29 May, 2007

ਪਾਕਿਸਤਾਨ ਲਈ ਵੱਡਾ ਖ਼ਤਰਾ ਬਣ ਚੁੱਕੇ ਹਨ ਮੂਲਵਾਦੀ

ਪਾਕਿਸਤਾਨ ਪੀਪਲਜ਼ ਪਾਰਟੀ ਨੇ ਪਹਿਲਾਂ ਵੀ ਚੇਤਾਇਆ ਸੀ, ਕੱਟੜਵਾਦੀਆਂ ਨੂੰ ਉਨ੍ਹਾਂ ਦੀਆਂ ਅਫ਼ਗਾਨਿਸਤਾਨ ਵਿਚਲੀਆਂ ਸੁਰੱਖਿਅਤ ਸ਼ਰਨਗਾਹਾਂ ਵਿਚੋਂ ਕੱਢੇ ਜਾਣ ਤੋਂ ਬਾਅਦ ਉਹ ਮੁੜ ਉਭਾਰ ਹਾਸਲ ਕਰ ਰਹੇ ਹਨ। ਸਮੇਂ ਨੇ ਉਹ ਖਦਸ਼ੇ ਵੀ ਸਹੀ ਸਾਬਤ ਕਰ ਦਿੱਤੇ ਹਨ, ਜੋ ਸੰਨ 2002 ਵਿਚ ਪ੍ਰਗਟਾੲੇ ਗੲੇ ਸਨ ਕਿ ਜੇ ਪਾਕਿਸਤਾਨ ਵਿਚ ਜਮਹੂਰੀਅਤ ਬਹਾਲ ਨਾ ਕੀਤੀ ਗਈ ਤਾਂ ਜਹਾਦੀ ਤੱਤ ਮੁੜ ਉਭਰ ਆਉਣਗੇ। ਸੰਨ 2002 ਦੀਆਂ ਆਮ ਚੋਣਾਂ ਵਿਚ ਪਾਕਿਤਾਨ ਪੀਪਲਜ਼ ਪਾਰਟੀ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਵੱਡੀ ਪੱਧਰ ’ਤੇ ਧਾਂਦਲੀਬਾਜ਼ੀ ਕਰਨ, ਅਸੈਂਬਲੀ ਦਾ ਇਜਲਾਸ ਅੱਗੇ ਪਾਉਣ ਅਤੇ ਪੀ. ਪੀ. ਪੀ. ਦੇ ਅਸੈਂਬਲੀ ਮੈਂਬਰਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾਉਣ ਦੀਆਂ ਕਾਰਵਾਈਆਂ ਨੇ ਪਾਕਿਸਤਾਨ ਲਈ ਬੜੇ ਗੰਭੀਰ ਨਤੀਜੇ ਕੱਢੇ।
ਅੱਤਵਾਦੀ ਹੋੲੇ ਜਥੇਬੰਦ
ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਅੱਤਵਾਦੀ ਕਿਸਮ ਦੇ ਮੂਲਵਾਦੀਆਂ, ਜੋ ਵਿਦੇਸ਼ੀ ਅਤੇ ਸਥਾਨਿਕ ਤਾਲਿਬਾਨਾਂ ਤੇ ਦੱਖਣ ੲੇਸ਼ੀਆ ਤੋਂ ਆੲੇ ਅਲ-ਕਾਇਦਾ ਕਾਰਕੁੰਨਾਂ ਦਾ ਮਿਸ਼ਰਨ ਹਨ, ਨੇ ਕਬਾਇਲੀ ਇਲਾਕਿਆਂ ਵਿਚ ਆਪਣੇ ਆਧਾਰ ਸਥਾਪਿਤ ਕਰ ਲੲੇ ਹਨ। ਸੰਨ 2001 ਵਿਚ ਹੋਈ ਆਪਣੀ ਹਾਰ ਤੋਂ ਬਾਅਦ ਉਹ ਮੁੜ ਜਥੇਬੰਦ ਹੋ ਚੁੱਕੇ ਹਨ ਤੇ ਉਨ੍ਹਾਂ ਨੇ ਆਪਣੀ ਇਕ ਤਰ੍ਹਾਂ ਦੀ ਫੌਜ ਵੀ ਖੜੀ ਕਰ ਲਈ ਹੈ, ਜੋ ਆਤਮਘਾਤੀ ਹਮਲਾਵਰਾਂ ਅਤੇ ਗੁਰੀਲਾ ਪੈਂਤੜਿਆਂ ਨਾਲ ਲੈਸ ਹੈ। ਇਨ੍ਹਾਂ ਵਿਚੋਂ ਬਹੁਤੀਆਂ ਤਾਕਤਾਂ 1980ਵਿਆਂ ਵੇਲੇ ਜਨਰਲ ਜ਼ਿਆ ਦੇ ਤਾਨਾਸ਼ਾਹੀ ਨਿਜ਼ਾਮ ਵਿਚੋਂ ਹਨ, ਜਿਸ ਦੀ ਅਫ਼ਗਾਨ ਮੁਜਾਹਿਦੀਨਾਂ ਨਾਲ ਬੜੀ ਨੇੜਤਾ ਰਹੀ ਸੀ। ਇਹੀ ਅਫ਼ਗਾਨ ਮੁਜਾਹਿਦੀਨ ਬਾਅਦ ਵਿਚ ਤਾਲਿਬਾਨ ਅਤੇ ਅਲ-ਕਾਇਦਾ ਵਿਚ ਬਦਲ ਗੲੇ। ਉਨ੍ਹਾਂ ਦੇ ਪਾਕਿਸਤਾਨੀ ਸਾਥੀ ਵੀ ਇਸੇ ਤਰ੍ਹਾਂ ਆਪਣਾ ਰੂਪ ਬਦਲ ਕੇ ਪਹਿਲਾਂ ਆਈ. ਜੇ. ਆਈ. ਅਤੇ ਫਿਰ ਪੀ. ਐਮ. ਐਲ. (ਕਿਊ.) ਵਜੋਂ ਸਾਹਮਣੇ ਆੲੇ। ਜਦੋਂ ਤਾਲਿਬਾਨ ਅਤੇ ਅਲ-ਕਾਇਦਾ ਵਰਗੀਆਂ ਤਾਕਤਾਂ 90ਵਿਆਂ ਦੇ ਦਹਾਕੇ ਦੌਰਾਨ ਅਫ਼ਗਾਨਿਸਤਾਨ ’ਚ ਆਪਣੀਆਂ ਸਰਗਰਮੀਆਂ ’ਚ ਰੁੱਝੀਆਂ ਸਨ ਤਾਂ ਉਨ੍ਹਾਂ ਦੇ ਪਾਕਿਸਤਾਨੀ ਸਾਥੀ ਦੇਸ਼ ਵਿਚ ਇਸ ਸਮੇਂ ਦੌਰਾਨ ਬਣੀਆਂ ਪੀਪਲਜ਼ ਪਾਰਟੀ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ’ਚ ਲੱਗੇ ਹੋੲੇ ਸਨ। ਫਿਰ ਜਦੋਂ ਅਲ-ਕਾਇਦਾ ਅਤੇ ਤਾਲਿਬਾਨ ਦੇ ਨੇੜਲੇ ਮਿੱਤਰ ਦਾੜ੍ਹੀ-ਵਿਹੂਣੇ ਸੰਸਦੀ ਨੇਤਾਵਾਂ ਦਾ ਲਬਾਦਾ ਪਾ ਕੇ ਸੱਤਾ ਵਿਚ ਆੲੇ ਤਾਂ ਪਾਕਿਸਤਾਨ ਦਾ ਤਾਲਿਬਾਨੀਕਰਨ ਤੇਜ਼ੀ ਨਾਲ ਸ਼ੁਰੂ ਹੋ ਗਿਆ। ਇਸ ਦਾ ਮਕਸਦ ਧਾਰਮਿਕ ਮਦਰਸਿਆਂ ਦੇ ਤਾਣੇ-ਬਾਣੇ ਰਾਹੀਂ ਮੂਲਵਾਦੀਆਂ ਨੂੰ ਮਜ਼ਬੂਤ ਕਰਨਾ ਅਤੇ ਪੀ. ਪੀ. ਪੀ. ਨੂੰ ਨੁੱਕਰੇ ਲਾਉਣਾ ਸੀ। ਮਦਰੱਸੇ ਵਿਦਿਆਰਥੀਆਂ ਦੀ ਉਸਾਰੂ ਸੋਚ ਨੂੰ ਤਬਾਹਕੁੰਨ ਸੋਚ ਵਿਚ ਬਦਲਣ ਲਈ ਸਿਰਜੇ ਗੲੇ ਸਨ। ਇਨ੍ਹਾਂ ਦਾ ਮਕਸਦ ਪਾਕਿਸਤਾਨ ਵਿਚ ਵਿਦਿਆਰਥੀਆਂ ਦੀ ਥਾਂ ‘ਤਾਲਿਬਾਂ’ ਦੀ ਇਕ ਨਵੀਂ ਪੀੜ੍ਹੀ ਦੀ ਸਿਰਜਣਾ ਕਰਨਾ ਸੀ। ਇਹ ਇਕ ਤਰ੍ਹਾਂ ਨਾਲ ਬਿਪਤਾ ਦਾ ਅਜਿਹਾ ਘੜਾ ਭਰਨ ਵਾਲਾ ਅਮਲ ਸੀ, ਜੋ ਕਦੇ ਵੀ ਟੁੱਟ ਕੇ ਪੂਰੇ ਪਾਕਿਸਤਾਨ ਵਿਚ ਬਿਖਰ ਸਕਦਾ ਸੀ। ਮੌਜੂਦਾ ਸਮੇਂ ਦੇਸ਼ ਨੂੰ ਖ਼ਤਰਾ ਇਹ ਹੈ ਕਿ ਜੇ ਚੋਣਾਂ ਵਿਚ ਫਿਰ ਧਾਂਦਲੀਬਾਜ਼ੀ ਹੋ ਗਈ ਅਤੇ ਤਾਲਿਬਾਨੀ ਤੱਤਾਂ ਦੇ ਮਿੱਤਰ ਆਪਣੀ ਹੋਂਦ ਬਚਾਉਣ ਵਿਚ ਕਾਮਯਾਬ ਰਹੇ ਤਾਂ ਜਹਾਦੀ ਤਾਕਤਾਂ ਪੂਰੇ ਦੇਸ਼ ’ਤੇ ਭਾਰੂ ਹੋ ਜਾਣਗੀਆਂ। ਮੌਜੂਦਾ ਸੱਤਾ-ਢਾਂਚਾ ਪੀ. ਐਮ. ਐਲ. (ਕਿਊ.) ਦੀ ਅਗਵਾਈ ਹੇਠ ਚਲ ਰਿਹਾ ਹੈ। ਇਸ ਦੇ ਕੁਝ ਮੈਂਬਰ ਉਦਾਰਵਾਦੀ ਹਨ ਪਰ ਬਹੁਤੇ ਉਹ ਹਨ, ਜੋ ਜਨਰਲ ਜ਼ਿਆ ਦੇ ਯੁੱਗ ਵੇਲੇ ਵੇਲੇ ਫੌਜੀ ਤਾਨਾਸ਼ਾਹੀ ਅਤੇ ਖੁਫ਼ੀਆ ਤਾਣੇ-ਬਾਣੇ ਦਾ ਅਹਿਮ ਹਿੱਸਾ ਰਹੇ ਹਨ।
ਸਰਕਾਰੀ ਰੁਖ਼
ਵੱਡੀ ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਜਿਥੇ ਐਮ. ਐਮ. ੲੇ. ਵਰਗੀਆਂ ਧਾਰਮਿਕ ਧਿਰਾਂ ਨੇ ਲਾਲ ਮਸਜਿਦ ਅਤੇ ਜਾਮੀਆ ਹਫ਼ਸਾ ਤੋਂ ਖ਼ੁਦ ਨੂੰ ਦੂਰ ਰੱਖਿਆ, ਉਥੇ ਮੰਤਰੀ ਮੰਡਲ ਨੇ ਇਸ ਤੋਂ ਬਿਲਕੁਲ ਉਲਟ ਕੀਤਾ। ਦੱਸਿਆ ਜਾਂਦਾ ਹੈ ਕਿ ਲਾਲ ਮਸਜਿਦ ਨੂੰ ਜਾਂਦਾ ਇਕ ਅਸਲੇ ਦਾ ਟਰੱਕ ਫੜਿਆ ਗਿਆ ਸੀ, ਸਗੋਂ ਉਹ ਵੀ ਇਕ ਕੈਬਨਿਟ ਮੰਤਰੀ ਦੇ ਕਹਿਣ ’ਤੇ ਛੱਡ ਦਿੱਤਾ ਗਿਆ। ਦੋ ਪੁਲਿਸ ਵਾਲੇ ਅਗਵਾ ਕਰ ਲੲੇ ਗੲੇ ਪਰ ਪੁਲਿਸ ਮੰਤਰੀ ਮੰਡਲ ਦੇ ਦਬਾਅ ਕਰਕੇ ਮੂਲਵਾਦੀ ਅਗਵਾਕਾਰਾਂ ਖਿਲਾਫ਼ ਪਰਚਾ ਵੀ ਦਰਜ ਨਾ ਕਰ ਸਕੀ। ਲਾਲ ਮਸਜਿਦ ਦਾ ਮੁਖੀ ਮੌਲਵੀ ਅਸਲ ਵਿਚ ਮੰਤਰੀ ਮੰਡਲ ਨੇ ਹੀ ਨਿਯੁਕਤ ਕੀਤਾ ਹੋਇਆ ਹੈ। ਇਹ ਇਕ ਸਰਕਾਰੀ ਨੁਮਾਇੰਦਾ ਹੈ, ਜਿਸ ਨੂੰ ਇਸਲਾਮਾਬਾਦ ਵਿਚ ਅਖੌਤੀ ਸ਼ਰੀਅਤ ਅਦਾਲਤਾਂ ਦੀ ਸਥਾਪਨਾ ਲਈ ਨਿਯੁਕਤ ਕੀਤਾ ਗਿਆ ਸੀ। ਜਿਸ ਜ਼ਮੀਨ ’ਤੇ ਮੌਜੂਦਾ ਧਾਰਮਿਕ ਸਕੂਲ ਬਣੇ ਹਨ, ਉਹ ਸਰਕਾਰੀ ਹੈ ਅਤੇ ਸਰਕਾਰ ਦੀ ਨਾਲ ਹੀ ਰਜ਼ਾਮੰਦੀ ਹੀ ਜਾਮੀਆ ਹਫ਼ਸਾ ਨੇ ਇਸ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਨਾਜ਼ਾਇਜ ਢੰਗ ਨਾਲ ਕਬਜ਼ੇ ਹੇਠ ਲਈ ਗਈ ਜ਼ਮੀਨ ’ਤੇ ਮਦਰਸਿਆਂ ਦੀ ੳੁਸਾਰੀ ਵੇਲੇ ਹਕੂਮਤ ਨੇ ਦਾਅਵਾ ਕੀਤਾ ਸੀ ਕਿ ਇਹ ਮਦਰਸਿਆਂ ਵਿਚ ਸੁਧਾਰ ਲਿਆਵੇਗੀ ਅਤੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰੇਗੀ ਪਰ ਸੁਧਾਰ ਕਰਨ ਦੀ ਥਾਂ ਮੂਲਵਾਦੀਆਂ ਨੂੰ ਮਜ਼ਬੂਤ ਕੀਤਾ ਗਿਆ, ਉਨ੍ਹਾਂ ਨੂੰ ਫੰਡ ਮੁਹੱਈਆ ਕਰਾੲੇ ਗੲੇ ਤਾਂ ਕਿ ਉਹ ੲੇਨਾ ਕੁ ਵਿਸਥਾਰ ਹਾਸਲ ਕਰ ਲੈਣ ਕਿ ਇਕ ਦਿਨ ਇਸਲਾਮਾਬਾਦ ਤੱਕ ਹੀ ਆ ਪੁੱਜਣ।
ਕਿਹਾ ਜਾ ਰਿਹਾ ਹੈ ਕਿ ਜਾਮੀਆ ਹਫ਼ਸਾ ਮਸਜਿਦ ਨੂੰ ਕੋਈ ਛੋਹ ਵੀ ਨਹੀਂ ਸਕਦਾ ਕਿਉਂਕਿ ਉਥੇ ਫੌਜੀ ਅਧਿਕਾਰੀਆਂ ਦੀਆਂ ਲੜਕੀਆਂ ਪੜ੍ਹਦੀਆਂ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਪਿਤਾ ਆਪਣੀਆਂ ਧੀਆਂ ਨੂੰ ‘ਚੌਕਸੀ ਦਸਤੇ’ ਬਣਾਉਣ ਦੀ ਆਗਿਆ ਕਿਵੇਂ ਦੇ ਸਕਦੇ ਹਨ? ਅਜੇ ਅਸਲ ਵਿਚ ਹਕੀਕਤ ਦਾ ਛੋਟਾ ਜਿਹਾ ਹਿੱਸਾ ਹੀ ਸਾਹਮਣੇ ਆਇਆ ਹੈ। ਲਾਲ ਮਸਜਿਦ ਦਾ ਮੁਖੀ ਆਪਣੀ ਹਮਾਇਤ ਲਈ ਇਸਲਾਮਾਬਾਦ ਦੇ ਹੋਰ ਮਦਰਸਿਆਂ ਤੋਂ ਵੀ ਵਿਦਿਆਰਥੀਆਂ ਨੂੰ ਮੰਗਵਾ ਸਕਦਾ ਹੈ। ਹੋ ਸਕਦਾ ਹੈ ਉਹ ਇਸਲਾਮਾਬਾਦ ਵਿਚ ਅੰਦਰਖਾਤੇ ਹੀ ਆਪਣੀ ਸਮਾਨਾਂਤਰ ਫੌਜ ਵੀ ਸਿਰਜ ਰਿਹਾ ਹੋਵੇ, ਜੋ ਉਭਰਨ ਲਈ ਉਸ ਦੇ ਹੁਕਮਾਂ ਦੀ ਉਡੀਕ ਕਰ ਰਹੇ ਹੋਵੇ।
ਸਰਕਾਰ ਦਾ ਕਹਿਣਾ ਹੈ ਕਿ ਉਹ ਕਮਜ਼ੋਰ ਨਹੀਂ ਪਰ ਚੰਗੀ ਅਤੇ ਦਇਆਵਾਨ ਹੈ। ਦਇਆ ਕਰਕੇ ਹੀ ਇਹ ਲਾਲ ਮਸਜਿਦ ਨੇੜਲੇ ਦੋ ਮਦਰਸਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਪਰ ਅਜਿਹੀ ਦਇਆ ਉਨ੍ਹਾਂ ਲੋਕਾਂ ਲਈ ਕਿਉਂ ਨਹੀਂ ਸੀ ਦਿਖਾਈ ਗਈ ਜੋ ਸੰਨ 2005 ਵਿਚ ਬਿਲਕੁਲ ਸ਼ਾਂਤਮਈ ਢੰਗ ਨਾਲ ਆਸਿਫ਼ ਜ਼ਰਦਾਰੀ ਦੇ ਸਵਾਗਤ ਲਈ ਇਕੱਠੇ ਹੋੲੇ ਸਨ। ਨਾ ਹੀ ਇਹ ਦਇਆ ਕਰਾਚੀ ਵਿਚ ਫਰਵਰੀ ਦੀਆਂ ਚੋਣਾਂ ਵੇਲੇ ਇਕ ਪੋਲੰਿਗ ਬੂਥ ਤੇ ਉਨ੍ਹਾਂ ਔਰਤਾਂ ਪ੍ਰਤੀ ਵਰਤੀ ਗਈ ਸੀ ਜਿਨ੍ਹਾਂ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ, ਮਾਰਿਆ ਤੇ ਜ਼ਖਮੀ ਕੀਤਾ ਗਿਆ ਸੀ ਅਤੇ ਨਾ ਹੀ ਅਜਿਹੀ ਦਇਆ ਸੰਯੁਕਤ ਰਾਸ਼ਟਰ ਦੀ ਰਿਪੋਰਟਰ ਪ੍ਰਤੀ ਤੇ ਇਕ ਜੱਜ ਦੀ ਭੈਣ ਪ੍ਰਤੀ ਵਰਤੀ ਗਈ ਸੀ, ਜੋ ਇਕ ਸ਼ਾਂਤਮਈ ਰੋਸ ਮੁਜ਼ਾਹਰੇ ਵਿਚ ਹਿੱਸਾ ਲੈ ਰਹੀਆਂ ਸਨ।
ਲੋਕਾਂ ’ਤੇ ਪਾਬੰਦੀਆਂ
ਮੌਜੂਦਾ ਸਮੇਂ ਬਣਾੲੇ ਗੲੇ ‘ਚੌਕਸੀ ਦਸਤੇ’ ਇਸਲਾਮਾਬਾਦ ਵਿਚ ਹਜ਼ਾਮਤ ਕਰਨ ਵਾਲਿਆਂ, ਬਿਊਟੀ ਪਾਰਲਰ ਵਾਲਿਆਂ ਅਤੇ ਮਨੋਰੰਜਨ ਨਾਲ ਸੰਬੰਧਿਤ ਸਟੋਰਾਂ ਵਾਲਿਆਂ ਨੂੰ ਸ਼ਰੇਆਮ ਧਮਕਾ ਰਹੇ ਹਨ। ਲੋਕਾਂ ’ਤੇ ਕੱਟੜ ਪਾਬੰਦੀਆਂ ਠੋਸ ਰਹੇ ਹਨ। ਬਾਕੀ ਸਾਰੇ ਮੁਸਲਮਾਨਾਂ ਵਾਂਗ ਮੈਨੂੰ ਵੀ ਆਪਣੇ ਇਸਲਾਮ ਧਰਮ ’ਤੇ ਮਾਣ ਹੈ। ਪਰ ਅਸੀਂ ਸਾਰੇ ਮੁਸਲਿਮ ਇਸ ਗੱਲ ਦੇ ਵਿਰੁੱਧ ਹਾਂ ਕਿ ਕੁਝ ਖਾਸ ਕਿਸਮ ਦੇ ਮੌਲਵੀ ਸਾਨੂੰ ਇਸਲਾਮ ਦੀ ਆਪਣੇ ਢੰਗ ਨਾਲ ਵਿਆਖਿਆ ਕਰਕੇ ਕਿਉਂ ਦੱਸਣ ਅਤੇ ਧਰਮ ਨੂੰ ਇਕ ਬੰਧਨ ਵਾਂਗ ਕਿਉਂ ਪੇਸ਼ ਕਰਨ। ਅਫ਼ਗਾਨ ਜਹਾਦ ਦੇ ਬਚੇ-ਖੁਚੇ ਤੱਤਾਂ ਵੱਲੋਂ ਹੁਣ ਕੌਮਾਂ, ਧਰਮਾਂ ਅਤੇ ਆਮ ਲੋਕਾਂ ਵੱਲ ਆਪਣੀਆਂ ਬੰਦੂਕਾਂ ਸੇਧੀਆਂ ਜਾ ਰਹੀਆਂ ਹਨ, ਜੋ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਕਰਨਯੋਗ ਨਹੀਂ। ਮੂਲਵਾਦੀ ਤੱਤ ਇਸਲਾਮ ਦੇ ਨਾਂਅ ਦੀ ਵਰਤੋਂ ਕਰਦਿਆਂ ਲਗਾਤਾਰ ਅਜਿਹੀਆਂ ਹਰਕਤਾਂ ਕਰ ਰਹੇ ਹਨ, ਜੋ ਉਲਟਾ ਮੁਸਲਿਮ ਭਾਈਚਾਰਿਆਂ ਦੀ ਤਬਾਹੀ ਦਾ ਹੀ ਕਾਰਨ ਬਣ ਰਹੀਆਂ ਹਨ। ਅਫ਼ਗਾਨਿਸਤਾਨ ਅਤੇ ਇਰਾਕ ਦੀਆਂ ਜੰਗਾਂ ਵਿਸ਼ਵ ਵਪਾਰ ਕੇਂਦਰ ’ਤੇ ਹੋੲੇ ਹਮਲੇ ਦਾ ਹੀ ਨਤੀਜਾ ਸਨ। ਇਨ੍ਹਾਂ ਹਮਲਿਆਂ ਨਾਲ ਦੁਨੀਆ ਭਰ ਵਿਚ ਇਕ ਮਹਾਨ ਧਰਮ ਵਜੋਂ ਇਸਲਾਮ ਧਰਮ ਦੇ ਅਕਸ ਨੂੰ ਵੀ ਵੱਡਾ ਧੱਕਾ ਲੱਗਾ ਹੈ।
ਆਤਮਘਾਤੀ ਹਮਲਾਵਰ ਸੋਚਦੇ ਹਨ ਕਿ ਉਹ ਆਪਣੀਆਂ ਕਾਰਵਾਈਆਂ ਰਾਹੀਂ ਖ਼ੁਦਾ ਦੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਸਰਗਰਮੀਆਂ ਇਸਲਾਮ ਦੀ ਮਦਦ ਨਹੀਂ ਕਰਦੀਆਂ ਸਗੋਂ ਉਸ ਨੂੰ ਸੱਟ ਹੀ ਮਾਰਦੀਆਂ ਹਨ। ਦੁਨੀਆ ਭਰ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਇਕ ਉੱਭਰਵੇਂ ਪ੍ਰਵਾਸੀ ਭਾਈਚਾਰੇ ਵਜੋਂ ਸਥਾਪਿਤ ਹੋੲੇ ਹਨ ਪਰ ਮੂਲਵਾਦੀਆਂ ਦੀਆਂ ਇਨ੍ਹਾਂ ਕਾਰਵਾਈਆਂ ਕਰਕੇ ਉਨ੍ਹਾਂ ’ਚੋਂ ਕੋਈ ਵੀ ਹੁਣ ਸੁਰੱਖਿਅਤ ਨਹੀਂ ਰਹਿ ਗਿਆ। ਇਥੋਂ ਤੱਕ ਕਿ ਹੁਣ ਤਾਂ ਪਾਕਿਸਤਾਨ ਵਰਗੇ ਦੇਸ਼ਾਂ ਵਿਚਲੇ ਮੁਸਲਮਾਨਾਂ ਨੂੰ ਵੀ ਨਫ਼ਰਤਯੋਗ ਅਪਰਾਧਾਂ ਦੇ ਪੀੜਤ ਬਣਾਇਆ ਜਾ ਰਿਹਾ ਹੈ।
ਸਮੇਂ ਦੀ ਲੋੜ
ਮੌਜੂਦਾ ਸਮੇਂ ਅਸੀਂ ਇਕ ਵਿਸ਼ਵ ਪਿੰਡ ਵਿਚ ਰਹਿ ਰਹੇ ਹਾਂ। ਸਾਰੇ ਮਹਾਨ ਧਰਮਾਂ ਦੇ ਸਿਧਾਂਤ ਇਕੋ ਜਿਹੇ ਹੀ ਹਨ। ਆਪਸ ਵਿਚ ਸਦਭਾਵਨਾ ਨਾਲ ਰਹਿਣ ਲਈ ਸਾਨੂੰ ਦਿਲੋਂ ਧਰਮ ਦਾ ਸਤਿਕਾਰ ਕਰਨ ਦੀ ਲੋੜ ਹੈ, ਕਿਸੇ ਮਜਬੂਰੀ ਜਾਂ ਬੰਧਨ ਹੇਠ ਨਹੀਂ। ਪਾਕਿਸਤਾਨੀ ਸਰਕਾਰ ਲਗਾਤਾਰ ਮੂਲਵਾਦੀਆਂ ਦੀਆਂ ਸਰਗਰਮੀਆਂ ਤੋਂ ਅੱਖਾਂ ਮੀਟੀ ਬੈਠੀ ਹੈ। ਮੰਤਰੀ ਮੰਡਲ ਵੱਲੋਂ ਲਾਲ ਮਸਜਿਦ ਅਤੇ ਜਾਮੀਆ ਹਫ਼ਸਾ ਨੂੰ ਇਸਲਾਮਾਬਾਦ ਵਿਚੋਂ ਆਪਣੇ ਮਦਰੱਸੇ ਤਬਦੀਲ ਕਰਨ ਲਈ ਹੋਰ ਥਾਵਾਂ ’ਤੇ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਸਾਰੇ ਅਮਲ ਦੌਰਾਨ ਹੋਵੇਗਾ ਇਹ ਕਿ ਉਹ ਹੋਰ ਸਰਕਾਰੀ ਜ਼ਮੀਨ ’ਤੇ ਕਾਬਜ਼ ਹੋ ਜਾਣਗੇ ਅਤੇ ਅੰਤ ਦੋਵਾਂ ਥਾਵਾਂ ਵਾਲੀ ਜ਼ਮੀਨ ਦੱਬ ਲੈਣਗੇ। ਜਦੋਂ ਤੱਕ ਅੱਤਵਾਦੀਆਂ ਨੂੰ ਸਖ਼ਤੀ ਨਾਲ ਦਬਾਇਆ ਨਹੀਂ ਜਾਂਦਾ, ਇਹ ਖ਼ਤਰਾ ਬਣਿਆ ਰਹੇਗਾ ਕਿ ਮੂਲਵਾਦ ਦੀ ਲਹਿਰ ਕਿਸੇ ਦਿਨ ਇਕ ਹੜ ਦਾ ਰੂਪ ਧਾਰ ਕੇ ਇਕ ਧਾਰਮਿਕ ਰਾਜ-ਪਲਟੇ ਨੂੰ ਜਨਮ ਦੇ ਸਕਦੀ ਹੈ। ਅਗਲੀ ਵਾਰ ਫੌਜ ਦੀ ਥਾਂ ਧਾਰਮਿਕ ਮੂਲਵਾਦੀਆਂ ਵੱਲੋਂ ਧੱਕੇ ਨਾਲ ਸੱਤਾ ਹਥਿਆਈ ਜਾ ਸਕਦੀ ਹੈ। ਮਲਾਕੰਦ, ਪਰਚਨਾਰ ਅਤੇ ਟਾਂਕ ਵਰਗੇ ਕਬਾਇਲੀ ਖੇਤਰਾਂ ਵਿਚ ਪਹਿਲਾਂ ਹੀ ਮੂਲਵਾਦੀਆਂ ਨੂੰ ਧੁਰ ਅੰਦਰ ਤੱਕ ਘੁਸਪੈਠ ਕਰਨ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਡੇਰਾ ਆਦਮ ਖੇਲ ਵਿਖੇ ਲੜਕੀਆਂ ਦੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗੲੇ ਹਨ ਅਤੇ ਹਜ਼ਾਮਤ ਕਰਨ ਵਾਲਿਆਂ ਤੋਂ ਵਾਅਦਾ ਲਿਆ ਗਿਆ ਹੈ ਕਿ ਉਹ ਕਿਸੇ ਦੀ ਦਾੜ੍ਹੀ ਨਹੀਂ ਕੱਟਣਗੇ। ਉਹ ਆਪਣੀ ਰੋਜ਼ੀ-ਰੋਟੀ ਦਾ ਹੱਕ ਗੁਆ ਬੈਠੇ ਹਨ ਅਤੇ ਲੋਕਾਂ ਕੋਲ ਆਪਣੀ ਮਰਜ਼ੀ ਨਾਲ ਜਿਊਣ ਦਾ ਹੱਕ ਨਹੀਂ ਰਿਹਾ। ਇਹ ਹੱਕ ਮੂਲਵਾਦੀਆਂ ਨੇ ਖੋਹ ਲੲੇ ਹਨ। ਹੋ ਸਕਦਾ ਹੈ ਕਿ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਮੂਲਵਾਦੀਆਂ ਦੇ ਗੁੱਝੇ ਆਧਾਰ ਮੌਜੂਦ ਹੋਣ। ਇਸ ਸਾਰੇ ਕੁਝ ਦੇ ਮੱਦੇਨਜ਼ਰ ਮੌਜੂਦਾ ਸਮੇਂ ਪਾਕਿਸਤਾਨ ਅਤੇ ਕਿਸੇ ਹੱਦ ਤੱਕ ਵਿਸ਼ਵ ਭਾਈਚਾਰਾ ਵੀ, ਇਕ ਦੋਰਾਹੇ ’ਤੇ ਖੜ੍ਹਾ ਨਜ਼ਰ ਆਉਂਦਾ ਹੈ। ਇਸਲਾਮਾਬਾਦ ਤੋਂ ਉਠੀਆਂ ਖ਼ਤਰੇ ਦੀਆਂ ਘੰਟੀਆਂ ਹੋਰ ਵੀ ਉੱਚੀਆਂ ਅਤੇ ਸਪੱਸ਼ਟ ਹੁੰਦੀਆਂ ਜਾ ਰਹੀਆਂ ਹਨ। (ਮੰਦਿਰਾ ਪਬਲੀਕੇਸ਼ਨਜ਼)

(ਬੇਨਜ਼ੀਰ ਭੁੱਟੋ)
(ਰੋਜ਼ਾਨਾ ਅਜੀਤ ਜਲੰਧਰ)

No comments: