25 May, 2007

ਕਸਰਤ ਕਰੋ ਜੇ ਮਾਨਸਿਕ ਰੋਗਾਂ ਤੋਂ ਬਚਣਾ ਹੈ

ਅੱਜ ਪੂਰੀ ਦੁਨੀਆ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਰੇਕ ਵਿਅਕਤੀ ਨਿਰਾਸ਼, ਸ਼ਾਂਤ, ਚਿੰਤਤ ਤੇ ਥੱਕਿਆ ਹੋਇਆ ਦਿਖਾਈ ਦਿੰਦਾ ਹੈ। ਇਨ੍ਹਾਂ ਮਾਨਸਿਕ ਰੋਗੀਆਂ ਵਿਚ ਸਭ ਤੋਂ ਵੱਡੀ ਗਿਣਤੀ ਹੈ ਅੱਜ ਦੇ ਨੌਜਵਾਨ ਅਤੇ ਮੁਟਿਆਰਾਂ ਦੀ। ਪੜ੍ਹਾਈ-ਲਿਖਾਈ ਨੂੰ ਲੈ ਕੇ ਕੈਰੀਅਰ ਬਣਾਉਣ ਤੱਕ ਦੀ ਚਿੰਤਾ ਤੋਂ ਫਿਕਰਮੰਦ ਅੱਜ ਦੇ ਨੌਜਵਾਨ ਵਰਗ ਦੇ ਮੁਖੜੇ ਦੀ ਲਾਲੀ ਅਲੋਪ ਹੁੰਦੀ ਜਾ ਰਹੀ ਹੈ। ਚਿੰਤਾ ਕਾਰਨ ਉਨ੍ਹਾਂ ਵਿਚ ਅਨੇਕਾਂ ਬਿਮਾਰੀਆਂ ਪੈਦਾ ਹੋਣ ਲੱਗ ਜਾਂਦੀਆਂ ਹਨ, ਨਤੀਜੇ ਵਜੋਂ ਉਹ ਹਾਈ ਬਲੱਡ ਪ੍ਰੈਸ਼ਰ, ਘੱਟ ਬਲੱਡ ਪ੍ਰੈਸ਼ਰ, ਕਮਜ਼ੋਰੀ ਆਦਿ ਦਾ ਸ਼ਿਕਾਰ ਹੋ ਜਾਂਦੇ ਹਨ।
ਵੈਸੇ ਅੱਜਕਲ੍ਹ ਹਤਾਸ਼ਾ ਤੇ ਨਿਰਾਸ਼ਾ ਦਾ ਸਾਹਮਣਾ ਲੋਕਾਂ ਨੂੰ ਪੈਰ-ਪੈਰ ’ਤੇ ਕਰਨਾ ਪੈਂਦਾ ਹੈ ਪਰ ਨੌਜਵਾਨ ਜਿਨ੍ਹਾਂ ਨੂੰ ਆਪਣੇ ਕੈਰੀਅਰ ਦੀ ਚਿੰਤਾ ਹੁੰਦੀ ਹੈ, ਉਹ ਦਿਨ ਪ੍ਰਤੀ ਦਿਨ ਆਪਣੀ ਸਿਹਤ ਨੂੰ ਬਰਬਾਦ ਕਰਦੇ ਰਹਿੰਦੇ ਹਨ। ਕੈਰੀਅਰ ਨਿਰਮਾਣ ਹਰ ਅਵਸਥਾ ਵਿਚ ਜ਼ਰੂਰੀ ਹੈ ਪਰ ਸਿਹਤ ਪ੍ਰਤੀ ਲਾਪ੍ਰਵਾਹੀ ਚੰਗੀ ਨਹੀਂ ਹੁੰਦੀ।
ਨੌਜਵਾਨ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਵੀ ਬਿਸਤਰ ’ਤੇ ਸੁੱਤੇ ਰਹਿੰਦੇ ਹਨ। ਸੂਰਜ ਚੜ੍ਹਨ ਤੋਂ ਪਹਿਲਾਂ ਉਠ ਕੇ ਨਿਤਕ੍ਰਮ ਤੋਂ ਨਵਿਰਤ ਹੋਣ ਵਾਲੇ ਨੌਜਵਾਨ ਦਿਨ ਭਰ ਤਾਜ਼ਗੀ ਮਹਿਸੂਸ ਕਰਦੇ ਹਨ। ਇਸ ਲਈ ਨਿਰਾਸ਼ਾ ਤੋਂ ਬਚਣ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਉਠਣ ਦੀ ਆਦਤ ਪਾਉਣੀ ਚਾਹੀਦੀ ਹੈ।
ਸਵੇਰ ਦੀ ਸੈਰ ਸਰੀਰ ਦੇ ਲਈ ਬਹੁਤ ਉੱਤਮ ਹੁੰਦੀ ਹੈ। ਘੱਟੋ-ਘੱਟ ਦੋ ਕਿਲੋਮੀਟਰ ਤੱਕ ਹਰ ਰੋਜ਼ ਘੁੰਮਣ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉਥੇ ਦਿਮਾਗ ਨੂੰ ਵੀ ਤਾਜ਼ਗੀ ਮਿਲਦੀ ਹੈ। ਅੱਖਾਂ ਦੀ ਰੌਸ਼ਨੀ ਲਈ ਸਵੇਰ ਦੀ ਸੈਰ ਸੰਜੀਵਨੀ ਸਮਾਨ ਹੁੰਦੀ ਹੈ। ਹਰ ਰੋਜ਼ ਨੰਗੇ ਪੈਰ ਟਹਿਲਣ ਵਾਲਿਆਂ ਦੀਆਂ ਅੱਖਾਂ ’ਤੇ ਚਸ਼ਮਾ ਛੇਤੀ ਨਹੀਂ ਲਗਦਾ।
ਕਸਰਤ ਅਤੇ ਯੋਗਾ ਦੇ ਨਾਲ ਹੀ ਸਰੀਰ ਵਿਚ ਤੇਲ ਮਾਲਿਸ਼ ਕਰਨ ਵਾਲਿਆਂ ਦੇ ਕੋਲੋਂ ਬਿਮਾਰੀਆਂ ਕੋਹਾਂ ਦੂਰ ਭੱਜਦੀਆਂ ਹਨ। ਅਖਾੜੇ ਵਿਚ ਜਾ ਕੇ ਕੁਸ਼ਤੀ ਦਾ ਅਭਿਆਸ ਕਰਨ, ਸੂਰਜ ਨਮਸਕਾਰ, ਪਦਮ ਆਸਣ, ਤ੍ਰਿਕੋਣ ਆਸਣ, ਸ਼ਵ ਆਸਣ ਆਦਿ ਦਾ ਅਭਿਆਸ ਹਰ ਰੋਜ਼ ਕਰਨ ਨਾਲ ਜਿਥੇ ਸਰੀਰ ਦੀ ਸੁੰਦਰਤਾ ਵਧਦੀ ਹੈ, ਉਥੇ ਅੰਗ ਵੀ ਰਿਸ਼ਟ-ਪੁਸ਼ਟ ਹੁੰਦੇ ਹਨ, ਨਾਲ ਹੀ ਯਾਦ ਸ਼ਕਤੀ ਵੀ ਤੇਜ਼ ਹੁੰਦੀ ਹੈ।
ਆਧੁਨਿਕਤਾ ਦੇ ਚੱਕਰ ਵਿਚ ਪੈ ਕੇ ਅੱਜ ਦਾ ਨੌਜਵਾਨ ਵਰਗ ਤੇਲ ਮਾਲਿਸ਼ ਤੋਂ ਨੱਸਦਾ ਜਾ ਰਿਹਾ ਹੈ। ਤੇਲ ਮਾਲਿਸ਼ ਨਾਲ ਸਰੀਰ ਦੇ ਅੰਗਾਂ ਦੀ ਥਕਾਨ ਮਿਟ ਜਾਂਦੀ ਹੈ, ਪੱਠੇ ਮਜ਼ਬੂਤ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਤੇਲ ਮਾਲਿਸ਼ ਨਾਲ ਪੌਸ਼ਟਿਕਤਾ ਮਿਲਦੀ ਹੈ।
ਖਾਣ-ਪੀਣ ’ਤੇ ਕਾਬੂ ਰੱਖ ਕੇ ਨੌਜਵਾਨ ਆਪਣੇ ਦਿਮਾਗ ਨੂੰ ਤੇਜ਼ ਕਰ ਸਕਦੇ ਹਨ। ਸਵੇਰੇ ਜਲਦੀ ਉਠ ਕੇ ਚਾਹ ਪੀਣ ਦੀ ਆਦਤ ਨੂੰ ਤਿਆਗ ਦੇਣਾ ਚਾਹੀਦਾ ਹੈ। ਵਧੇਰੇ ਖੱਟੇ-ਮਿੱਠੇ ਪਦਾਰਥਾਂ ਦਾ ਸੇਵਨ ਜਾਂ ਫਾਸਟ ਫੂਡ ਵਧੇਰੇ ਪ੍ਰਯੋਗ ਕਰਨ ਨਾਲ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ। ਕਬਜ਼ ਕਾਰਨ ਪੇਟ ਰੋਗ, ਸੁਪਨਦੋਸ਼, ਸ਼ਵੇਤ ਪ੍ਰਦਰ, ਜਾਂਡਿਸ ਆਦਿ ਹੁੰਦੇ ਹਨ ਜੋ ਜਵਾਨੀ ਲਈ ਗ੍ਰਹਿਣ ਸਿੱਧ ਹੁੰਦੇ ਹਨ।
ਸਵੇਰੇ ਜਲਦੀ ਉਠ ਕੇ ਪੁੰਗਰੇ ਅਨਾਜ ਲੈਣ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਹਰ ਰੋਜ਼ ਸਵੇਰੇ ਇਕ ਗਿਲਾਸ ਗਾਂ ਦਾ ਦੁੱਧ ਜਾਂ ਸੰਤਰੇ ਦਾ ਰਸ ਪੀਣ ਵਾਲੇ ਨੌਜਵਾਨ ਸਰੀਰਕ ਤੇ ਮਾਨਸਿਕ ਸ਼ਕਤੀਆਂ ਨੂੰ ਬਣਾਈ ਰੱਖਣ ਵਿਚ ਸਮਰੱਥ ਹੁੰਦੇ ਹਨ।
ਨ੍ਰਿਤ ਅਤੇ ਸੰਗੀਤ ਇਕ ਅਜਿਹੀ ਵਿਧਾ ਹੈ, ਜੋ ਸਰੀਰ ਅਤੇ ਮਨ ਦੋਹਾਂ ਨੂੰ ਹੀ ਤਣਾਅ ਤੋਂ ਮੁਕਤ ਰੱਖਦੀ ਹੈ। ਨ੍ਰਿਤ ਅਤੇ ਸੰਗੀਤ ਦੇ ਲਈ ਵੀ ਨਿਯਮਤ ਰੂਪ ਨਾਲ ਕੁਝ ਸਮਾਂ ਕੱਢਣਾ ਚਾਹੀਦਾ ਹੈ।
ਨੌਜਵਾਨਾਂ ਨੂੰ ਪ੍ਰਦੂਸ਼ਣਯੁਕਤ ਵਾਤਾਵਰਨ ਤੋਂ ਜਿਥੋਂ ਤੱਕ ਸੰਭਵ ਹੋਵੇ, ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਪ੍ਰਦੂਸ਼ਣ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ। ਅੱਜਕਲ੍ਹ ਹੋਰਨਾਂ ਪ੍ਰਦੂਸ਼ਣਾਂ ਵਾਂਗ ਵਿਚਾਰ ਪ੍ਰਦੂਸ਼ਣ ਦਾ ਘੇਰਾ ਵੀ ਬੇਹੱਦ ਵਧਦਾ ਜਾ ਰਿਹਾ ਹੈ। ਵਿਚਾਰਕ ਪ੍ਰਦੂਸ਼ਣ ਹੀ ਹੱਤਿਆ, ਬਲਾਤਕਾਰ ਆਦਿ ਨੂੰ ਜਨਮ ਦਿੰਦਾ ਹੈ। ਯੁਵਾ ਸ਼ਕਤੀ ਦੀ ਊਰਜਾ ਇਸ ਪ੍ਰਦੂਸ਼ਣ ਵਿਚ ਫਸ ਕੇ ਅੱਤਵਾਦੀ ਬਣਦੀ ਜਾ ਰਹੀ ਹੈ। ਇਸ ਲਈ ਵਿਚਾਰ ਪ੍ਰਦੂਸ਼ਣ ਤੋਂ ਮੁਕਤ ਹੋ ਕੇ ਕੈਰੀਅਰ ਦੇ ਨਿਰਮਾਣ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

(ਰੋਜ਼ਾਨਾ ਅਜੀਤ)

No comments: