25 May, 2007

2007 ਵਿਚ ਸਕੂਲੀ ਸਿੱਖਿਆ ਪ੍ਰਣਾਲੀ ਦੀਆਂ ਕਿਹੜੀਆਂ ਗ਼ਲਤੀਆਂ ਸੋਧਣ ਦੀ ਲੋੜ ਹੈ?

ਪੰਜਾਬ ਦੀ ਸਕੂਲੀ ਸਿੱਖਿਆ ਪ੍ਰਣਾਲੀ ਤੋਂ ਕੋਈ ਵੀ ਸੰਤੁਸ਼ਟ ਨਹੀਂ ਹੈ, ਨਾ ਅਧਿਆਪਕ, ਨਾ ਬੱਚੇ, ਨਾ ਮਾਪੇ, ਨਾ ਹੀ ਸਿੱਖਿਆ ਡਾਇਰੈਕਟਰ ਤੇ ਨਾ ਹੀ ਸਿੱਖਿਆ ਮੰਤਰੀ ਜਾਂ ਸਰਕਾਰ। ਆਖਰ ਕਿਉਂ? ਸਭ ਤੋਂ ਪਹਿਲੀ ਘਾਟ ਇਹ ਹੈ ਕਿ ਅਸੀਂ ਸਾਰੇ ਹੀ ਸਿੱਖਿਆ ਦੇ ਅਰਥ ਭੁੱਲ ਗੲੇ ਹਾਂ। ਅਸੀਂ ਉਸ ਵਿਦਿਆਰਥੀ ਨੂੰ ਚੰਗਾ ਸਮਝਦੇ ਹਾਂ ਜੋ ਪ੍ਰੀਖਿਆਵਾਂ ਵਿਚ ਬਹੁਤ ਉੱਚ ਨੰਬਰ ਲੈਂਦਾ ਹੈ, ਉਸੇ ਅਧਿਆਪਕ ਨੂੰ ਵਧੀਆ ਅਧਿਆਪਕ ਮੰਨਿਆ ਜਾਂਦਾ ਹੈ ਜਿਸ ਦੇ ਪੜ੍ਹਾੲੇ ਬੱਚੇ ਉੱਚ ਨੰਬਰ ਲੈਂਦੇ ਹਨ, ਉਹ ਸਕੂਲ ਹੀ ਸਫਲ ਸਕੂਲ ਗਿਣਿਆ ਜਾਂਦਾ ਹੈ ਜਿਸ ਦੇ ਪ੍ਰੀਖਿਆ ਨਤੀਜੇ ਵਧੀਆ ਆਉਂਦੇ ਹਨ। ਜ਼ਾਹਿਰ ਹੈ ਕਿ ਅਸੀਂ ਨੰਬਰਾਂ ਨੂੰ ਸਿੱਖਿਆ ਦੀ ਸੰਗਿਆ ਦਿੰਦੇ ਹਾਂ, ਇਸ ਬਾਰੇ ਕੋਈ ਚਿੰਤਾ ਨਹੀਂ, ਨਾ ਪੁੱਛ ਪ੍ਰਤੀਤ ਹੈ ਕਿ ਇਹ ਨੰਬਰ ਕਿਵੇਂ ਪ੍ਰਾਪਤ ਕੀਤੇ ਜਾਂਦੇ ਹਨ ਜਾਂ ਕਿਵੇਂ ਦਿਵਾੲੇ ਜਾਂਦੇ ਹਨ, ਕਿਹੜੇ ਅਯੋਗ, ਕੋਝੇ ਜਾਂ ਗਲਤ ਢੰਗ ਨੰਬਰ ਲੈਣ ਲਈ ਵਰਤੇ ਜਾਂਦੇ ਹਨ। ਸਿੱਖਿਆ ਦਾ ਅਰਥ ਹੈ ਬੱਚੇ ਦੀਆਂ ਸੰਭਾਵਨਾਵਾਂ, ਸਮਰੱਥਾਵਾਂ, ਯੋਗਤਾਵਾਂ ਦੀ ਪਛਾਣ ਕਰਨਾ ਤੇ ਉਨ੍ਹਾਂ ਦੇ ਉਚਤਮ ਵਿਕਾਸ ਲਈ ਬੱਚੇ ਦੀ ਸਹਾਇਤਾ ਕਰਨਾ, ਬੱਚੇ ਦੇ ਮਾਨਸਿਕ, ਸਰੀਰਕ ਅਤੇ ਅਧਿਆਤਮਿਕ, ਵਿਅਕਤਿਤਵ ਦਾ ਸੰਤੁਲਤ ਵਿਕਾਸ ਕਰਨਾ, ਉਸ ਵਿਚ ਨੈਤਿਕ ਕੀਮਤਾਂ, ਉਸਾਰੀ ਨਜ਼ਰੀਆ, ਰੁਝਾਨਾਂ ਅਤੇ ਪ੍ਰਵਿਰਤੀਆਂ ਦਾ ਸੰਚਾਰ ਕਰਨਾ ਅਤੇ ਉਸ ਨੂੰ ਸੁਤੰਤਰ ਸੋਚਣੀ ਵਾਲਾ ਦਲੇਰ, ਨਿਡਰ ਅਤੇ ਸੰਜਮੀ ਇਨਸਾਨ ਬਣਾਉਣਾ। ਕਿਸੇ ਵੀ ਸਕੂਲ ਵਿਚ ਸਿੱਖਿਆ ਦੇਣ ਦਾ ਜਾਂ ਸ਼ਖਸੀਅਤ ਦੇ ਸੰਤੁਲਤ ਵਿਕਾਸ ਦਾ ਬੱਚੇ ਦੀਆਂ ਨਿਹਿਤ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਦਾ ਜਾਂ ਉਸ ਨੂੰ ਚੰਗਾ ਇਨਸਾਨ ਬਣਾਉਣ ਦਾ ਯਤਨ ਹੀ ਨਹੀਂ ਕੀਤਾ ਜਾਂਦਾ। ਨਤੀਜਾ ਇਹ ਹੋਇਆ ਹੈ ਕਿ ਸਾਰੇ ਦਾ ਸਾਰਾ ਸਮਾਜ ਹੀ ਦੂਸ਼ਿਤ ਹੋ ਗਿਆ ਹੈ, ਹਿੰਸਾ, ਅੱਤਿਆਚਾਰ, ਅਨਿਆਂ, ਵੱਢ-ਟੁੱਕ, ਮਾਰਧਾੜ, ਲੁੱਟ-ਖਸੁੱਟ, ਅਸ਼ਲੀਲਤਾ, ਨਸ਼ੇ, ਬਦਮਾਸ਼ੀ, ਬਲਾਤਕਾਰ, ਅਪਰਾਧ, ਰਿਸ਼ਵਤਖੋਰੀ, ਸੀਨਾਜ਼ੋਰੀ, ਕਾਨੂੰਨ ਦੀ ਉਲੰਘਣਾ, ਅਨੁਸ਼ਾਸਨਹੀਣਤਾ, ਗੰਦੀ ਭਾਸ਼ਾ, ਦੁਰਾਚਾਰ, ਬਦਤਮੀਜ਼ੀ, ਚੋਰੀ, ਠੱਗੀ, ਝੂਠ, ਅਨੈਤਿਕਤਾ ਆਦਿ ਭੈੜ ਤੇਜ਼ੀ ਨਾਲ ਪਸਰ ਰਹੇ ਹਨ। ਅਫਸੋਸ ਹੈ ਕਿ ਇਸ ਨਿਗਾਰ ਨੂੰ ਨਵੀਂ ਰੌਸ਼ਨੀ ਜਾਂ ਆਧੁਨਿਕਤਾ ਦਾ ਨਾਂਅ ਦਿੱਤਾ ਜਾ ਰਿਹਾ ਹੈ।
ਸਿੱਖਿਆ ਪ੍ਰਣਾਲੀ ਦੀ ਦੂਜੀ ਗਲਤ ਗੱਲ ਇਹ ਹੈ ਕਿ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਫੇਲ੍ਹ ਤਾਂ ਸਿੱਖਿਆ ਵਿਭਾਗ ਹੋ ਰਿਹਾ ਹੈ, ਫੇਲ੍ਹ ਸਕੂਲ ਅਤੇ ਅਧਿਆਪਕ ਹੋ ਰਹੇ ਹਨ, ਫੇਲ੍ਹ ਸਿਸਟਮ ਹੋ ਰਿਹਾ ਹੈ, ਚੰਗੀਆਂ ਨੀਤੀਆਂ ਸਾਡੇ ਕੋਲ ਨਹੀਂ ਹਨ, ਚੰਗੇ ਢੰਗ ਸਾਡੇ ਕੋਲ ਨਹੀਂ ਹਨ, ਚੰਗੀਆਂ ਸੁਵਿਧਾਵਾਂ ਸਾਡੇ ਕੋਲ ਨਹੀਂ ਹਨ, ਨਾ ਸਾਡੀਆਂ ਪਾਠ-ਪੁਸਤਕਾਂ ਚੰਗੀਆਂ ਹਨ, ਨਾ ਤਕਨੀਕਾਂ ਤੇ ਰਣਨੀਤੀਆਂ, ਨਾ ਸਾਡੇ ਕੋਲ ਅਗਵਾਈ ਹੈ, ਨਾ ਪਰਾਮਰਸ਼, ਨਾ ਸਨੇਹ ਹੈ, ਨਾ ਪਿਆਰ, ਨਾ ਇਰਾਦਾ ਹੈ, ਨਾ ਇਮਾਨਦਾਰੀ, ਨਾ ਲਗਨ ਹੈ, ਨਾ ਪ੍ਰਤੀਬੱਧਤਾ ਪਰ ਅਸੀਂ ਫੇਲ੍ਹ ਦਾ ਟੈਗ ਬੱਚਿਆਂ ਦੀਆਂ ਗਰਦਨਾਂ ਨਾਲ ਲਟਕਾ ਰਹੇ ਹਾਂ, ਫੇਲ੍ਹ ਉਨ੍ਹਾਂ ਨੂੰ ਘੋਸ਼ਿਤ ਕਰ ਰਹੇ ਹਾਂ, ਬੁਰਾ-ਭਲਾ ਉਨ੍ਹਾਂ ਨੂੰ ਕਹਿ ਰਹੇ ਹਾਂ, ਆਪਣੀ ਪੀੜ੍ਹੀ ਥੱਲੇ ਅਸੀਂ ਕਦੇ ਸੋਟੀ ਨਹੀਂ ਫੇਰਦੇ, ਆਪਣਾ ਸੁਧਾਰ ਨਹੀਂ ਕਰਦੇ, ਸਿੱਖਿਆ ਨਾਲ ਕਦੇ ਇਨਸਾਫ ਨਹੀਂ ਕਰਦੇ। ਜਿਹੜੇ ਬੰਦੇ ਵੀ ਕਿਸੇ ਤਰ੍ਹਾਂ ਬੱਚਿਆਂ ਦੀ ਸਿੱਖਿਆ ਨਾਲ ਸੰਬੰਧਿਤ ਹਨ, ਜਿਨ੍ਹਾਂ ਨੂੰ ਵੀ ਬੱਚਿਆਂ ਦੀ ਸਿੱਖਿਆ ਵਿਚ ਰੁਚੀ ਹੈ, ਚਾਹੇ ਉਹ ਵਜ਼ੀਰ ਹਨ, ਡਾਇਰੈਕਟਰ ਹਨ, ਇੰਸਪੈਕਟਰ ਹੈ ਜਾਂ ਟੀਚਰ ਹੈ, ਨਾ ਮਾਪਾ ਹੈ, ਉਸ ਨੂੰ ਆਤਮ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬੱਚੇ ਕੇਵਲ ਉਸ ਕੋਲੋਂ ਕੁਝ ਸਿੱਖ ਸਕਦੇ ਹਨ ਜੋ ਬੱਚੇ ਦੀ ਕਦਰ ਕਰਦਾ ਹੈ, ਉਸ ਨੂੰ ਪਿਆਰ ਕਰਦਾ ਹੈ, ਉਸ ਦੀ ਪ੍ਰਸੰਸਾ ਕਰਦਾ ਹੈ, ਉਸ ਨੂੰ ਉਤਸ਼ਾਹਿਤ ਕਰਦਾ ਹੈ, ਉਸ ਦੀ ਗੱਲ ਸੁਣਦਾ ਹੈ, ਉਸ ਦੀ ਸਹਾਇਤਾ ਕਰਦਾ ਹੈ ਅਤੇ ਉਸ ਦੇ ਮਾਂ-ਬਾਪ ਦੀ ਸਿਫਤ ਕਰਦਾ ਹੈ। ਸੈਂਕੜੇ ਨਹੀਂ, ਹਜ਼ਾਰਾਂ ਹੀ ਵਿਦਿਅਕ ਖੋਜਾਂ ਪ੍ਰਮਾਣਿਤ ਕਰ ਚੁੱਕੀਆਂ ਹਨ ਕਿ ਅਪਮਾਨਿਤ ਕਰਨ ਨਾਲ, ਨਿਰਉਤਸ਼ਾਹਤ ਕਰਨ ਨਾਲ, ਬਦਖੋਰੀ ਕਰਨ ਨਾਲ, ਮਾਰਕੁੱਟ ਨਾਲ ਜਾਂ ਨਫਰਤ ਕਰਨ ਨਾਲ, ਵਿਤਕਰਾ ਕਰਨ ਨਾਲ, ਹੱਕਸ਼ਿਕਨੀ ਨਾਲ ਜਾਂ ਜਮਾਤ ਤੋਂ ਬਾਹਰ ਕੱਢਣ ਨਾਲ ਜਾਂ ਫੇਲ੍ਹ ਘੋਸ਼ਿਤ ਕਰਨ ਨਾਲ ਕਦੇ ਵੀ ਕੋਈ ਟੀਚਰ ਕਿਸੇ ਬੱਚੇ ਨੂੰ ਕੁਝ ਵੀ ਨਹੀਂ ਸਿਖਾ ਸਕਦਾ।
ਤੀਜੀ ਗ਼ਲਤ ਗੱਲ ਸਾਡੀ ਸਿੱਖਿਆ ਪ੍ਰਣਾਲੀ ਵਿਚ ਇਹ ਹੈ ਕਿ ਅਸੀਂ ਸਾਰੇ ਬੱਚਿਆਂ ਨੂੰ ਇਕ ਅੱਖ ਨਾਲ ਨਹੀਂ ਦੇਖਦੇ, ਅਸੀਂ ਅਮੀਰ ਬੱਚਿਆਂ ਨਾਲ, ਹੁਸ਼ਿਆਰ ਬੱਚਿਆਂ ਨਾਲ, ਖੂਬਸੂਰਤ ਬੱਚਿਆਂ ਨਾਲ, ਅਸਰ-ਰਸੂਖ ਵਾਲੇ ਮਾਪਿਆਂ ਦੇ ਬੱਚਿਆਂ ਨਾਲ ਗਰੀਬ, ਪੇਂਡੂ, ਘੱਟ ਖੂਬਸੂਰਤ, ਘੱਟ ਯੋਗਤਾ ਵਾਲੇ, ਵਿਕਲਾਂਗ ਜਾਂ ਮਾਨਸਿਕ ਤੌਰ ’ਤੇ ਢਿੱਲੜ ਬੱਚਿਆਂ ਦੇ ਮੁਕਾਬਲੇ ਵਿਚ ਵਿਤਕਰਾ ਕਰਦੇ ਹਾਂ। ਬੱਚਾ ਤਾਂ ਬੱਚਾ ਹੀ ਹੁੰਦਾ ਹੈ, ਚਾਹੇ ਉਹ ਅਮੀਰ ਘਰ ਵਿਚ ਪੈਦਾ ਹੋਇਆ ਹੈ, ਚਾਹੇ ਝੌਂਪੜੀ ਵਿਚ, ਸਾਰੇ ਬੱਚਿਆਂ ਦੇ ਹੱਕ ਸਮਾਨ ਹੀ ਹੁੰਦੇ ਹਨ ਪਰ ਅਸੀਂ ਅਮੀਰਾਂ ਲਈ ਅੱਡ ਸਕੂਲ ਸਥਾਪਿਤ ਕੀਤੇ ਹੋੲੇ ਹਨ, ਜਿਨ੍ਹਾਂ ਵਿਚ ਹਰ ਕਿਸਮ ਦੀ ਸਹੂਲਤ ਹੈ, ਇਮਾਰਤਾਂ ਪੰਜ ਤਾਰਾ ਹੋਟਲਾਂ ਵਰਗੀਆਂ ਹਨ, ੲੇ. ਸੀ. ਲੱਗੇ ਹੋੲੇ ਹਨ, ਹਰ ਕਮਰੇ ਵਿਚ ਇੰਟਰਨੈੱਟ ਕੁਨੈਕਸ਼ਨ ਹੈ, ਟੀ. ਵੀ. ਹੈ, ਕੰਪਿਊਟਰ ਹੈ, ਵਧੀਆ ਫਰਨੀਚਰ ਹੈ, ਲਾਇਬ੍ਰੇਰੀਆਂ ਹਨ, ਪੁਸਤਕਾਲੇ ਹਨ, ਟੀਚਰਾਂ ਦੀ ਵੀ ਭਰਮਾਰ ਹੈ ਪਰ ਫੀਸਾਂ ਬਹੁਤ ਮੋਟੀਆਂ-ਮੋਟੀਆਂ ਹਨ ਜੋ ਗਰੀਬ ਤੇ ਹੁਸ਼ਿਆਰ ਬੱਚਿਆਂ ਦੀ ਪਹੁੰਚ ਤੋਂ ਬਾਹਰ ਹਨ। ਇਸ ਦੇ ਉਲਟ ਗਰੀਬਾਂ ਲਈ ਅੱਡ ਸਕੂਲ ਖੋਲ੍ਹੇ ਹੋੲੇ ਹਨ, ਜਿਨ੍ਹਾਂ ਨੂੰ ਸਰਕਾਰੀ ਸਕੂਲ ਕਿਹਾ ਜਾਂਦਾ ਹੈ, ਜਿਨ੍ਹਾਂ ਕੋਲ ਨਾ ਇਮਾਰਤਾਂ ਹਨ, ਨਾ ਫਰਨੀਚਰ ਹੈ, ਨਾ ਕੋਈ ਵਿਦਿਅਕ ਸੁਵਿਧਾਵਾਂ ਹਨ ਤੇ ਨਾ ਹੀ ਅਧਿਆਪਕ ਹਨ। ਉਨ੍ਹਾਂ ਸਕੂਲਾਂ ਨੂੰ ਸਕੂਲ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ। ਇਹ ਨਿਰਾ ਗੰਦ ਦੇ ਢੇਰ ਹਨ, ਨਾ ਕਿਸੇ ਨੂੰ ਸਿਹਤ ਦਾ ਖਿਆਲ ਹੈ, ਨਾ ਸਫਾਈ ਦਾ, ਨਾ ਪੀਣ ਵਾਲੇ ਪਾਣੀ ਦਾ, ਨਾ ਬੱਚਿਆਂ ਦੀ ਸੁਰੱਖਿਆ ਦਾ। ਸਿੱਖਿਆ ਦਾ ਸਿਧਾਂਤ ਹੈ, ਹਰ ਬੱਚੇ ਨੂੰ ਸਿੱਖਿਆ ਦੇ ਇਕੋ ਜਿਹੇ ਮੌਕੇ ਦੇਣਾ, ਲੋਕਤੰਤਰ ਦੀ ਵੀ ਇਹੋ ਹੀ ਮੰਗ ਹੈ ਪਰ ਪੰਜਾਬ ਵਿਚ ਘੱਟ ਤੋਂ ਘੱਟ ਸਿੱਖਿਆ ਖੇਤਰ ਵਿਚ ਜ਼ਰਾ ਜਿੰਨਾ ਲੋਕਤੰਤਰ ਨਹੀਂ ਹੈ। ਪੰਜਾਬ ਦੇ ਵਿੱਤ ਮੰਤਰੀ ਸ੍ਰੀ ਸਿੰਗਲਾ ਸਾਹਿਬ ਅਮੀਰਾਂ ਦੇ ਸਕੂਲਾਂ ਨੂੰ (ਪ੍ਰਾਈਵੇਟ ਸਕੂਲਾਂ ਨੂੰ) ਹੀਰੋ ਤੇ ਗਰੀਬਾਂ ਦੇ ਸਕੂਲਾਂ ਨੂੰ (ਸਰਕਾਰੀ ਸਕੂਲਾਂ ਨੂੰ) ਜ਼ੀਰੋ ਕਹਿੰਦੇ ਹਨ।
ਭਲਾ ਕੋਈ ਪੁੱਛੇ ਸਰਕਾਰੀ ਸਕੂਲਾਂ ਨੂੰ ਜ਼ੀਰੋ ਕਿਸ ਨੇ ਬਣਾਇਆ ਹੈ? ਜੇ ਸਾਡੇ ਵਜ਼ੀਰ, ਸਾਡੇ ਵਿਧਾਇਕ, ਸਾਡੇ ਡਾਇਰੈਕਟਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸਾਡੇ ਸਕੂਲ ਮੁਖੀ ਸਾਰੇ ਹੀ ਸਰਕਾਰੀ ਸਕੂਲਾਂ ਨੂੰ ਭੰਡਣਗੇ, ਬੁਰਾ-ਭਲਾ ਕਹਿਣਗੇ ਤਾਂ ਕੀ ਉਨ੍ਹਾਂ ਵਿਚ ਸੁਧਾਰ ਆ ਜਾਵੇਗਾ? ਸਰਕਾਰੀ ਸਕੂਲ ਓਨੇ ਹੀ ਚੰਗੇ ਜਾਂ ਮਾੜੇ ਹੋਣਗੇ, ਜਿੰਨੀ ਚੰਗੀ ਜਾਂ ਮਾੜੀ ਸਰਕਾਰ ਹੋਵੇਗੀ, ਆਖਰ ਇਹ ਸਰਕਾਰੀ ਸਕੂਲ ਹਨ, ਸਰਕਾਰ ਦੇ ਹਨ, ਸਰਕਾਰ ਹੀ ਇਨ੍ਹਾਂ ਨੂੰ ਚਲਾਉਂਦੀ ਹੈ। ਅਫਸੋਸ ਹੈ ਕਿ ਅਸੀਂ 1964 ਵਿਚ ਕੀਤੀ ਗਈ ਕੁਠਾਰੀ ਸਿੱਖਿਆ ਕਮਿਸ਼ਨ ਦੀ ਸਿਫਾਰਸ਼ ਨਹੀਂ ਮੰਨੀ, ਅਸੀਂ ਸਾਂਝੀ ਸਕੂਲ ਪ੍ਰਣਾਲੀ ਨਹੀਂ ਬਣਾਈ। ਹੁਣ ਅਸੀਂ ਇਸ ਸਥਿਤੀ ਵਿਚ ਪਹੁੰਚ ਚੁੱਕੇ ਹਾਂ ਕਿ ਕੋਈ ਵੀ ਸ਼ਕਤੀ (ਸਣੇ ਕੇਂਦਰੀ ਸਰਕਾਰ ਦੇ) ਪ੍ਰਾਈਵੇਟ (ਅਖੌਤੀ ਪਬਲਿਕ) ਸਕੂਲਾਂ ਨੂੰ ਬੰਦ ਨਹੀਂ ਕਰ ਸਕਦੀ। (ਚਲਦਾ)

(ਡਾ:) ਟੀ. ਆਰ. ਸ਼ਰਮਾ

(ਰੋਜ਼ਾਨਾ ਅਜੀਤ ਜਲੰਧਰ)

No comments: