• ਕੀ ਤੁਸੀਂ ਕੰਪਿਊਟਰ ਸਾਫਟਵੇਅਰ ਮਾਹਿਰ ਹੋ?
• ਕੀ ਤੁਸੀਂ ਐਮ. ਬੀ. ੲੇ., ਬੀ. ਬੀ. ੲੇ., ਫੈਸ਼ਨ ਡਿਜ਼ਾਈਨਰ ਜਾਂ ਸੀ. ੲੇ. ਹੋ?
• ਕੀ ਤੁਸੀਂ ਇੰਜੀਨੀਅਰ, ਮਾਈਕਰੋਬਾਇਓਲੋਜੀ ਮਾਹਿਰ ਜਾਂ ਲਾਈਫ ਸਾਇੰਸ ਦੇ ਕਿਸੇ ਵੀ ਖੇਤਰ ਵਿਚ ਡਿਗਰੀਧਾਰੀ ਹੋ?
• ਕੀ ਤੁਸੀਂ ਫਰਾਟੇਦਾਰ ਅੰਗਰੇਜ਼ੀ ਬੋਲਦੇ ਹੋ?
ਜੇਕਰ ਤੁਸੀਂ ਇਨ੍ਹਾਂ ’ਚੋਂ ਕੁਝ ਨਹੀਂ ਹੋ ਤਾਂ ਸਮਝੋ ਕਿ ਤੁਹਾਡੇ ਲਈ ਰੁਜ਼ਗਾਰ ਦੀ ਦੁਨੀਆ ਹਨੇਰਾ ਹੀ ਹੈ। ਭਾਵੇਂ ਆੲੇ ਦਿਨ ਵਿਸ਼ਵ ਬੈਂਕ ਅਤੇ ਮੁਦਰਾ ਕੋਸ਼ ਤੇਜ਼ ਰਫਤਾਰ ਵਧਦੀ ਵਿਕਾਸ ਦਰ ਦੇ ਲਈ ਸਾਡੀ ਪਿੱਠ ਥਪਥਪਾਉਂਦੇ ਹੋਣ। ਭਾਵੇਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕਹਿ ਰਹੇ ਹੋਣ ਕਿ ਹੁਣ 10 ਫੀਸਦੀ ਵਿਕਾਸ ਦਰ ਹਾਸਲ ਕਰਨਾ ਦੂਰ ਦੀ ਗੱਲ ਨਹੀਂ। ਭਾਵੇਂ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਹਰ ਦਿਨ ਆਪਣੇ ਲਈ ਨਵੀਆਂ ਬੁਲੰਦੀਆਂ ਛੂਹ ਰਿਹਾ ਹੋਵੇ।
ਬਿਨਾਂ ਸ਼ੱਕ ਪਿਛਲੇ ਕੁਝ ਸਾਲਾਂ ਵਿਚ ਪ੍ਰੋਫੈਸ਼ਨਲ ਦੇ ਲਈ ਇਸ ਦੇਸ਼ ਵਿਚ ਨੌਕਰੀਆਂ ਦੇ ਦਸ-ਦਸ ਰਾਹ ਖੁੱਲ੍ਹੇ ਹੋਣ ਪਰ ਘੱਟ ਪੜ੍ਹੇ-ਲਿਖਿਆਂ ਲਈ ਅੱਜ ਦੇ ਜ਼ਮਾਨੇ ਵਿਚ ਵਧੀਆ ਨੌਕਰੀ ਲੈਣਾ ਬੜੀ ਦੂਰ ਦੀ ਗੱਲ ਹੈ। ਕਹਿਣ ਤੋਂ ਭਾਵ ਹੈ ਕਿ ਅੱਜ ਨੌਜਵਾਨਾਂ ਲਈ ਨੌਕਰੀ ਹਾਸਲ ਕਰਨਾ ਆਸਾਨ ਨਹੀਂ ਹੈ, ਕਿਉਂਕਿ ਰੁਜ਼ਗਾਰ ਦੀ ਜਿਹੜੀ ਸਤਰੰਗੀ ਪੀਂਘ ਉਨ੍ਹਾਂ ਨੂੰ ਦਿਖਾਈ ਜਾ ਰਹੀ ਹੈ, ਉਸ ਵਿਚ ਜ਼ਿਆਦਾਤਰ ਸਾਡੇ ਪਿੰਡਾਂ ਨਾਲ ਸੰਬੰਧਿਤ ਨੌਜਵਾਨ ਫਿੱਟ ਨਹੀਂ ਬਹਿੰਦੇ।
ਉਦਾਰੀਕਰਨ ਦੇ ਇਸ ਦੌਰ ਵਿਚ ਰੁਜ਼ਗਾਰ ਦਾ ਬਾਜ਼ਾਰ ਭਾਵ ‘ਜੌਬ ਮਾਰਕੀਟ’ ਇਸ ਕਦਰ ਉਲਟ-ਪੁਲਟ ਗਈ ਹੈ ਕਿ ਉਸ ਦੇ ਪ੍ਰੰਰਪਰਿਕ ਅਰਥ ਹੀ ਬਦਲ ਗੲੇ ਹਨ ਅਤੇ ਇਹ ਸਿਰਫ ਹਿੰਦੁਸਤਾਨ ’ਚ ਹੀ ਹੋਇਆ ਹੋਵੇਗਾ, ਅਜਿਹਾ ਵੀ ਨਹੀਂ ਹੈ। ਕਿਸੇ ਨਾ ਕਿਸੇ ਰੂਪ ਵਿਚ ਪੂਰੀ ਦੁਨੀਆ ਵਿਚ ਅੱਜ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਇਕ ਪਾਸੇ ਤਾਂ ਜ਼ਰੂਰਤ ਦੇ ਲੋਕ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਤਮਾਮ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਖਤਮ ਹੋ ਰਹੇ ਹਨ।
ਰੁਜ਼ਗਾਰ ਦੀ ਦੁਨੀਆ ਦੇ ਇਸੇ ਉਥਲ-ਪੁਥਲ ਕਾਰਨ ਅੱਜ ਇਥੇ ਸਾਲਾਨਾ 10 ਫੀਸਦੀ ਦਰ ਨਾਲ ਭਿੰਨ-ਭਿੰਨ ਖੇਤਰਾਂ ਵਿਚ ਨਿਪੁੰਨ ਕਾਮੇ ਚਾਹੀਦੇ ਹਨ ਪਰ ਸਾਡੇ ਦੇਸ਼ ਵਿਚ 95 ਫੀਸਦੀ ਨਾਨ-ਪ੍ਰੋਫੈਸ਼ਨਲ ਹਨ ਅਤੇ ਜਿਸ ਵਿਚ 80 ਫੀਸਦੀ ਗਿਣਤੀ ਪਿੰਡਾਂ ਵਾਲਿਆਂ ਦੀ ਹੈ। ਕੁੱਲ ਮਿਲਾ ਕੇ ਜੇਕਰ ਕਿਹਾ ਜਾਵੇ ਕਿ ਉਦਾਰੀਕਰਨ ਅਤੇ ਪਿਛਲੇ ਕੁਝ ਸਾਲਾਂ ਵਿਚ ਵਧੀ ਆਧੁਨਿਕ ਤਕਨੀਕ ਤੋਂ ਬਾਅਦ ਪਿੰਡਾਂ ਵਿਚ ਬੇਰੁਜ਼ਗਾਰੀ ਵਧੀ ਹੈ ਤਾਂ ਗਲਤ ਨਹੀਂ ਹੋਵੇਗਾ। ਅਮਰੀਕਾ ਵਿਚ ਇਸ ਸਮੇਂ ਬੇਰੁਜ਼ਗਾਰੀ 5.1 ਫੀਸਦੀ, ਬ੍ਰਿਟੇਨ ਵਿਚ 4.7 ਫੀਸਦੀ, ਕੈਨੇਡਾ ਵਿਚ 6.8 ਫੀਸਦੀ, ਇੰਡੋਨੇਸ਼ੀਆ ਵਿਚ 10 ਫੀਸਦੀ, ਪਾਕਿਸਤਾਨ 6.6 ਫੀਸਦੀ, ਰੂਸ 7.6 ਫੀਸਦੀ, ਆਸਟ੍ਰੇਲੀਆ 5.2 ਫੀਸਦੀ, ਚੀਨ 4.2 ਫੀਸਦੀ, ਸ੍ਰੀਲੰਕਾ 8.4 ਫੀਸਦੀ, ਕੁਵੈਤ 2.2 ਫੀਸਦੀ, ਥਾਈਲੈਂਡ 1.4 ਫੀਸਦੀ ਅਤੇ ਅਫਗਾਨਿਸਤਾਨ ਵਿਚ ਬੇਰੁਜ਼ਗਾਰਾਂ ਦੀ ਗਿਣਤੀ 40 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਇਸ ਸਭ ਦਾ ਕਾਰਨ ਵੀ ਪ੍ਰੋਫੈਸ਼ਨਲ ਤੇ ਨਾਨ-ਪ੍ਰੋਫੈਸ਼ਨਲ ਲੋਕਾਂ ਦੀ ਮੰਗ ਵਿਚ ਆਇਆ ਵੱਡਾ ਅੰਤਰ ਹੈ। ਭਾਰਤ ਵਿਚ ਪਿੰਡਾਂ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ ’ਚ ਫਸਦਿਆਂ ਅਤੇ ਮਹਾਂਨਗਰਾਂ ਦੇ ਮੱਧਵਰਗੀ ਪਰਿਵਾਰਾਂ ਨੂੰ ਰੁਜ਼ਗਾਰ ਦੇ ਆਕਾਸ਼ ਵਿਚ ਉਡਦਿਆਂ ਦੇਖਿਆ ਜਾ ਰਿਹਾ ਹੈ। ਕਹਿਣ ਤੋਂ ਭਾਵ ਕਿ ਅੱਜ ਭਾਰਤ ਵਿਚ ਨਾਨ-ਪ੍ਰੋਫੈਸ਼ਨਲ ਬੇਰੁਜ਼ਗਾਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਮੈਕੇਂਜੀ ਗਲੋਬਲ ਇੰਸਟੀਚਿਊਟ ਦੀ ਰਿਪੋਰਟ ਵਿਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਆਈ. ਟੀ. ਦਾ ਕਾਰੋਬਾਰ ਅਗਲੇ ਪੰਜ ਸਾਲਾਂ ਵਿਚ 30 ਤੋਂ 40 ਫੀਸਦੀ ਦੀ ਦਰ ਨਾਲ ਵਧੇਗਾ। ਇਸੇ ਵਜ੍ਹਾ ਕਾਰਨ ਸਾਲ 2015 ਤੱਕ 30 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਪਰ ਕੀ ਦੇਸ਼ ਦੇ 20 ਲੱਖ ਗ੍ਰੈਜੂੲੇਟ ਅਤੇ ਤਿੰਨ ਲੱਖ ਪੋਸਟ ਗ੍ਰੈਜੂੲੇਟ ਨੌਜਵਾਨ ਇਸ ਮੰਗ ਨੂੰ ਪੂਰਾ ਕਰ ਸਕਣਗੇ? ਸਰਕਾਰੀ ਅੰਕੜਿਆਂ ਦੀ ਗੱਲ ਕਰੀੲੇ ਤਾਂ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਚੱਲ ਰਹੇ ਇਸ ਸੰਗਠਿਤ ਖੇਤਰ ਵਿਚ ਕੇਵਲ 7 ਫੀਸਦੀ ਹਿੱਸਾ ਹੀ ਕੰਮ ਕਰਦਾ ਹੈ। ਇਥੇ ਵਿਚਾਰਨਯੋਗ ਗੱਲ ਇਹ ਹੈ ਕਿ ਸਿਰਫ ਪ੍ਰੋਫੈਸ਼ਨਲ ਲੋਕਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਨਾਲ ਦੇਸ਼ ਖੁਸ਼ਹਾਲ ਨਹੀਂ ਹੋ ਜਾਵੇਗਾ।
- ਲੇਖਕ ਦਾ ਨਾਂ ਉਪਲੱਬਧ ਨਹੀਂ ਸੀ
(ਰੋਜ਼ਾਨਾ ਅਜੀਤ)
24 May, 2007
Subscribe to:
Post Comments (Atom)
No comments:
Post a Comment