5 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ‘ਸਿੱਖ ਲਹਿਰ ਦੇ ਸਮਾਜਿਕ-ਆਰਥਿਕ ਸਰੋਕਾਰਾਂ ਦਾ ਅਜੋਕੇ ਸੰਦਰਭ ਵਿਚ ਮਹੱਤਵ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਸੀ। ਇਸ ਸੈਮੀਨਾਰ ਵਿਚ ਸਿੱਖ ਲਹਿਰ ਅਤੇ ਉਸ ਦੇ ਪ੍ਰਭਾਵਾਂ ਬਾਰੇ ਭਖਵੀਂ ਚਰਚਾ ਹੋਈ। ਇਸ ਸੰਦਰਭ ਵਿਚ ਆਪਣੇ ਵਿਚਾਰ ਪੇਸ਼ ਕਰ ਰਹੇ ਹਨ- ਪਿਆਰਾ ਸਿੰਘ ਭੋਗਲ।
ਹਜ਼ਾਰਾਂ ਸਾਲਾਂ ਤੱਕ ਕੁਦਰਤ ਮਨੁੱਖ ਲਈ ‘ਰਹੱਸ’ ਰਹੀ। ਮਨੁੱਖ ਕੁਦਰਤ ਉੱਤੇ ਨਿਰਭਰ ਵੀ ਕਰਦਾ ਸੀ, ਕੁਦਰਤ ਤੋਂ ਡਰਦਾ ਵੀ ਸੀ। ਇਸ ਕਰਕੇ ਕੁਦਰਤੀ ਸ਼ਕਤੀਆਂ ਨੂੰ ਦੇਵੀਆਂ-ਦੇਵਤੇ ਮੰਨ ਕੇ ਉਨ੍ਹਾਂ ਅੱਗੇ ਅਰਦਾਸਾਂ ਕਰਦਾ ਸੀ। ‘ਰਿਗ ਵੇਦ’ ਦੇ ਇਕ ਹਜ਼ਾਰ ਤੋਂ ਵੱਧ ਸੂਕਤਾਂ ਵਿਚੋਂ ਬਹੁਗਿਣਤੀ ਵਿਚ ਬਾਰਿਸ਼ ਦੇ ਦੇਵਤਾ ਇੰਦਰ ਅਤੇ ਅਗਨੀ ਦੇ ਦੇਵਤਾ ਨੂੰ ਸੰਬੋਧਨ ਕਰਕੇ ਪ੍ਰਾਰਥਨਾਵਾਂ ਕੀਤੀਆਂ ਗਈਆਂ ਹਨ। ਇਕ ਸੂਕਤ ਵਿਚ ਨਦੀ ਪਾਰ ਕਰ ਰਿਹਾ ਕਬੀਲਾ ਨਦੀ ਨੂੰ ਬੇਨਤੀ ਕਰਦਾ ਹੈ, ਤੂੰ ਆਪਣਾ ਵਹਾਉ ਜ਼ਰਾ ਨੀਵਾਂ ਕਰ ਦੇ। ਅਸੀਂ ਪਾਰ ਜਾਣਾ ਹੈ। ਪਿੱਛੋਂ ਜਦੋਂ ਵੱਡੇ-ਵੱਡੇ ਰਾਜੇ ਤੇ ਪਾਤਿਸ਼ਾਹ ਰਾਜ ਕਰਨ ਲੱਗੇ ਤੇ ਮਨੁੱਖ ਦੀ ਕਈ ਪੱਖਾਂ ਦੀ ਤਰੱਕੀ ਦੇ ਬਾਵਜੂਦ ਸਮਾਜਿਕ, ਆਰਥਿਕ ਤੇ ਰਾਜਨੀਤਕ ਜ਼ਿੰਦਗੀ ਭੈ-ਹੀਣ ਨਾ ਹੋ ਸਕੀ ਤਾਂ ਉਸ ਨੇ ਛੋਟੇ ਦੇਵਤਿਆਂ ਦੀ ਥਾਂ ਵੱਡੇ ਭਗਵਾਨ ਦੀ ਕਲਪਨਾ ਕੀਤੀ ਤੇ ਮੁਸ਼ਕਿਲ ਵੇਲੇ ਉਸ ਤੋਂ ਸਹਾਇਤਾ ਦੀ ਮੰਗ ਕੀਤੀ।
ਮਨੁੱਖੀ ਇਤਿਹਾਸ ਵਿਚ ਇਹ ਸਮਾਂ ਅਧਿਆਤਮਵਾਦੀ ਦਰਸ਼ਨ ਅਤੇ ਰਹੱਸਵਾਦੀ ਅਨੁਭਵ ਦਾ ਸੀ। ਇਸੇ ਦਰਸ਼ਨ ਅਤੇ ਅਨੁਭਵ ਦੀ ਵਰਤੋਂ ਕਰਕੇ ਕਈ ਮਜ਼੍ਹਬ ਪੈਦਾ ਹੋੲੇ, ਕਈ ਦਾਰਸ਼ਨਿਕ ਲਹਿਰਾਂ ਪੈਦਾ ਹੋਈਆਂ ਅਤੇ ਸੰਸਾਰ ਭਰ ਵਿਚ ਬਹੁਤ ਸਾਰਾ ਸਾਹਿਤ ਪੈਦਾ ਹੋਇਆ। ਦਰਸ਼ਨ ਹੋਵੇ, ਧਰਮ ਹੋਵੇ ਜਾਂ ਸਾਹਿਤ ਹੋਵੇ, ਇਸ ਦੀ ਪ੍ਰਵਿਰਤੀ ਦੋ-ਪੱਖੀ ਰਹੀ। ਕਦੇ-ਕਦੇ ਪ੍ਰਤਿਗਾਮੀ ਸ਼ਕਤੀਆਂ ਨੇ ਇਨ੍ਹਾਂ ਮਨੁੱਖੀ ਸਿਰਜਣਾਵਾਂ ਦੀ ਵਰਤੋਂ ਆਪਣੇ ਸਵਾਰਥਾਂ ਦੀ ਪੂਰਤੀ ਲਈ ਕੀਤੀ। ਪਰ ਬਹੁਤ ਵਾਰ ਇਹੋ ਸਿਰਜਣਾਵਾਂ ਮਨੁੱਖ ਨੂੰ ਅਗਾਂਹ ਲਿਜਾਣ ਦਾ ਮਾਧਿਅਮ ਵੀ ਬਣੀਆਂ। ਚੌਦਾਂ ਸੌ ਸਾਲ ਪਹਿਲਾਂ ਤੱਕ ਅਰਬ ਦੇ ਲੋਕ ਕਾਫੀ ਤਰੱਕੀ ਕਰ ਗੲੇ ਸਨ। ਉਨ੍ਹਾਂ ਦੇ ਸਮੁੰਦਰੀ ਜਹਾਜ਼ ਦੂਰ-ਦੂਰ ਜਾਂਦੇ ਸਨ। ਉਨ੍ਹਾਂ ਨੇ ਮਨੁੱਖੀ ਗਿਆਨ ਵਿਚ ਵਾਧਾ ਕੀਤਾ। ਪਰ ਇਹੋ ਅਰਬ ਜਗਤ ਇਸ ਵੇਲੇ ਬਹੁਤ ਸਾਰੀਆਂ ਬੁਰਾਈਆਂ ਵਿਚ ਫਸਿਆ ਹੋਇਆ ਸੀ। ਕਬੀਲੇ ਆਪੋ ਵਿਚ ਲੜਦੇ ਸਨ। ਹਰ ਕਬੀਲੇ ਦਾ ਦੇਵਤਾ ਅਲੱਗ ਸੀ। ਕਬੀਲੇ ਵੀ ਲੜਦੇ ਤੇ ਉਨ੍ਹਾਂ ਦੇ ਦੇਵਤੇ ਵੀ। ਹਜ਼ਰਤ ਮੁਹੰਮਦ ਸਾਹਿਬ ਇਸ ਵੇਲੇ ਪ੍ਰਗਟ ਹੋੲੇ। ਉਨ੍ਹਾਂ ਨੇ ਬਹੁ-ਦੇਵਵਾਦ ਦੀ ਥਾਂ ‘ਇਕ ਖੁਦਾ’ ਦਾ ਸੰਕਲਪ ਪੇਸ਼ ਕੀਤਾ। ਇਹ ਵੀ ਕਿਹਾ, ਖ਼ੁਦਾ ਸਭ ਇਨਸਾਨਾਂ ਦਾ ਬਾਪ ਹੈ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਖੁਦਾ ਦਾ ਹੁਕਮ ਸਭ ਉੱਤੇ ਚਲਦਾ ਹੈ। ਹਰ ਇਨਸਾਨ ਦਾ ਫਰਜ਼ ਹੈ ਇਸ ਇਕ ਖੁਦਾ ਦੀ ਬੰਦਗੀ ਕਰੇ। ਬੰਦਗੀ ਕਰਨ ਵਾਲਾ ਇਨਸਾਨ ਹੀ ਅਸਲੀ ‘ਬੰਦਾ’ ਹੈ। ਇਹ ‘ਬੰਦਾ’ ਸ਼ਬਦ ਅਰਬੀ ਭਾਸ਼ਾ ਤੋਂ ਪੰਜਾਬੀ ਵਿਚ ਆਇਆ ਹੈ। ਇੰਜ ਹੀ ਖੁਦਾ, ਰੱਬ, ਹੁਕਮ, ਰੂਹ, ਰਜ਼ਾ, ਬੰਦਗੀ, ਫਰਿਸ਼ਤਾ, ਸ਼ੈਤਾਨ, ਦੋਜ਼ਖ਼, ਜਹੱਨਮ, ਪੈਗੰਬਰ, ਕਿਤਾਬ, ਕਲਮ ਆਦਿ ਦਰਜਨਾਂ ਸ਼ਬਦ ਅਰਬੀ ਭਾਸ਼ਾ ਤੋਂ ਪੰਜਾਬ ਵਿਚ ਆੲੇ ਹਨ। ਹਜ਼ਰਤ ਮੁਹੰਮਦ ਸਾਹਿਬ ਦੇ ਇਸਲਾਮ ਨੇ ਅਰਬ ਦੀ ਧਰਤੀ ਦੀ ਮਨੁੱਖਤਾ ਦੀ ਰੁਕੀ ਹੋਈ ਤਰੱਕੀ ਦੇ ਰਾਹ ਖੋਲ੍ਹ ਦਿੱਤੇ। ਉਨ੍ਹਾਂ ਵਿਚ ਇਕ ਜਮਾਤ ਹੋਣ ਦੀ ਇਨਕਲਾਬੀ ਭਾਵਨਾ ਪੈਦਾ ਹੋਈ। ਇਸਲਾਮੀ ਮਸਜਿਦ ਵਿਚ ਹਜ਼ਾਰਾਂ ਲੋਕ ਇਕੋ ਜਿਹੀਆਂ ਕਤਾਰਾਂ ਵਿਚ ਖੜ੍ਹੋ ਕੇ ਨਿਮਾਜ਼ ਪੜ੍ਹਨ ਲੱਗੇ। ਇਨ੍ਹਾਂ ਕਤਾਰਾਂ ਵਿਚ ਅਮੀਰ ਵੀ ਖੜ੍ਹਦੇ ਸਨ, ਗਰੀਬ ਵੀ। ਕਦੇ-ਕਦੇ ਬਾਦਸ਼ਾਹ ਅਤੇ ਉਸ ਦੀ ਰਈਅਤ ਇਕ ਹੀ ਕਤਾਰ ਵਿਚ ਖੜ੍ਹੀ ਹੋ ਕੇ ਨਿਮਾਜ਼ ਪੜ੍ਹਦੀ। ਇਸਲਾਮ ਕਈ ਮੁਲਕਾਂ ਦੀ ਲੋਕਾਈ ਦੇ ਹੱਥਾਂ ਵਿਚ ਅੱਗੇ ਵਧਣ ਦਾ ਹਥਿਆਰ ਬਣ ਗਿਆ। ਅਰਬੀ ਮੁਸਲਮਾਨ ਕੁਝ ਹੀ ਸਦੀਆਂ ਵਿਚ ਇਕ ਪਾਸੇ ਰੋਮ ਸਾਗਰ ਦੇ ਨਾਲ-ਨਾਲ ਦੱਖਣੀ ਯੂਰਪ ਦੇ ਦੇਸ਼ਾਂ ਯੂਨਾਨ, ਇਟਲੀ, ਫਰਾਂਸ, ਸਪੇਨ ਅਤੇ ਪੁਰਤਗਾਲ ਵਿਚ ਫੈਲ ਗੲੇ। ਇਨ੍ਹਾਂ ਦੇਸ਼ਾਂ ਦੇ ਸਥਾਨਿਕ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ। ਇੰਜ ਹੀ ਅਫਰੀਕੀ ਮਹਾਂਦੀਪ ਦੇ ਉਤਲੇ ਦੇਸ਼ਾਂ ਮਿਸਰ, ਸੁਡਾਨ, ਮਰਾਕੋ, ਟਿਊਨਿਸ ਅਤੇ ਅਲਜੀਰੀਆ ਨੇ ਇਸਲਾਮ ਧਾਰਨ ਕਰ ਲਿਆ। ਦੂਜੇ ਪਾਸੇ ਅਰਬ ਦੇ ਮੁਸਲਮਾਨ ਈਰਾਨ ਤੇ ਅਫ਼ਗਾਨਿਸਤਾਨ ਲੰਘ ਕੇ ਭਾਰਤ ਪਹੁੰਚ ਗੲੇ। ਪੰਜਾਬ ਦੇ ਲੋਕਾਂ ਦੀ ਭਾਰੀ ਬਹੁਗਿਣਤੀ ਨੇ ਇਸਲਾਮ ਅਪਣਾ ਲਿਆ। ਭਾਰਤ ਦੀ ਜਾਤ-ਪਾਤ ਅਤੇ ਬਹੁ-ਦੇਵਵਾਦ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਇਸਲਾਮ ਰੌਸ਼ਨੀ ਦੀ ਕਿਰਨ ਲੈ ਕੇ ਆਇਆ।
ਪਰ ਸਮਾਂ ਪਾ ਕੇ ਇਸਲਾਮ ਨੇ ਮਨੁੱਖ ਦੇ ਕਸ਼ਟ ਵਧਾੲੇ ਵੀ। ਇਸਲਾਮ ਦਾ ਝੰਡਾ ਫੜ ਕੇ ਛੋਟੇ-ਛੋਟੇ ਫੌਜਦਾਰ ਅਤੇ ਛੋਟੇ-ਛੋਟੇ ਰਾਜੇ ਦੂਜੇ ਲੋਕਾਂ ਦੇ ਦੇਸ਼ ਜਿਤਦੇ ਗੲੇ ਤੇ ਵੱਡੇ ਸੁਲਤਾਨ ਅਤੇ ਬਾਦਸ਼ਾਹ ਬਣਦੇ ਗੲੇ। ਬਾਬਰ ਆਪਣੇ ਵਤਨ ਵਿਚ ਇਕ ਨਿੱਕੇ ਕਬੀਲੇ ਦਾ ਸਰਦਾਰ ਸੀ। ਦੂਜੇ ਕਬੀਲੇ ਦੇ ਸਰਦਾਰ ਉਸ ਨੂੰ ਟਿਕਣ ਨਹੀਂ ਦਿੰਦੇ ਸਨ। ਕਈ ਦੇਸ਼ਾਂ ਵਿਚ ਭਟਕਦਾ ਅਤੇ ਇਸਲਾਮ ਦੇ ਨਾਂਅ ਉੱਤੇ ਫੌਜਾਂ ਜੋੜਦਾ 1526 ਈ: ਵਿਚ ਭਾਰਤ ਜਿਹੇ ਵੱਡੇ ਦੇਸ਼ ਦਾ ਬਾਦਸ਼ਾਹ ਬਣ ਗਿਆ। ਅਗਲੇ ਤਿੰਨ ਸੌ ਸਾਲ ਉਸ ਦੇ ਵੰਸ਼ ਨੇ ਭਾਰਤ ਉੱਤੇ ਰਾਜ ਕੀਤਾ। ਇਹ ਮੁਗ਼ਲ ਰਾਜ, ਪਹਿਲੇ ਹਿੰਦੂ ਰਾਜਾਂ ਨਾਲੋਂ, ਕਈ ਪੱਖਾਂ ਤੋਂ ਬਿਹਤਰ ਸੀ। ਮੁਗਲਾਂ ਨੇ ਭਾਰਤ ਨੂੰ ਕਈ ਪੱਖਾਂ ਤੋਂ ਉੱਨਤ ਕੀਤਾ। ਭਾਰਤ ਦੇ ਬਹੁਤੇ ਸ਼ਹਿਰਾਂ ਨੇ ਮੁਗਲਾਂ ਵੇਲੇ ਤਰੱਕੀ ਕੀਤੀ। ਅੱਜ ਦੀਆਂ ਬਹੁਤ ਸਾਰੀਆਂ ਸ਼ਾਨਦਾਰ ਇਤਿਹਾਸਕ ਇਮਾਰਤਾਂ ਮੁਗਲ ਬਾਦਸ਼ਾਹਾਂ ਨੇ ਬਣਾਈਆਂ। ਮੁਗਲਾਂ ਨੂੰ ਸੁੰਦਰ ਬਾਗ ਲਾਉਣ ਦਾ ਬਹੁਤ ਸ਼ੌਕ ਸੀ। ਜਲੰਧਰ ਸ਼ਹਿਰ ਕਦੇ ਮੁਗਲਾਂ ਵੇਲੇ ਹਰੇ-ਭਰੇ ਬਾਗਾਂ ਵਾਲਾਂ ਸ਼ਹਿਰ ਹੁੰਦਾ ਸੀ। ਪੱਕਾ ਬਾਗ ਅਤੇ ਚਹਾਰ ਬਾਗ (ਚਾਰ ਬਾਗਾਂ ਵਾਲਾ ਇਲਾਕਾ) ਆਦਿ ਉਨ੍ਹਾਂ ਅਲੋਪ ਹੋ ਚੁੱਕੇ ਬਾਗਾਂ ਵੱਲ ਇਸ਼ਾਰਾ ਕਰਦੇ ਹਨ।
ਪਰ ਮੁਗਲਾਂ ਨੇ ਮਨੁੱਖ ਮਾਤਰ ਦੇ ਭੈਅ ਵਧਾੲੇ ਵੀ। ਉਨ੍ਹਾਂ ਦੀ ਸ਼ਹਿਨਸ਼ਾਹੀਅਤ ਆਮ ਇਨਸਾਨ ਲਈ ਤਾਨਾਸ਼ਾਹੀ ਰਾਜ ਪ੍ਰਬੰਧ ਹੀ ਸੀ। ਸਭ ਮੁਗ਼ਲ ਬਾਦਸ਼ਾਹ ਤਲਵਾਰ ਨਾਲ ਰਾਜ ਖੋਂਹਦੇ ਰਹੇ। ਪਿਉ ਦੇ ਮਰਨ ਤੋਂ ਬਾਅਦ ਪੁੱਤਰ ਸਕੇ ਭਰਾਵਾਂ ਨੂੰ ਮਾਰ ਕੇ ਅਗਲੇ ਬਾਦਸ਼ਾਹ ਬਣਦੇ ਰਹੇ। ਬਾਦਸ਼ਾਹ ਬਣ ਕੇ ਉਹ ਟਿਕ ਦੇ ਨਹੀਂ ਬੈਠੇ। ਮੁਗਲਾਂ ਵਿਚੋਂ ਸਭ ਤੋਂ ਮਹਾਨ ਮੰਨਿਆ ਜਾਂਦਾ ਅਕਬਰ ਵੀ ਪੂਰੀ ਉਮਰ ਫੌਜ ਲੈ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਯੁੱਧ ਲੜਦਾ ਰਿਹਾ। ਯੁੱਧ ਵਿਚ ਜਿੱਤੇ ਭਾਵੇਂ ਕੋਈ, ਦੋਵੇਂ ਪਾਸੇ ਇਨਸਾਨ ਹੀ ਮਰਦੇ ਹਨ।
ਭਾਰਤ ਵਿਚ ਇਸਲਾਮ ਦੇ ਪ੍ਰਵੇਸ਼ ਨੇ ‘ਮਜ਼੍ਹਬ’ ਦੇ ਸੰਕਲਪ ਨੂੰ ਵੀ ਬਦਲਿਆ। ਇਸਲਾਮ ਦੇ ਪ੍ਰਵੇਸ਼ ਤੋਂ ਪਹਿਲਾਂ ਹਿੰਦੂ ਧਰਮ, ਵੈਦਿਕ ਯੁੱਗ ਤੋਂ ਬਹੁਤ ਅੱਗੇ ਲੰਘ ਕੇ ਉਪਨਿਸ਼ਦਾਂ, ਮਹਾਭਾਰਤ, ਰਾਮਾਇਣ ਅਤੇ ਗੀਤਾ ਰਾਹੀਂ ਬਹੁਤ ਵਿਕਸਤ ਹੋ ਚੁੱਕਾ ਸੀ। ‘ਛੇ ਦਰਸ਼ਨ’ ਫਿਲਾਸਫੀ ਦੀਆਂ ਡੂੰਘਾਈਆਂ ਤੇ ਉਚਾਈਆਂ ਦਿਖਾਉਣ ਦੀਆਂ ਸੰਸਾਰ ਭਰ ਵਿਚ ਬਹੁਤ ਵਿਚਿੱਤਰ ਮਿਸਾਲ ਹਨ। ਤਾਂ ਵੀ, ਹਿੰਦੂ ਧਰਮ ਅਜੇ ‘ਇਕ ਬ੍ਰਹਮ’ ਤੱਕ ਨਹੀਂ ਸੀ ਪਹੁੰਚਿਆ। ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਦੀਆਂ ਪੂਜਾ ਪੱਧਤੀਆਂ ਅਤੇ ਅਵਤਾਰਵਾਦ ਵਿਚ ਫਸਿਆ ਹੋਇਆ ਸੀ। ਨਾਲ-ਨਾਲ ਵਰਣ-ਵੰਡ ਭਾਰਤੀ ਜਨਤਾ ਨੂੰ ਖੱਖੜੀਆਂ-ਖੱਖੜੀਆਂ ਕਰ ਰਹੀ ਸੀ।
ਇਸਲਾਮ ਦੇ ਪ੍ਰਗਟ ਹੋਣ ਦੀ ਹੀ ਦੇਰ ਸੀ, ਸ਼ੰਕਰਾਚਾਰੀਆ ਅਤੇ ਦੱਖਣੀ ਭਾਰਤ ਦੇ ਹੋਰ ਆਚਾਰੀਆ ਰਾਮਾਨੁਜ, ਮਾਧਵਾਚਾਰੀਆ ਤੇ ਨਿੰਬਾਰਕਾਚਾਰੀਆਂ ਨੇ ਹਿੰਦੂ ਫਿਲਾਸਫੀ ਦਾ ਦੁੱਧ ਨਵੇਂ ਸਿਰਿਉਂ ਰਿੜਕਿਆ। ਅਦਵੈਦਵਾਦ ਪ੍ਰਗਟ ਹੋਇਆ, ਜਿਸ ਦਾ ਮੂਲ ਵਿਚਾਰ ਇਹ ਸੀ ਕਿ ਬ੍ਰਹਮ ਇਕ ਹੈ ਅਤੇ ਬ੍ਰਹਮ ਘਟਿ-ਘਟਿ ਵਿਚ ਹੈ। ਫਿਲਾਸਫੀ ਦੇ ਇਸ ਨਵੇਂ ਜਲੌਅ ਨੇ ਪਹਿਲਾਂ ਭਗਤੀ ਲਹਿਰ ਨੂੰ ਜਨਮ ਦਿੱਤਾ ਤੇ ਪਿੱਛੋਂ ਸਿੱਖ ਧਰਮ ਨੂੰ ਪਰ ਇਨ੍ਹਾਂ ਤਰੱਕੀਆਂ ਨੇ ਭਾਰਤੀ ਲੋਕਾਂ ਦੇ ਕਸ਼ਟ ਘਟਾੲੇ ਨਹੀਂ।
ਮੁਸਲਮਾਨ ਪੁਜਾਰੀ ਜਮਾਤ ਅਤੇ ਹਿੰਦੂ ਪੁਜਾਰੀ ਜਮਾਤ ਭਾਰਤੀਆਂ ਨੂੰ ਲੜਾਉਂਦੀਆਂ ਰਹੀਆਂ।
ਸੱਚ ਕਿਨਾਰੇ ਰਹਿ ਗਿਆ
ਖਹਿ ਮਰਦੇ ਬਾਹਮਣ ਮਉਲਾਣੇ।
-ਭਾਈ ਗੁਰਦਾਸ
ਜਾਤਾਂ ਦੀ ਵੰਡ ਅਲੋਪ ਨਹੀਂ ਹੋਈ। ਉਪਰੋਂ ਮਜ਼੍ਹਬਾਂ ਦੀ ਵੰਡ ਪੈਦਾ ਹੋ ਗਈ। ਹਰ ਧਿਰ ਇਹ ਸਾਬਤ ਕਰਨ ਲਈ ਜ਼ੋਰ ਲਾਉਂਦੀ ਸੀ ਕਿ ਸਾਡਾ ਧਰਮ ਅਸਲੀ ਧਰਮ ਹੈ। ਕਈ ਮਜ਼੍ਹਬ ਹੋ ਜਾਣ ਦੇ ਬਾਵਜੂਦ ਮਨੁੱਖ ਮਾਤਰ ਭੈ-ਭੀਤ ਸੀ।
ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜਿਕ ਦਸ਼ਾ ਤੇ ਮਾਨਸਿਕ ਦਸ਼ਾ ਨੂੰ ਸਮਝਿਆ। ਉਨ੍ਹਾਂ ਨੇ ਇਸਲਾਮ ਦਾ ਵਿਚਾਰ ਖੁਦਾ ਇਕ ਹੈ ਅਤੇ ਹਿੰਦੂ ਧਰਮ ਦਾ ਵਿਚਾਰ ‘ਬ੍ਰਹਮ ਘਟਿ ਘਟਿ ਵਿਚ ਹੈ’ ਅਪਣਾ ਲੲੇ, ਪਰ ਉਹ ਇਨ੍ਹਾਂ ਦੋਵਾਂ ਧਰਮਾਂ ਤੋਂ ਪਾਰ ਗੲੇ। ਸਿੱਖ ਧਰਮ ਦੇ ਮੁਤਾਬਿਕ ‘ਕਰਤਾ ਪੁਰਖ’ ਸਤਵੇਂ ਅਸਮਾਨ ਉੱਤੇ ਨਹੀਂ ਬੈਠਾ। ਉਹ ਤਾਂ ਮਨੁੱਖ ਦੇ ਅੰਦਰ ਹੈ। ਹਰ ਥਾਂ ਹੈ। ਸਾਰੀ ਕੁਦਰਤ ਵਿਚ ਹੈ। ਮੈਂ, ਤੂੰ, ਉਹ ਵਿਚ ਉਹ ਹੀ ਹੈ। ਹਿੰਦੂ ਤੇ ਮੁਸਲਮਾਨ ਦਾ ਰੱਬ ਦੋ ਨਹੀਂ। ਇਕ ਹੀ ਹਸਤੀ ਦੇ ਦੋ ਨਾਂਅ ਹਨ। ਉਸ ਦੇ ਰਹੱਸ ਤੱਕ ਪਹੁੰਚਣ ਲਈ ਗ੍ਰਹਿਸਤ ਛੱਡ ਕੇ ਸੰਨਿਆਸੀ ਬਣਨ ਦੀ ਲੋੜ ਨਹੀਂ। ਉਸ ਦੀ ਇਬਾਦਤ ਕਰਨ ਲਈ ਕਿਸੇ ਕਾਜ਼ੀ ਜਾਂ ਮੌਲਾਣੇ ਦੀ ਵੀ ਲੋੜ ਨਹੀਂ। ਹਰ ਕਿਰਤੀ ਤੇ ਗ੍ਰਹਿਸਤੀ ਆਪਣੇ ਨਿਰਵਾਹ ਲਈ ਕਿਰਤ ਕਰਦਾ ਹੋਇਆ ਕਰਤਾ ਪੁਰਖ ਪ੍ਰਮਾਤਮਾ ਨਾਲ ਲਿਵ ਜੋੜ ਸਕਦਾ ਹੈ। ਇਹ ਭਗਤੀ ਔਖੀ ਨਹੀਂ। ਜਿਹੜਾ ਵਿਅਕਤੀ ਮੈਂ ਤੂੰ ਤੇ ਉਹ ਵਿਚ ਇਕ ਹੀ ਜੋਤਿ ਦੇਖਦਾ ਮੰਨਦਾ ਹੈ, ਜਿਹੜਾ ਵਿਅਕਤੀ ਸਾਰੀ ਸ੍ਰਿਸ਼ਟੀ ਤੇ ਕੁਦਰਤ ਵਿਚ ਇਸ ਜੋਤਿ ਦਾ ਪ੍ਰਕਾਸ਼ ਮੰਨਦਾ ਹੈ, ਉਹ ਬਿਨਾਂ ਭਗਤੀ ਕੀਤੇ ਭਗਤੀ ਕਰ ਰਿਹਾ ਹੈ। ਗੁਰੂ ਨਾਨਕ ਦੇ ਧਰਮ ਮੁਤਾਬਿਕ ਮਾਨਵ-ਜਾਤੀ ਅਤੇ ਕੁਦਰਤ ਦੀ ਅਨੇਕਤਾ ਦੇ ਓਹਲੇ ਅਧਿਆਤਮਿਕ ੲੇਕਤਾ ਨੂੰ ਪਛਾਨਣਾ ਅਤੇ ਇਸ ਸੋਝੀ ਮੁਤਾਬਿਕ ਜਗਤ ਵਿਚ ਵਿਵਹਾਰ ਕਰਨਾ ਅਸਲੀ ਸਿੱਖੀ ਹੈ। ਗੁਰਬਾਣੀ ਮੁਤਾਬਿਕ ਕਰਤਾ ਪੁਰਖ ਪ੍ਰਮਾਤਮਾ ਨਿਰਪੱਖ ਨਹੀਂ। ਉਹ ਦੁਸ਼ਟਾਂ ਨੂੰ ਮਾਰਦਾ ਹੈ। ‘ਸੰਤਾਂ’ ਨੂੰ ਉਭਾਰਦਾ ਹੈ। ਉਹ ਨਿਥਾਵਿਆਂ, ਨਿਤਾਣਿਆਂ ਅਤੇ ਨਿਉਟਿਆਂ ਦਾ ਮਦਦਗਾਰ ਹੈ। ਗੁਰੂ ਨਾਨਕ ਨੇ ‘ਧਰਮ’ ਨੂੰ ਕਿਰਤੀ ਦਾ, ਗ੍ਰਹਿਸਤੀ ਅਤੇ ਸੰਘਰਸ਼ਸ਼ੀਲ ਲੋਕਾਂ ਦਾ ‘ਮਾਰਗ’ ਬਣਾਇਆ। ਹਿੰਦੂ ਧਰਮ ਵਿਅਕਤੀਗਤ ਤੱਪ ਉਤੇ ਜ਼ੋਰ ਦਿੰਦਾ ਸੀ। ਇਸਲਾਮ ਜਮਾਤੀ ਨਿਮਾਜ਼ ਉੱਤੇ। ਸਿੱਖ ਧਰਮ ਵੀ ਜਮਾਤੀ ਧਰਮ ਹੈ ਪਰ ਸਿੱਖ ਧਰਮ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਪੀੜਤ ਜਨਤਾ ਰੱਬ ਵੱਲ ਨਾ ਦੇਖਦੀ ਰਹੇ। ਪੀੜਤ ਜਨਤਾ ਸੰਗਠਤ ਹੋਵੇ। ਗੁਰੂ ਨਾਨਕ ਜਦੋਂ ਉਦਾਸੀਆਂ ਉੱਤੇ ਤੁਰੇ ਤਾਂ ਹਰ ਪਿੰਡ ਅਤੇ ਸ਼ਹਿਰ ਵਿਚ ਧਰਮਸ਼ਾਲਾ ਸਥਾਪਿਤ ਕਰਦੇ ਗੲੇ। ਇਹ ਧਰਮਸ਼ਾਲਾਵਾਂ ਅੱਜ ਦੇ ਗੁਰਦੁਆਰਿਆਂ ਵਾਂਗ ਹੀ, ਸਮਾਜਿਕ ਇਕੱਠ ਦੇ ਕੇਂਦਰ ਅਤੇ ਸਮਾਜਿਕ ਮਸਲੇ ਵਿਚਾਰ ਕੇ ਹੱਲ ਲੱਭ ਲੈਣ ਦੇ ਕੇਂਦਰ ਹੁੰਦੇ ਸਨ। ਸਿੱਖ ਧਰਮ ਸਿਰਫ਼ ਇਕ ਧਾਰਮਿਕ ਲਹਿਰ ਨਹੀਂ ਸੀ। ਇਹ ਸਮਾਜਿਕ-ਰਾਜਨੀਤਕ-ਸੱਭਿਆਚਾਰਕ ਲਹਿਰ ਸੀ। ਉੱਤਰ ਪ੍ਰਦੇਸ਼ ਵਿਚ ਭਗਤ ਕਬੀਰ ਅਤੇ ਭਗਤ ਰਵਿਦਾਸ ਅਤੇ ਮਹਾਰਾਸ਼ਟਰ ਵਿਚ ਭਗਤ ਨਾਮਦੇਵ ਕੋਈ ਛੋਟੇ ਮਹਾਂਪੁਰਖ ਨਹੀਂ ਸਨ। ਭਗਤ ਕਬੀਰ ਤਾਂ ਗੁਰੂ ਨਾਨਕ ਸਾਹਿਬ ਵਾਂਗ ਬਹੁਤ ਮਹਾਨ ਚਿੰਤਕ ਅਤੇ ਕਵੀ ਸਨ। ਪਰ ਇਹ ਸਾਰੇ ਭਗਤ ਹਿੰਦੀ ਬੋਲਦੇ ਭਾਰਤ ਵਿਚ ਉਹ ਸਮਾਜਿਕ ਤਬਦੀਲੀ ਨਾ ਲਿਆ ਸਕੇ, ਜੋ ਪੰਜਾਬ ਵਿਚ ਆਈ। ਕਾਰਨ ਇਹ ਸੀ ਕਿ ਗੁਰੂ ਨਾਨਕ ਦੇਵ ਨੇ ਧਰਮ ਨੂੰ ਸਹੀ ਅਰਥਾਂ ਵਿਚ ਮਨੁੱਖ ਮਾਤਰ ਦਾ ਸਹਾਇਕ ਸੰਗਠਨ ਬਣਾਇਆ। ਰੱਬ ਨੂੰ ਰਹੱਸ ਵਿਚੋਂ ਕੱਢ ਕੇ ਯਥਾਰਥ ਦੇ ਸੰਸਾਰ ਦੀ ਪੀੜਤ ਮਾਨਵਤਾ ਦੇ ਹੱਥਾਂ ਦੀ ਡੰਗੋਰੀ ਬਣਾਇਆ।
ਗੁਰੂ ਸਾਹਿਬਾਨ ਨੇ ਪੰਜਾਬੀਆਂ ਨੂੰ ਸੰਘਰਸ਼ਸ਼ੀਲ ਬਣਾਇਆ
(ਕੱਲ੍ਹ ਤੋਂ ਅੱਗੇ)
ਪੰਜਾਬ ਦੇ ਸਾਧਾਰਨ ਲੋਕ, ਸਿੱਖ ਧਰਮ ਦਾ ਮਾਰਗ ਅਪਣਾ ਕੇ, ਸੰਤ-ਸਿਪਾਹੀ ਬਣ ਗੲੇ। ਰਹੇ ਗ੍ਰਹਿਸਤੀ। ਰਹੇ ਕਿਰਸਾਨ। ਰਹੇ ਸ਼ਿਲਪਕਾਰ। ਜਿਹੜੇ ਲੋਕ ਵਪਾਰੀ ਵੀ ਸਨ, ਉਨ੍ਹਾਂ ਨੂੰ ਜਮਾਤ ਤੋਂ ਪਾਰ ਜਾਣ ਦੀ ਪ੍ਰੇਰਨਾ ਦਿੱਤੀ। ਗੁਰੂ ਨਾਨਕ ਦੀ ਇਨਸਾਨ ਦੀ ਜਾਤੀ ਅਤੇ ਜਮਾਤੀ ਮੁਸ਼ਕਿਲਾਂ ਬਾਰੇ ਸਮਝ ੲੇਨੀ ਤਿੱਖੀ ਸੀ ਅਤੇ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਢੰਗ ੲੇਨਾ ਸਹੀ ਸੀ ਕਿ ਸੌ ਕੁ ਸਾਲ ਦੇ ਅੰਦਰ-ਅੰਦਰ ਸਿੱਖ ਧਰਮ ਪੂਰਬ ਵੱਲ ਢਾਕੇ ਤੱਕ ਅਤੇ ਪੱਛਮ ਵਿਚ ਕਾਬਲ ਤੱਕ ਫੈਲ ਗਿਆ ਸੀ। ਭਾਈ ਗੁਰਦਾਸ ਦੀ ਜੇ ਗਿਆਰ੍ਹਵੀਂ ਵਾਰ ਪੜ੍ਹੀੲੇ ਤਾਂ ਪਤਾ ਲਗਦਾ ਹੈ ਕਿ ਸਾਰੇ ਉੱਤਰੀ ਭਾਰਤ ਵਿਚ ਲਗਭਗ ਹਰ ਸ਼ਹਿਰ ਵਿਚ ਅਤੇ ਅਨੇਕ ਪਿੰਡਾਂ ਵਿਚ ‘ਸਿੱਖ’ ਵਸਦੇ ਸਨ। ਇਨ੍ਹਾਂ ਵਿਚ ਕਈ ਮੁਸਲਮਾਨ ਵੀ ਸਨ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਗੁਰੂ ਨਾਨਕ ਸਾਹਿਬ ਦੇ ਅਕਾਲ-ਚਲਾਣੇ ਤੋਂ ਸੱਠ ਕੁ ਸਾਲ ਬਾਅਦ ਹੀ ਲਿਖੀਆਂ।
ਗੁਰੂ ਸਾਹਿਬਾਨ ਪੰਜਾਬ ਦੇ ਲੋਕਾਂ ਦੀ ਸਮੁੱਚੀ ਜ਼ਿੰਦਗੀ (ਆਰਥਿਕਤਾ ਸਮੇਤ) ਬਦਲਣ ਬਾਰੇ ੲੇਨੇ ਚੇਤੰਨ ਸਨ ਕਿ ਉਹ ਨਵੇਂ ਨਗਰ ਵੀ ਵਸਾਉਂਦੇ ਰਹੇ। ਗੁਰੂ ਨਾਨਕ ਦੇਵ ਜੀ ਨੇ ਰਾਵੀ ਨਦੀ ਦੇ ਕਿਨਾਰੇ ਕਰਤਾਰਪੁਰ ਵਸਾਇਆ। ਗੁਰੂ ਅੰਗਦ ਦੇਵ ਖਡੂਰ ਸਾਹਿਬ ਆ ਬੈਠੇ। ਗੁਰੂ ਅਮਰਦਾਸ ਨੇ ਗੋਇੰਦਵਾਲ ਸਾਹਿਬ ਵਸਾਇਆ। ਗੁਰੂ ਰਾਮ ਦਾਸ ਨੇ ਅੰਮ੍ਰਿਤਸਰ ਵਸਾਇਆ। ਗੁਰੂ ਅਰਜਨ ਦੇਵ ਨੇ ਅੰਮ੍ਰਿਤਸਰ ਨੂੰ ਵਧਾਇਆ, ਨਾਲ-ਨਾਲ ਤਰਨ ਤਾਰਨ ਵਸਾਇਆ। ਹਰਿਗੋਬਿੰਦਪੁਰ ਕੀਰਤਪੁਰ ਤੇ ਆਨੰਦਪੁਰ ਅਗਲੇ ਗੁਰੂ ਸਾਹਿਬਾਨ ਨੇ ਵਸਾੲੇ।
ਜਦੋਂ ਕੋਈ ਲਹਿਰ ਰਿਆਇਆ ਦੀ ਜ਼ਿੰਦਗੀ ਇਸ ਹੱਦ ਤੱਕ ਬਦਲ ਰਹੀ ਹੋਵੇ ਤੇ ਬਦਲੇ ਵੀ ਸਮੇਂ ਦੀ ਰਾਜਨੀਤਕ ਸੱਤਾ ਦੇ ਮਾਲਕਾਂ ਦੇ ਦਖ਼ਲ ਤੋਂ ਬਗੈਰ, ਤਾਂ ਸੱਤਾਧਾਰੀ ਲੋਕ ਬੌਖਲਾ ਉੱਠਦੇ ਹਨ। ਜਹਾਂਗੀਰ ਨੇ ਇਸੇ ਕਰਕੇ ਤੁਜਕਿ-ਜਹਾਂਗੀਰੀ ਵਿਚ ਗੁਰੂ ਅਰਜਨ ਬਾਰੇ ਜ਼ਹਿਰ ਉਗਲੀ। ਉਸ ਦੇ ਸੰਗਠਨ ਨੂੰ ਝੂਠ ਦੀ ਦੁਕਾਨ (ਦੁਕਾਨਿ-ਦਰੋਗ਼) ਆਖਿਆ ਸੀ। ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ।
ਜੇ ਮੁਗ਼ਲ ਬਾਦਸ਼ਾਹ ਇਸ ਲਹਿਰ ਨੂੰ ਕੁਚਲਣ ਲਈ ਤਤਪਰ ਸਨ ਤਾਂ ਗੁਰੂ ਸਾਹਿਬਾਨ ਵੀ ਆਪਣੇ ਪੈਰੋਕਾਰਾਂ ਨੂੰ ਸੰਘਰਸ਼ ਅਤੇ ਟੱਕਰ ਲਈ ਤਿਆਰ ਕਰ ਰਹੇ ਸਨ। ਪਿਤਾ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਨੇ ਤਲਵਾਰ ਪਹਿਨ ਲਈ। ਫੌਜ ਰੱਖ ਲਈ। ਇਸ ਗੁਰੂ ਦੇ ਰੰਗ-ਢੰਗ ੲੇਨੇ ਬਦਲ ਗੲੇ ਕਿ ਭਾਈ ਗੁਰਦਾਸ ਦੇ ਲਿਖਣ ਮੁਤਾਬਿਕ ਆਮ ਸਿੱਖ ਵੀ ਹੈਰਾਨ ਹੋ ਕੇ ਸੋਚਦੇ ਕਿ ਸਾਡੇ ਗੁਰੂ ਦੀ ਲੀਲ੍ਹਾ ਕੀ ਹੈ?
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤਾਂ ਹਥਿਆਰਬੰਦ ਖਾਲਸਾ ਪੰਥ ਸਾਜ ਲਿਆ।
ਸਾਰੇ ਗੁਰੂ ਸਾਹਿਬਾਨ ਮੁਗਲਾਂ ਨਾਲ ਟਕਰਾੲੇ। ਪਰ ਉਹ ਇਸਲਾਮ ਦੇ ਵਿਰੁੱਧ ਨਹੀਂ ਸਨ। ਉਹ ਹਿੰਦੂ ਧਰਮ ਦੇ ਵੀ ਵਿਰੁੱਧ ਨਹੀਂ ਸਨ। ਗੁਰੂ ਗੋਬਿੰਦ ਸਿੰਘ ਦੀ ਫੌਜ ਵਿਚ ਮੁਸਲਮਾਨ ਰਹੇ। ਸਿੱਖ ਮਿਸਲਾਂ ਦੀਆਂ ਫੌਜਾਂ ਵਿਚ ਵੀ ਸਭ ਪੰਜਾਬੀ ਰਹੇ। ਰਣਜੀਤ ਸਿੰਘ ਨੇ ਤਾਂ ਸਚਮੁੱਚ ਹੀ ਸਭ ਪੰਜਾਬੀਆਂ ਨੂੰ ‘ਇਕ ਅੱਖ’ ਨਾਲ ਦੇਖਿਆ। ਉਸ ਵਿਚ ਰਾਜਿਆਂ ਵਾਲੀਆਂ ਭੈੜੀਆਂ ਪ੍ਰਵਿਰਤੀਆਂ ਵੀ ਸਨ, ਤਾਂ ਵੀ ਉਹ ਰਹਿਮ ਦਿਲ ‘ਸਾਂਝਾ ਪੰਜਾਬੀ ਰਾਜਾ’ ਸੀ।
ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਸ਼ਾਨਦਾਰ ਸੱਭਿਆਚਾਰਕ ਵਿਰਸੇ ਦਾ ਹਿੱਸੇ ਹਨ। ਇਸ ਵਿਰਸੇ ਵਿਚ ਪੰਜਾਬ ਵਿਚ ਰਚਿਆ ਗਿਆ ਰਿਗ ਵੇਦ ਵੀ ਸ਼ਾਮਿਲ ਹੈ। ਸੂਫੀ ਸੰਤ ਅਤੇ ਸੂਫੀ ਕਵੀ ਵੀ ਸ਼ਾਮਿਲ ਹਨ। ਸਮੁੱਚਾ ਪੰਜਾਬੀ ਸਾਹਿਤ ਪੰਜਾਬੀ ਸੱਭਿਆਚਾਰ ਦਾ ਅੰਗ ਹੈ। ਪਰ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਇਸ ਪੰਜਾਬੀ ਸੱਭਿਆਚਾਰ ਦੇ ਬ੍ਰਿਛ ਉੱਤੇ ਖਿੜੇ ਸਦਾ-ਬਹਾਰ ਫੁੱਲ ਹਨ।
ਪੰਜਾਬੀ ਲੋਕਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਲਹਿਰ ਨੇ ਸਰਗਰਮ ਸੰਘਰਸ਼ਸ਼ੀਲ (activist) ਲੋਕ ਬਣਾਇਆ। ਪੰਜਾਬੀ ਲੋਕ ਜ਼ੁਲਮ ਤੇ ਗੁਲਾਮੀ ਦੇ ਖਿਲਾਫ਼ ਲੜਨ ਲਈ ਸਦਾ ਤਤਪਰ ਰਹੇ। ਇਹ ਸਿੱਖ ਵਿਰਸੇ ਦਾ ਪ੍ਰਭਾਵ ਹੈ। 1917 ਦੇ ਇਨਕਲਾਬ ਤੋਂ ਬਾਅਦ ਖੱਬੇ-ਪੱਖੀ ਲਹਿਰ ਪੰਜਾਬ ਵਿਚ ਤੇਜ਼ੀ ਨਾਲ ਫੈਲੀ। ਪੰਜਾਬ ਦੀ ਕਮਿਊਨਿਸਟ ਲਹਿਰ ਵਿਚ ਰਲੇ ਸਭ ਫ਼ਿਰਕਿਆਂ ਦੇ ਲੋਕ, ਪਰ ਸਿੱਖ ਸਭ ਤੋਂ ਬਹੁਤੇ ਸ਼ਾਮਿਲ ਹੋੲੇ। ਇਹ ਵੀ ਸਿੱਖ ਵਿਰਸੇ ਦੀ ਹੱਕ ਇਨਸਾਫ਼ ਲਈ ਲੜਨ ਦੀ ਗੁੜ੍ਹਤੀ ਦਾ ਪ੍ਰਭਾਵ ਸੀ। ਸਾਨੂੰ ਅਫਸੋਸ ਹੈ, ਕਮਿਊਨਿਸਟ, ਮਾਰਕਸ ਤੇ ਲੈਨਿਨ ਵੱਲ ਬਹੁਤਾ ਦੇਖਦੇ ਰਹੇ। ਉਨ੍ਹਾਂ ਨੂੰ ਗੁਰੂ ਨਾਨਕ ਵੱਲ ਬਹੁਤਾ ਦੇਖਣਾ ਚਾਹੀਦਾ ਸੀ। ਪਰ ਹੁਣ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਿੱਖ ਲਹਿਰ ਸਬੰਧੀ ਕਰਵਾੲੇ ਗੲੇ ਸੈਮੀਨਾਰ ਨਾਲ ਇਹ ਗੱਲ ਮਹਿਸੂਸ ਹੋਈ ਹੈ ਕਿ ਪੰਜਾਬ ਦੇ ਕਮਿਊਨਿਸਟ ਹੁਣ ਸਿੱਖ ਲਹਿਰ ਦੇ ਹਾਂ-ਪੱਖੀ ਵਿਰਸੇ ਨੂੰ ਜਾਨਣ ਤੇ ਸਮਝਣ ਵਿਚ ਦਿਲਚਸਪੀ ਲੈਣ ਲੱਗੇ ਹਨ। ਆਉਣ ਵਾਲਾ ਸਮਾਂ ਦੱਸੇਗਾ ਉਹ ਇਸ ਦਿਸ਼ਾ ਵਿਚ ਕਿੰਨਾ ਕੁ ਅੱਗੇ ਤੁਰਦੇ ਹਨ। ਅੱਜ ਵੀ ਗੁਰੂ ਨਾਨਕ ਪੰਜਾਬੀਆਂ ਦਾ ਸਭ ਤੋਂ ਵੱਡਾ ਰਹਿਬਰ ਅਤੇ ਪ੍ਰੇਰਨਾ ਦਾ ਸੋਮਾ ਹੈ।
ਪਿਆਰਾ ਸਿੰਘ ਭੋਗਲ।
(ਰੋਜ਼ਾਨਾ ਅਜੀਤ ਜਲੰਧਰ)
Subscribe to:
Post Comments (Atom)
No comments:
Post a Comment