23 May, 2007

17 ਵਰ੍ਹਿਆਂ ਬਾਅਦ ਪੰਜਾਬ ਦੀਆਂ ਸੜਕਾਂ ਸੁੰਨਸਾਨ ਹੋੲੀਆਂ

17 ਵਰ੍ਹਿਆਂ ਬਾਅਦ ਪੰਜਾਬ ਦੇ ਲੋਕਾਂ ਨੇ ਅਮਨ ਸ਼ਾਂਤੀ ਨਾਲ ਮੁਕੰਮਲ ਪੰਜਾਬ ਬੰਦ ਕਰਕੇ ਇਤਿਹਾਸ ਰਚ ਦਿੱਤਾ ਹੈ। ਇਨ੍ਹਾਂ ਵਰ੍ਹਿਆਂ ਦੇ ਵਕਫੇ ਦੌਰਾਨ ਭਾਵੇਂ ਕੁਝ ਘਟਨਾਵਾਂ ਨੂੰ ਲੈ ਕੇ ਕੁਝ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਿੱਤੇ ਜਾਂਦੇ ਰਹੇ ਹਨ ਪਰ ਅਜਿਹੇ ਕਿਸੇ ਵੀ ਸੱਦੇ ਨੂੰ ਮੁਕੰਮਲ ਹੁੰਗਾਰਾ ਨਹੀਂ ਸੀ ਮਿਲਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਸਮੁੱਚੇ ਪੰਜਾਬੀਆਂ ਨੇ ਸਿਰ ਮੱਥੇ ਮੰਨ ਕੇ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਅਕਾਲ ਤਖਤ ਪ੍ਰਤੀ ਸੁੱਚੀ ਆਸਥਾ ਦਾ ਪ੍ਰਗਟਾਵਾ ਕੀਤਾ ਹੈ ਤੇ ਬੰਦ ਨੂੰ ਬਿਲਕੁਲ ਸ਼ਾਂਤਮੲੀ ਰੱਖ ਕੇ ਪੰਜਾਬੀਆਂ ਨੇ ਆਪਣੇ ਬੌਧਿਕ ਪੱਧਰ ਦੀ ਵੀ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ। ਖਾੜਕੂਵਾਦ ਦੇ ਦਹਾਕੇ ਦੌਰਾਨ ਬਹੁਤ ਵਾਰ ਖਾੜਕੂ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਭਾਵੇਂ ਬੰਦ ਹੁੰਦਾ ਰਿਹਾ ਹੈ ਪਰ ਉਸ ਬੰਦ ਤੇ ਅੱਜ ਦੇ ਬੰਦ ’ਚ ਬਹੁਤ ਸਾਰਾ ਅੰਤਰ ਹੈ। ਅੱਜ ਤੋਂ ਪਹਿਲਾਂ 1990 ’ਚ ਪੰਥਕ ਕਮੇਟੀ ਦੇ ਸੱਦੇ ਉਤੇ ਪੰਜਾਬ 3 ਦਿਨ ਬੰਦ ਰਿਹਾ ਸੀ ਤੇ ਹੁਣ ਡੇਰਾ ਸਿਰਸਾ ਦੇ ਮੁਖੀ ਵੱਲੋਂ ਦਸਮ ਪਾਤਸ਼ਾਹ ਦੀ ਨਕਲ ਕਰਨ ਦੇ ਰੋਸ ਵਜੋਂ ਸਮੂਹ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੇ ਹੋਰ ਭਾੲੀਚਾਰੇ ਨੇ ਵੀ ਇਸ ਬੰਦ ਨੂੰ ਪੂਰਨ ਹੁੰਗਾਰਾ ਦੇ ਕੇ ਭਾੲੀਚਾਰਕ ੲੇਕਤਾ ਦੀ ਮਜ਼ਬੂਤੀ ਵੱਲ ਠੋਸ ਕਦਮ ਪੁੱਟਿਆ ਹੈ। ਬੰਦ ਦੌਰਾਨ ਇੰਝ ਜਾਪ ਰਿਹਾ ਸੀ ਜਿਵੇਂ ਪੰਜਾਬ ਦੀਆਂ ਸੜਕਾਂ 17 ਵਰ੍ਹਿਆਂ ਬਾਅਦ ਭਾਰ ਮੁਕਤ ਹੋੲੀਆਂ ਹੋਣ।

No comments: