਰਾ ਇਹ ਵੀ ਹੈ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਭਾਜਪਾ ਐਮ. ਪੀ. ਸ: ਨਵਜੋਤ ਸਿੰਘ ਸਿੱਧੂ ਵੀ ਦ੍ਰਿਸ਼ ਤੋਂ ਅਲੋਪ ਰਹੇ। ਉਸ ਦੀ ਚੁੱਪ ਅਤੇ ਗ਼ੈਰ-ਮੌਜੂਦਗੀ ਵੀ ਸਮਝੋਂ ਬਾਹਰ ਹੈ।
ਬਲਜੀਤ ਬੱਲੀ
(ਧੰਨਵਾਦ ਸਹਿਤ ਰੋਜ਼ਾਨਾ ਅਜੀਤ ਜਲੰਧਰ ਵਿੱਚੋਂ)
24 May, 2007
Subscribe to:
Post Comments (Atom)
No comments:
Post a Comment