26 May, 2007

ਸਿਰਸਾ ਪੁਲਿਸ ਨੇ ਜਗਤਾਰ ਸਿੰਘ ਦੇ ਕੇਸ ਕਤਲ ਕੀਤੇ

ਲੌਂਗੋਵਾਲ, 25 ਮਈ (ਵਿਨੋਦ ਸ਼ਰਮਾ)-ਡੇਰਾ ਵਿਵਾਦ ਸਬੰਧੀ ਨੇੜਲੇ ਪਿੰਡ ਸ਼ੇਰੋਂ ਦੇ ਜੰਮਪਲ ਭਾਈ ਜਗਤਾਰ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਸਮੁੱਚੇ ਪਿੰਡ ਵਿੱਚ ਰੋਸ ਦਾ ਮਾਹੌਲ ਹੈ। ਇਸ ਸਬੰਧੀ ਜਗਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੱਦਦ ਦੀ ਅਪੀਲ ਕੀਤੀ ਹੈ। ਜਗਤਾਰ ਸਿੰਘ ਦੀ ਮਾਤਾ ਅਜਮੇਰ ਕੌਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ੳੁਹ ਮਜ਼ਦੂਰੀ ਕਰਕੇ ਪਾਲਣ ਪੋਸ਼ਣ ਕਰਦੇ ਹਨ। ਪਰਸੋਂ ਰਾਤ ਤੋਂ ਹੀ ਸਾਡੇ ਘਰ ਭਾਰੀ ਪੁਲਿਸ ਫੋਰਸ ਦਾ ਆਉਣਾ ਜਾਣਾ ਹੈ। ਕੱਲ੍ਹ ਹਰਿਆਣਾ ਪੁਲਿਸ ਅਧਿਕਾਰੀਆਂ ਨੇ ਸਾਥੋਂ ਪੁੱਛ-ਗਿੱਛ ਕਰਨ ਤੋਂ ਬਾਅਦ ਕਿਹਾ ਕਿ ਤੁਹਾਡਾ ਲੜਕਾ ਮਾਨਸਿਕ ਪ੍ਰੇਸ਼ਾਨੀ ਕਾਰਨ ਡੇਰੇ ’ਚੋਂ ਫੜਿਆ ਗਿਆ ਸੀ ਅਤੇ ਹੁਣ ਉਹ ਸਿਰਸਾ ਵਿਖੇ ਜ਼ੇਰੇ ਇਲਾਜ ਹੈ। ਉਸ ਤੋਂ ਬਾਅਦ ਪੰਜਾਬ ਪੁਲਿਸ ਅਧਿਕਾਰੀ ੳੁਸ ਨੂੰ ਅਤੇ ੳੁਸ ਦੇ ਪਤੀ ਸੁਖਦੇਵ ਸਿੰਘ, ਸਰਪੰਚ ਅਤੇ ਪਤਵੰਤਿਆਂ ਨੂੰ ਲੈ ਕੇ ਸਿਰਸਾ ਲੜਕੇ ਨੂੰ ਮਿਲਾਉਣ ਲਈ ਚੱਲ ਪੲੇ ਪਰ ਸਾਡੀ ਹੈਰਾਨੀ ਦੀ ਉਦੋਂ ਕੋਈ ਹੱਦ ਨਹੀਂ ਰਹੀ, ਜਦੋਂ ਸਾਨੂੰ ਰੋਹਤਕ ਦੇ ਹਸਪਤਾਲ ਵਿਚ ਲਿਜਾ ਕੇ ਉਤਾਰ ਦਿੱਤਾ। ਸਾਡਾ ਲੜਕਾ ਉੱਥੇ ਨੀਮ ਬੇਹੋਸ਼ੀ ਦੀ ਹਾਲਤ ਵਿਚ ਦਾਖਿਲ ਪਿਆ ਸੀ। ਪਹਿਲਾਂ ਤਾਂ ਸਾਨੂੰ ਉਸ ਨੂੰ ਦੂਰੋਂ ਹੀ ਵੇਖਣ ਦਿੱਤਾ ਪ੍ਰੰਤੂ ਸਾਨੂੰ ਸਾਡਾ ਲੜਕਾ ਸਿਆਣ ਵਿਚ ਨਹੀਂ ਆਇਆ ਕਿੳੁਂਕਿ ੳੁਸਦੇ ਦਾਹੜੀ ਕੇਸ ਨਹੀਂ ਸਨ। ਸਾਡੀ ਜ਼ਿੱਦ ਅਤੇ ਪੰਚਾਇਤ ਦੀ ਬੇਨਤੀ ’ਤੇ ਸਾਨੂੰ ਇਕੱਲੇ-ਇਕੱਲੇ ਨੂੰ ਲੜਕੇ ਦੇ ਕੋਲ ਜਾਣ ਦਿੱਤਾ ਪਰ ਸਾਨੂੰ ਉਸ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ। ਮਾਤਾ ਅਜਮੇਰ ਕੌਰ ਨੇ ਦੱਸਿਆ ਭਾਵੇਂ ਮੇਰਾ ਲੜਕਾ ਜਿਉਂਦਾ ਹੈ ਪਰ ਉਸਦੀ ਹਾਲਤ ਬੇਹੱਦ ਨਾਜ਼ੁਕ ਹੈ। ਮੇਰੇ ਗੁਰਸਿੱਖ ਲੜਕੇ ਦੇ ਦਾਹੜੀ ਕੇਸ ਕਤਲ ਕੀਤੇ ਜਾਣਾ ਵੀ ਰਹੱਸ ਬਣਿਆ ਹੋਇਆ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਮੇਰੇ ਪੁੱਤਰ ਨੂੰ ਝੂਠੇ ਮਸਲਿਆਂ ਵਿਚ ਜਾਣ-ਬੁੱਝ ਕੇ ਉਲਝਾਇਆ ਜਾ ਸਕਦਾ ਹੈ। ਜਦੋਂ ਇਸ ਮਸਲੇ ਸਬੰਧੀ ਥਾਣਾ ਸਦਰ ਮੁਖੀ ਰਜਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਹ ਸਿਰਸਾ ਚਲਾ ਗਿਆ।

(ਰੋਜ਼ਾਨਾ ਅਜੀਤ)

No comments: