31 May, 2007

ਸਿੰਘ ਸਾਹਿਬਾਨ ਦੇ ਫੁਰਮਾਨ ਤੋਂ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ-ਸੁਆਮੀ

‘ਡੇਰਾ ਮੁਖੀ’ ਦੀ ਹੋਸ਼ ਟਿਕਾਣੇ ਆ ਜਾਵੇਗੀ

ਪੰਜਾਬ ਤੋਂ ਖੂਨੀ ਟਕਰਾਅ ਟਲ ਗਿਆ

ਸਰਵ ਧਰਮ ਪ੍ਰਤੀਨਿਧ ਮੰਡਲ ਦੇ ਆਗੂ ਸੁਆਮੀ ਅਗਨੀਵੇਸ਼ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਸਿਰਸਾ ਡੇਰੇ ਦੇ ਵਿਵਾਦ ਨੂੰ ਹੱਲ ਕਰਨ ਲਈ ਕੱਲ੍ਹ ਅੰਮ੍ਰਿਤਸਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਉਨ੍ਹਾਂ ਦੇ ਸਾਥੀ ਸਿੰਘ ਸਾਹਿਬਾਨ ਨੇ ਜੋ ਫੁਰਮਾਨ ਜਾਰੀ ਕੀਤਾ ਹੈ, ਮੈਂ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ, ਕਿਉਂਕਿ ਇਸ ਨਾਲ ‘ਖੂਨੀ ਟਕਰਾਅ’ ਟਲ ਗਿਆ ਹੈ। ਇਹ ਫੁਰਮਾਨ ਉਨ੍ਹਾਂ ਸਾਜ਼ਿਸ਼ੀ ਲੋਕਾਂ ਦੇ ਮੂੰਹ ’ਤੇ ਕਰਾਰਾ ਥੱਪੜ ਹੈ ਜੋ ਇਕ ਵਾਰ ਫਿਰ ਪੰਜਾਬ ਨੂੰ ਕਾਲੇ ਦੌਰ ਵਿਚ ਧੱਕਣਾ ਚਾਹੁੰਦੇ ਸਨ। ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹੋੲੇ ਇਸ ਪ੍ਰਸਿੱਧ ਆਰੀਆ ਸਮਾਜੀ ਆਗੂ ਨੇ ਕਿਹਾ ਕਿ ਇਹ ਫੁਰਮਾਨ ਉਨ੍ਹਾਂ ਲੋਕਾਂ ਦੀ ਜਿੱਤ ਹੈ ਜੋ ਪੰਜਾਬ ਵਿਚ ਅਮਨ-ਚੈਨ ਤੇ ਸੱਤੇ ਖੈਰਾਂ ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਸ ਫੁਰਮਾਨ ’ਤੇ ਲਗਨ ਤੇ ਇਮਾਨਦਾਰੀ ਨਾਲ ਅਮਲ ਕਰਨ ਸਮੇਂ ਉਕਤ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਹੋਸ਼ ਟਿਕਾਣੇ ਆ ਜਾਵੇਗੀ। ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਸਮੇਂ ਮੁਆਫੀ ਮੰਗਣ ਲਈ ਨਿਮਰਤਾ ਨਹੀਂ ਦਿਖਾਈ। ਵਾਹਿਗੁਰੂ ਉਸ ਨੂੰ ਸੁਮੱਤ ਬਖਸ਼ੇ, ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੇ ‘ਗੁਰਮਤਿ ਲਹਿਰ’ ਚਲਾਉਣ ਦਾ ਜੋ ਸੰਦੇਸ਼ ਦਿੱਤਾ ਹੈ, ਉਸ ਨਾਲ ਉਨ੍ਹਾਂ ਲੋਕਾਂ ਲਈ ਆਪੋ-ਆਪਣੇ ਧਰਮ ਵਿਚ ਵਾਪਸ ਆਉਣ ਦਾ ਰਸਤਾ ਖੁੱਲ੍ਹ ਜਾੲੇਗਾ। ਉਨ੍ਹਾਂ ਇਸ ਗੱਲ ’ਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਸਿੰਘ ਸਾਹਿਬਾਨ ਨੇ ਭੁਲੱਕੜ ਲੋਕਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਵਾਪਸ ਲਿਆਉਣ ਲਈ ਪ੍ਰੇਰਨਾ ਤੇ ਕਾਨੂੰਨੀ ਰਸਤਾ ਦਿਖਾਇਆ ਹੈ। ਹੁਣ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਹੈ ਕਿ ਉਹ ਉਕਤ ਡੇਰੇ ਦੇ ‘ਪ੍ਰੇਮੀਆਂ’ ਨੂੰ ਗੁਰਮਤ ਲਹਿਰ ਰਾਹੀਂ ਖਾਲਸਾ ਪੰਥ ਵਿਚ ਵਾਪਸ ਲਿਆੲੇ। ਇਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਸੁਆਮੀ ਅਗਨੀਵੇਸ਼ ਦਾ ਕਹਿਣਾ ਸੀ ਕਿ ਸਿੰਘ ਸਾਹਿਬਾਨ ਦੇ ਫੁਰਮਾਨ ਤੋਂ ਦੋਵਾਂ ਫਰੀਕਾਂ ਦੀ ਗੱਲ ਮੰਨ ਲਈ ਗਈ ਹੈ। ਇਸ ਨਾਲ ਕਿਸੇ ਦੀ ਹੇਠੀ ਨਹੀਂ ਹੋਈ। ਇਥੇ ਇਹ ਗੱਲ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ ਕਿ ਸੁਆਮੀ ਅਗਨੀਵੇਸ਼ ਉਨ੍ਹਾਂ ਕੁਝ ਇਕ ਸ਼ਖਸੀਅਤਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਉਕਤ ਡੇਰਾ ਮੁਖੀ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਸੁਆਮੀ ਅਗਨੀਵੇਸ਼ ਦੀ ਰਾੲੇ ਹੈ ਕਿ ਇਸ ਨਾਜ਼ੁਕ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਸਮਝਦਾਰੀ, ਸੰਜਮ ਤੇ ਠਰ੍ਹੰਮੇ ਤੋਂ ਕੰਮ ਲਿਆ, ਉਹ ਵੀ ਪ੍ਰਸੰਸਾਯੋਗ ਹੈ। ਉਨ੍ਹਾਂ ਦੀ ਸਰਕਾਰ ਲਈ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨਿਕਟ ਭਵਿੱਖ ਵਿਚ ਕੀ ਕਰਦਾ ਹੈ, ਕਿਉਂਕਿ ਉਹ ਹੱਤਿਆ ਅਤੇ ਜਬਰ ਜਿਨਾਹ ਦੇ ਕੇਸਾਂ ਵਿਚ ਬੁਰੀ ਤਰ੍ਹਾਂ ਉਲਝਿਆ ਪਿਆ ਹੈ। ਇਸ ਬਾਰੇ ਭਾਰਤ ਸਰਕਾਰ ਨੂੰ ਹਰ ਤਰ੍ਹਾਂ ਦੀ ਪੂਰੀ-ਪੂਰੀ ਜਾਣਕਾਰੀ ਹੈ। ਸੀ. ਬੀ. ਆਈ. ਵਾਲੇ ਵੀ ਇਸ ਡੇਰਾ ਮੁਖੀ ਦੀਆਂ ਸਰਗਰਮੀਆਂ ’ਤੇ ਬਾਰੀਕੀ ਨਾਲ ਨਜ਼ਰ ਲਾਈ ਬੈਠੇ ਹਨ।

No comments: